ਪੰਜਾਬ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ
(ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਸੰਗਰੂਰ। ਸਿਹਤ ਵਿਭਾਗ ਦੇ ਐੱਨਐੱਚਐੱਮ ਮੁਲਾਜ਼ਮ ਅੱਜ ਆਪਣੀਆਂ ਮੰਗਾਂ ਦੇ ਹੱਕ ਵਿੱਚ ਸਰਕਾਰੀ ਹਸਪਤਾਲ ਦੀ ਛੱਤ ਤੇ ਜਾ ਚੜ੍ਹੇ ਜਿਸ ਕਾਰਨ ਹਸਪਤਾਲ ਅਧਿਕਾਰੀਆਂ ਵਿੱਚ ਭਾਜੜ ਪੈ ਗਈ। ਕਰਮੀਆਂ ਵਲੋਂ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪ੍ਰਰਦਸ਼ਨਕਾਰੀਆਂ ਨੇ ਕਿਹਾ ਕਿ ਉਹ ਸਿਹਤ ਵਿਭਾਗ ਪੰਜਾਬ ਸਰਕਾਰ ਅਧੀਨ ਕੰਮ ਕਰ ਰਹੇ ਐੱਨਐੱਚਐੱਮ ਕਰਮਚਾਰੀਆਂ ਦੀ 16 ਨਵੰਬਰ 2021 ਤੋਂ ਕੀਤੀ ਗਈ ਹੜਤਾਲ ਲਗਾਤਾਰ ਚੱਲ ਰਹੀ ਹੈ, ਜਿਸ ਕਾਰਨ ਪੰਜਾਬ ਭਰ ਦੀਆਂ ਸਿਹਤ ਸੇਵਾਵਾ ਜਿਵੇਂ ਟੀਕਾਕਰਨ, ਕਰੋਨਾ ਸੈਂਪਲਿੰਗ ਆਦਿ ਪ੍ਰਭਾਵਿਤ ਹੋ ਰਹੀਆਂ ਹਨ ਉਨ੍ਹਾਂ ਕਿਹਾ ਕਿ ਪੰਜਾਬ ਰਾਜ ਦੇ ਸਾਰੇ ਜ਼ਿਲ੍ਹਿਆਂ ਦੇ ਐੱਨਐੱਚਐੱਮ ਕਾਮੇ ਇਸ ਆਰ-ਪਾਰ ਦੀ ਲੜਾਈ ਵਿੱਚ ਕੁੱਦੇ ਪਏ ਹਨ ਅਤੇ ਜੇਕਰ ਹੁਣ ਵੀ ਪੰਜਾਬ ਦੀ ਕਾਂਗਰਸ ਸਰਕਾਰ ਦੇ ਕੰਨੀ ਜੂੰ ਨਾ ਸਰਕੀ ਤਾਂ ਇਸ ਦਾ ਖਾਮਿਆਜਾ ਆਉਣ ਵਾਲੀਆਂ ਵਿਧਾਨ ਸਭਾ ਚੌਣਾਂ ਵਿੱਚ ਭੁਗਤਣਾ ਪਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਐੱਨਐੱਚਐੱਮ ਕਾਮਿਆਂ ਦੀ ਪੱਕਾ ਕਰਨ ਦੀ ਮੰਗਾਂ ਨੂੰ ਤੁਰੰਤ ਪੂਰਾ ਕਰੇ। ਉਨ੍ਹਾਂ ਸਰਕਾਰ ਨੂੰ ਚਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਐੱਨਐੱਚਐੱਮ ਯੋਧਿਆਂ ਦੀਆਂ ਮੰਗਾਂ ਨੂੰ ਜਲਦ ਪੂਰਾ ਨਾ ਕੀਤਾ ਤਾਂ ਸਿਹਤ ਵਿਭਾਗ ਦੇ ਕੱਚੇ ਕਾਮਿਆਂ ਨੂੰ ਸਰਕਾਰ ਖਿਲਾਫ਼ ਕੋਈ ਸਖਤ ਐਕਸ਼ਨ ਲੈਣਾ ਪਵੇਗਾ ਜਿਸ ਦੀ ਨਿਰੋਲ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਦੌਰਾਨ ਆਗੂਆਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਇਸ ਵਾਰ ਵੀ ਸਿਹਤ ਵਿਭਾਗ ਦੇ ਐਨ.ਐਚ.ਐਮ. ਕਰੋਨਾ ਯੋਧਿਆਂ ਨੂੰ ਰੈਗੂਲਰ ਨਾ ਕਰਕੇ ਉਹਨਾਂ ਨਾਲ ਮਜਾਕ ਕੀਤਾ ਜਾ ਰਿਹਾ ਹੈ, ਜਦੋਂ ਕਿ ਇਹ ਕਰਮਚਾਰੀ ਪਿਛਲੇ ਕਈ ਸਾਲਾਂ ਤੋਂ ਰੈਗੂਲਰ ਕਰਮਚਾਰੀਆਂ ਦੇ ਮੁਕਾਬਲੇ ਬਹੁਤ ਹੀ ਘੱਟ ਤਨਖਾਹ ਲੈ ਰਹੇ ਹਨ। ਇਸ ਦੌਰਾਨ ਸਾਰੇ ਐਨ.ਐਚ.ਐਮ. ਕਾਮਿਆਂ ਵੱਲੋਂ ਇੱਕ ਸੁਰ ’ਚ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ ਗਏ।
ਆਗੂਆਂ ਨੇ ਕਿਹਾ ਕਿ ਐੱਨਐੱਚਐੱਮ ਅਧੀਨ ਮੈਡੀਕਲ, ਪੈਰਾ ਮੈਡੀਕਲ ਅਤੇ ਕਲੈਰੀਕਲ ਵਿੱਚ ਆਉਂਦੇ ਵੱਖ-ਵੱਖ ਕੇਡਰਾਂ ਦੇ ਮੁਲਾਜਮਾਂ ਨੂੰ ਪੰਜਾਬ ਸਰਕਾਰ ਵੱਲੋਂ ਪਿਛਲੇ ਲਗਭਗ ਡੇਢ ਦਹਾਕੇ ਤੋਂ ਲਗਾਤਾਰ ਪੱਕੇ ਕਰਨ ਦੇ ਲਾਰੇ ਲਾਏ ਜਾ ਰਹੇ ਹਨ ਤੇ ਪੱਕੇ ਮੁਲਾਜਮਾਂ ਤੋਂ ਲਗਭਗ 5 ਗੁਣਾ ਘੱਟ ਤਨਖਾਹਾਂ ਤੇ ਐਨ.ਐਚ.ਐਮ.ਕਾਮਿਆਂ ਤੋਂ 10 ਗੁਣਾ ਜ਼ਿਆਦਾ ਕੰਮ ਲਿਆ ਜਾ ਰਿਹਾ ਹੈ ਅਤੇ ਬਰਾਬਰ ਕੰਮ ਤੇ ਬਰਾਬਰ ਤਨਖਾਹ ਦੇ ਨਿਯਮ ਦੀ ਉਲੰਘਣਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਐਨ.ਐਚ.ਐਮ. ਕਾਮੇ ਪਿਛਲੇ 14-15 ਸਾਲਾਂ ਤੋਂ ਨਿਗੁਣੀਆਂ ਤਨਖਾਹਾਂ ਦੀ ਜਨਤਾ ਦੀ ਸੇਵਾ ਕਰ ਰਹੀ ਹੈ ਅਤੇ ਚੰਨੀ ਸਰਕਾਰ ਅੱਖਾਂ ਬੰਦ ਕਰਕੇ ਮੂਕ ਦਰਸ਼ਕ ਬਣੀ ਬੈਠੀ ਹੈ। ਖ਼ਬਰ ਲਿਖੇ ਜਾਣ ਤੱਕ ਕਸਮਕਸ਼ ਜਾਰੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ