ਹਰਿਆਣਾ ਦੇ ਸਰਸਾ ’ਚ ਦਰਜ਼ ਹੋਇਆ 46.7 ਡਿਗਰੀ ਤਾਪਮਾਨ (Heat Wave)
(ਸੁਖਜੀਤ ਮਾਨ) ਬਠਿੰਡਾ। Heat Wave ਸਰਦੀ ’ਚ ਠੁਰ-ਠੁਰ ਕਰਨ ਵੇਲੇ ਗਰਮੀ ਉਡੀਕਣ ਵਾਲਿਆਂ ਦੀ ਹੁਣ ਗਰਮੀ ਨੇ ਤੌਬਾ ਕਰਵਾ ਦਿੱਤੀ ਹੈ ।ਮਹਿੰਗਾਈ ਵਾਂਗ ਪਾਰਾ ਵੀ ਦਿਨੋਂ-ਦਿਨ ਵਧ ਰਿਹਾ ਹੈ ਇਸ ਵਰ੍ਹੇ ਮਾਨਸੂਨ ਜਲਦੀ ਆਉਣ ਦੀ ਸੰਭਾਵਨਾ ਮੌਸਮ ਵਿਭਾਗ ਨੇ ਪ੍ਰਗਟਾਈ ਹੈ ਪਰ ਹਾਲ ਦੀ ਘੜੀ ਲੋਕ ਗਰਮੀ ਕਾਰਨ ਤੜਫੇ ਪਏ ਹਨ। ਗਰਮੀ ਕਾਰਨ ਮਜ਼ਦੂਰਾਂ ਹੱਥੋਂ ਰੁਜ਼ਗਾਰ ਖੁੱਸ ਗਿਆ ਤੇ ਬਜ਼ਾਰਾਂ ’ਚ ਵੀ ਦੁਪਹਿਰ ਵੇਲੇ ਸੜਕਾਂ ’ਤੇ ਸੁੰਨ ਪਸਰੀ ਹੁੰਦੀ ਹੈ। ਆਉਂਦੇ ਦਿਨਾਂ ਤੱਕ ਵੀ ਇਸ ਗਰਮੀ ਤੋਂ ਹਾਲੇ ਖਹਿੜਾ ਛੁੱਟਦਾ ਦਿਖਾਈ ਨਹੀਂ ਦੇ ਰਿਹਾ।
ਹਰਿਆਣਾ ’ਚੋਂ ਸਰਸਾ 46.7 ਡਿਗਰੀ ਨਾਲ ਸਭ ਤੋਂ ਜ਼ਿਆਦਾ ਗਰਮ
ਭਾਰਤੀ ਮੌਸਮ ਵਿਭਾਗ ਦੇ ਚੰਡੀਗੜ੍ਹ ਸਥਿਤ ਦਫ਼ਤਰ ਵੱਲੋਂ ਤਾਪਮਾਨ ਸਬੰਧੀ ਜੋ ਅੰਕੜੇ ਜਾਰੀ ਕੀਤੇ ਗਏ ਹਨ। ਉਨ੍ਹਾਂ ਮੁਤਾਬਿਕ ਬੀਤੇ 24 ਘੰਟਿਆਂ ’ਚ ਪੰਜਾਬ ’ਚੋਂ ਬਠਿੰਡਾ ਵੱਧ ਤੋਂ ਵੱਧ ਤਾਪਮਾਨ 46.4 ਡਿਗਰੀ ਨਾਲ ਅਤੇ ਹਰਿਆਣਾ ’ਚੋਂ ਸਰਸਾ 46.7 ਡਿਗਰੀ ਨਾਲ ਸਭ ਤੋਂ ਜ਼ਿਆਦਾ ਗਰਮ ਰਹੇ। ਇਸ ਤੋਂ ਇਲਾਵਾ ਅੰਮ੍ਰਿਤਸਰ 43.9 ਡਿਗਰੀ, ਚੰਡੀਗੜ੍ਹ 44.8 ਡਿਗਰੀ, ਫਿਰੋਜ਼ਪੁਰ 43.3 ਡਿਗਰੀ, ਜਲੰਧਰ 43.1 ਡਿਗਰੀ, ਲੁਧਿਆਣਾ 44.2, ਪਠਾਨਕੋਟ 44.6 ਅਤੇ ਪਟਿਆਲਾ ’ਚ 45 ਡਿਗਰੀ ਤਾਪਮਾਨ ਦਰਜ਼ ਕੀਤਾ ਗਿਆ ਹਰਿਆਣਾ ’ਚ ਅੰਬਾਲਾ 43.8 ਡਿਗਰੀ, ਭਿਵਾਨੀ 44 ਡਿਗਰੀ, ਫਰੀਦਾਬਾਦ 46.3 ਡਿਗਰੀ, ਗੁਰੂਗ੍ਰਾਮ 45.5 ਡਿਗਰੀ, ਹਿਸਾਰ 45.6 ਡਿਗਰੀ, ਨਾਰਨੌਲ 46 ਡਿਗਰੀ ਅਤੇ ਰੋਹਤਕ 45.2 ਡਿਗਰੀ ਰਿਹਾ ਮੌਸਮ ਵਿਭਾਗ ਨੇ ਜੋ ਅਗਾਂਊ ਜਾਣਕਾਰੀ ਦਿੱਤੀ ਹੈ। Heat Wave

ਇਹ ਵੀ ਪੜ੍ਹੋ: ਮੁੱਖ ਮੰਤਰੀ ਮਾਨ ਦਾ ਰੋਡ ਸ਼ੋਅ, ਮਹਿਲਾਵਾਂ ਨੂੰ ਇੱਕ ਹਜ਼ਾਰ ਰੁਪਏ ਦੇਣ ਬਾਰੇ ਦਿੱਤੀ ਖੁਸ਼ਖਬਰੀ
ਉਸ ਮੁਤਾਬਿਕ ਆਉਣ ਵਾਲੇ ਕੁੱਝ ਦਿਨਾਂ ਤੱਕ ਅਜਿਹਾ ਹੀ ਖੁਸ਼ਕੀ ਵਾਲਾ ਗਰਮ ਮੌਸਮ ਬਣਿਆ ਰਹੇਗਾ ਤੇ ਤਾਪਮਾਨ ’ਚ ਹੋਰ ਵਾਧੇ ਦੀ ਸੰਭਾਵਨਾ ਹੈ। ਗਰਮੀ ਦੇ ਇਸ ਮੌਸਮ ’ਚ ਸਭ ਤੋਂ ਜ਼ਿਆਦਾ ਮਾਰ ਰੋਜ਼ਾਨਾ ਦੇ ਕੰਮ ਧੰਦਿਆਂ ਲਈ ਪਿੰਡਾਂ ਤੋਂ ਸ਼ਹਿਰਾਂ ਅਤੇ ਸ਼ਹਿਰਾਂ ਤੋਂ ਪਿੰਡਾਂ ’ਚ ਜਾਣ ਵਾਲਿਆਂ ਅਤੇ ਖੇਤਾਂ ’ਚ ਕੰਮ ਕਰਦੇ ਕਿਸਾਨਾਂ ਨੂੰ ਝੱਲਣੀ ਪੈ ਰਹੀ ਹੈ। ਸ਼ਹਿਰਾਂ ਦੇ ਲੇਬਰ ਚੌਂਕਾਂ ’ਚ ਖੜ੍ਹਨ ਵਾਲੇ ਮਜ਼ਦੂਰ ਸਾਰਾ ਦਿਨ ਗਰਮ ਹਵਾਵਾਂ ਝੱਲਦੇ ਰਹਿੰਦੇ ਹਨ ਪਰ ਕੰਮਾ ’ਚ ਖੜ੍ਹੋਤ ਕਾਰਨ ਖਾਲੀ ਹੱਥ ਘਰਾਂ ਨੂੰ ਪਰਤਣਾ ਪੈਂਦਾ ਹੈ। ਸ਼ਹਿਰੀ ਖੇਤਰਾਂ ’ਚ ਸਿਖਰ ਦੁਪਹਿਰੇ ਅਜਿਹੇ ਹਾਲਾਤ ਬਣ ਜਾਂਦੇ ਹਨ ਕਿ ਸੁੰਨੀਆਂ ਸੜਕਾਂ ’ਤੇ ਕਰਫਿਊ ਦਾ ਭੁਲੇਖਾ ਪੈਂਦਾ ਹੈ। ਨਿੱਜੀ ਬੱਸ ਚਾਲਕ ਵੀ ਗਰਮੀ ਦੇ ਕਹਿਰ ਕਾਰਨ ਸਵਾਰੀਆਂ ਨੂੰ ਤਰਸਣ ਲੱਗੇ ਹਨ ਠੰਢੇ ਸੋਢੇ ਅਤੇ ਬਰਫ ਵੇਚਣ ਵਾਲਿਆਂ ਦੀ ਪਿੰਡਾਂ-ਸ਼ਹਿਰਾਂ ’ਚ ਚਾਂਦੀ ਹੈ। Heat Wave
ਸਬਜੀ ਮੰਡੀ ’ਚ ਸਬਜ਼ੀਆਂ ਤੋਂ ਇਲਾਵਾ ਤਰਬੂਜ ਅਤੇ ਖਰਬੂਜੇ ਦੀ ਵਿਕਰੀ ਜ਼ਿਆਦਾ ਹੋ ਰਹੀ ਹੈ ਭਾਕਿਯੂ ਉਗਰਾਹਾਂ ਦੇ ਕਿਸਾਨ ਆਗੂ ਜਸਵੀਰ ਸਿੰਘ ਬੁਰਜ ਸੇਮਾ ਨੇ ਦੱਸਿਆ ਕਿ ਖੇਤੀ ਸੈਕਟਰ ’ਚ ਸਾਉਣੀ ਦੀਆਂ ਨਿੱਕਲਦੀਆਂ ਫਸਲਾਂ ਨੂੰ ਹੀ ਗਰਮੀ ਝੰਬਣ ਲੱਗ ਪਈ ਜ਼ਿਆਦਾ ਮਾਰ ਮੂੰਗੀ, ਨਰਮੇ ਅਤੇ ਸਬਜ਼ੀਆਂ ਤੋਂ ਇਲਾਵਾ ਹਰੇ-ਚਾਰੇ ਨੂੰ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਪੁੰਗਰਦੇ ਨਰਮੇ ਨੂੰ ਗਰਮ ਹਵਾਵਾਂ ਪਈਆਂ ਤਾਂ ਉਸ ਨੂੰ ਪਾਲਣਾ ਬਹੁਤ ਔਖਾ ਹੋ ਜਾਵੇਗਾ।

ਸਿਹਤ ਵਿਭਾਗ ਨੇ ਜਾਰੀ ਕੀਤਾ ਅਲਰਟ
ਮੌਸਮ ਵਿਭਾਗ ਵੱਲੋਂ ਆਗਾਮੀ ਦਿਨਾਂ ਵਿੱਚ ਤਾਪਮਾਨ ਵਿੱਚ ਹੋਣ ਵਾਲੇ ਵਾਧੇ ਸਬੰਧੀ ਲਗਾਏ ਅਨੁਮਾਨ ਨੂੰ ਧਿਆਨ ਵਿੱਚ ਰੱਖਦਿਆਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਵੀ ਲੋਕਾਂ ਨੂੰ ਗਰਮੀ ਦੇ ਕਹਿਰ ਤੋਂ ਬਚਾਉਣ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਸਿਹਤ ਮਾਹਿਰਾਂ ਨੇ ਦੱਸਿਆ ਕਿ ਜੇਕਰ ਕਿਸੇ ਮੈਦਾਨੀ ਖੇਤਰ ਦਾ ਤਾਪਮਾਨ 40 ਡਿਗਰੀ ਜਾਂ ਇਸ ਤੋਂ ਵੱਧ ਤੱਕ ਪਹੁੰਚ ਜਾਂਦਾ ਹੈ, ਤਾਂ ਇਸ ਸਥਿਤੀ ਨੂੰ ਗਰਮੀ ਦੀ ਲਹਿਰ ਕਿਹਾ ਜਾਂਦਾ ਹੈ।
ਇਹ ਉੱਚ ਤਾਪਮਾਨ ਸਰੀਰ ਦੇ ਤਾਪਮਾਨ ਨਿਯੰਤ੍ਰਣ ਪ੍ਰਣਾਲੀ ਨੂੰ ਵਿਗਾੜਦਾ ਹੈ ਅਤੇ ਗਰਮੀ ਨਾਲ ਸਬੰਧਤ ਬਿਮਾਰੀਆਂ ਦਾ ਕਾਰਨ ਬਣਦਾ ਹੈ। ਅਜਿਹੇ ਮੌਸਮ ’ਚ ਆਮ ਲੋਕਾਂ ਦੇ ਨਾਲ-ਨਾਲ ਖਾਸ ਕਰਕੇ ਉਹਨਾਂ ਲੋਕਾਂ, ਜਿਹੜੇ ਜੋਖਮ ਸ਼੍ਰੇਣੀ (ਨਵਜੰਮੇ ਤੇ ਛੋਟੇ ਬੱਚੇ, ਗਰਭਵਤੀ ਔਰਤਾਂ, ਬਜ਼ੁਰਗ) ਵਿੱਚ ਆਉਂਦੇ ਹਨ, ਉਹਨਾਂ ਨੂੰ ਚੌਕਸ ਰਹਿਣ ਦੀ ਲੋੜ ਹੈ। ਘਰੋਂ ਬਾਹਰ ਕੰਮ ਲਈ ਜਾਣ ਮੌਕੇ ਹਰ ਕੋਈ ਆਪਣੇ ਨਾਲ ਪਾਣੀ ਜ਼ਰੂਰ ਲੈ ਕੇ ਚੱਲੇ ਅਤੇ ਦਿਨ ਭਰ ’ਚ ਵੱਧ ਤੋਂ ਵੱਧ ਪਾਣੀ ਪੀਤਾ ਜਾਵੇ ਜੋ ਗਰਮੀ ਤੋਂ ਬਚਾਅ ਲਈ ਫਾਇਦੇਮੰਦ ਹੈ।