
ਪਿੰਡ ਮੁਹਾਰ ਜਮਸ਼ੇਰ ਦੇ ਆਖਰੀ ਘਰ ਤੱਕ ਕੀਤੀ ਪਹੁੰਚ
ਕਿਹਾ, ਰਾਸ਼ਨ ਕਿੱਟਾਂ ਤੇ ਜਾਨਵਰਾਂ ਲਈ ਕੈਟਲ ਫੀਡ ਕਰਵਾਇਆ ਜਾਵੇਗਾ ਮੁਹੱਈਆ
Fazilka Flood News: (ਰਜਨੀਸ਼ ਰਵੀ) ਫਾਜ਼ਿਲਕਾ। ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਹੜ੍ਹ ਪ੍ਰਭਾਵਿਤ ਫਾਜ਼ਿਲਕਾ ਜ਼ਿਲੇ ਦੇ ਦੌਰੇ ਦੇ ਦੂਜੇ ਦਿਨ ਸਰਹੱਦੀ ਪਿੰਡ ਮੁਹਾਰ ਜਮਸ਼ੇਰ ਦਾ ਦੌਰਾ ਕੀਤਾ। ਇਹ ਪਿੰਡ ਕੰਡਿਆਲੀ ਤਾਰ ਦੇ ਪਾਰ ਸਥਿਤ ਹੈ ਅਤੇ ਤਿੰਨ ਪਾਸਿਆਂ ਤੋਂ ਪਾਕਿਸਤਾਨ ਨਾਲ ਘਿਰਿਆ ਹੋਇਆ ਹੈ। ਉਹ ਪੱਤਣ ਪੋਸਤ ਤੋਂ ਪਿੰਡ ਤੱਕ ਟਰੈਕਟਰ-ਟਰਾਲੀ ਤੇ ਸਵਾਰ ਹੋ ਕੇ ਗਏ ਅਤੇ ਪਿੰਡ ਦੇ ਆਖਰੀ ਘਰ ਤੱਕ ਪਹੁੰਚ ਕੇ ਉਹਨਾਂ ਨੇ ਲੋਕਾਂ ਦਾ ਹਾਲ ਚਾਲ ਜਾਣਿਆ।
ਇਸ ਮੌਕੇ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪਿੰਡ ਚਾਰੇ ਪਾਸੇ ਤੋਂ ਭਾਵੇਂ ਪਾਣੀ ਨਾਲ ਘਿਰਿਆ ਹੋਇਆ ਹੈ ਪਰ ਪਿੰਡ ਦੇ ਅੰਦਰ ਪਾਣੀ ਨਹੀਂ ਹੈ ਅਤੇ ਲੋਕ ਚੜਦੀ ਕਲਾ ਵਿੱਚ ਹਨ। ਉਹਨਾਂ ਨੇ ਇਸ ਮੌਕੇ ਪਿੰਡ ਵਾਸੀਆਂ ਦੀ ਮੰਗ ਅਨੁਸਾਰ ਹਰੇ ਚਾਰੇ ਦੇ ਨਾਲ-ਨਾਲ ਕੈਟਲ ਫੀਡ ਭੇਜਣ ਦਾ ਵੀ ਐਲਾਨ ਕੀਤਾ। ਉਨਾਂ ਨੇ ਕਿਹਾ ਕਿ ਜ਼ਰੂਰਤ ਅਨੁਸਾਰ ਲੋਕਾਂ ਨੂੰ ਰਾਸ਼ਨ ਕਿੱਟਾਂ ਦੀ ਮੁਹੱਈਆ ਕਰਵਾਈਆਂ ਜਾਣ। ਇਸ ਤੋਂ ਬਿਨਾਂ ਉਹਨਾਂ ਕਿਹਾ ਕਿ ਪਿੰਡ ਵਿੱਚ ਪਾਣੀ ਲਈ ਆਰਓ ਸਿਸਟਮ ਚਾਲੂ ਹਾਲਤ ਵਿੱਚ ਹੈ ਪਰ ਇਹ ਯਕੀਨੀ ਬਣਾਇਆ ਜਾਵੇਗਾ ਕਿ ਹਰ ਪਿੰਡ ਵਿੱਚ ਪੀਣ ਦਾ ਸਾਫ ਪਾਣੀ ਉਪਲੱਬਧ ਹੋਵੇ ।
ਇਹ ਵੀ ਪੜ੍ਹੋ: Ration Card News: ਰਾਸ਼ਨ ਕਾਰਡ ਮਾਮਲਾ: ਕੇਂਦਰ ਪੰਜਾਬ ਨਾਲ ਵਿਤਕਰਾ ਕਰ ਰਿਹੈ : ਹਰਪਾਲ ਚੀਮਾ
ਇਸ ਮੌਕੇ ਉਹਨਾਂ ਦੇ ਨਾਲ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਵੀ ਹਾਜ਼ਰ ਸਨ ਅਤੇ ਵਿਧਾਇਕ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾ. ਬਲਬੀਰ ਸਿੰਘ ਤੀਜੇ ਮੰਤਰੀ ਹਨ ਜੋ ਇਸ ਪਿੰਡ ਦੇ ਦੌਰੇ ’ਤੇ ਪਹੁੰਚੇ ਹਨ। ਉਹਨਾਂ ਕਿਹਾ ਕਿ ਸਰਕਾਰ ਦਾ ਉਦੇਸ਼ ਹੈ ਕਿ ਲੋਕਾਂ ਨੂੰ ਤੇਜ਼ੀ ਨਾਲ ਰਾਹਤ ਪਹੁੰਚਾਈ ਜਾ ਸਕੇ। ਬਾਅਦ ਵਿੱਚ ਫਾਜ਼ਿਲਕਾ ਵਿਖੇ ਇਸ ਵਿਸ਼ੇ ’ਤੇ ਗੱਲਬਾਤ ਕਰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਹੜ ਇੱਕ ਕੁਦਰਤੀ ਆਫਤ ਹੈ ਅਤੇ ਇਸ ਵਿੱਚ ਸਭ ਤੋਂ ਪਹਿਲੀ ਪਹਿਲ ਹੜ੍ਹ ਵਿੱਚ ਘਿਰੇ ਲੋਕਾਂ ਨੂੰ ਬਾਹਰ ਕੱਢਣਾ ਅਤੇ ਰਾਹਤ ਪਹੁੰਚਾਉਣਾ ਹੁੰਦੀ ਹੈ। ਸਰਕਾਰ ਇਸ ਪੱਖ ਤੇ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸ ਮੌਕੇ ਉਹਨਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ. ਮਨਦੀਪ ਕੌਰ, ਐਸਡੀਐਮ ਵੀਰਪਾਲ ਕੌਰ, ਖੁਸ਼ਬੂ ਸਾਵਨ ਸੁੱਖਾ, ਮਾਰਕੀਟ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਨੂਰ ਸ਼ਾਹ ਵੀ ਹਾਜ਼ਰ ਸਨ। Fazilka Flood News