ਹਰਿਆਣਵੀਆਂ ਦੇ ਖ਼ਾਲੀ ਰਹਿ ’ਗੇ ਹੱਥ, ਨਹੀਂ ਮਿਲਿਆ ਬਜਟ ’ਚ ਕੋਈ ਤੋਹਫ਼ਾ

Budget-of-Haryana

Haryana Budget : ਕਰਜ਼ ਵੱਧ ਕੇ ਹੋਇਆ 2 ਲੱਖ 43 ਹਜ਼ਾਰ 779 ਕਰੋੜ, ਹਰ ਸਾਲ ਵੱਧ ਰਿਹਾ ਐ 10 ਫੀਸਦੀ ਕਰਜ਼

  • ਮਹਿਲਾਵਾਂ ਲਈ 2 ਹੋਏ ਵੱਡੇ ਐਲਾਨ ਤਾਂ ਵਿਰੋਧੀ ਧਿਰਾਂ ਨੇ ਕਿਹਾ ਬਜਟ ਸਿਰਫ਼ ਖ਼ਾਲੀ ਢੋਲ

(ਅਸ਼ਵਨੀ ਚਾਵਲਾ) ਚੰਡੀਗੜ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਮੰਗਲਵਾਰ ਨੂੰ ਪੇਸ਼ ਕੀਤੇ ਗਏ ਆਪਣੇ ਬਜਟ (Haryana Budget) ਵਿੱਚ ਹਰਿਆਣਵੀਆਂ ਨੂੰ ਕੁਝ ਵੀ ਨਹੀਂ ਦਿੱਤਾ ਹੈ। ਇਸ ਵਾਰ ਬਜਟ ਵਿੱਚ ਕੋਈ ਵੱਡਾ ਐਲਾਨ ਨਹੀਂ ਹੋਇਆ ਹੈ, ਜਿਸ ਨੂੰ ਲੈ ਕੇ ਹਰਿਆਣਾ ਦੀ ਭਾਜਪਾ ਸਰਕਾਰ ਆਪਣੀ ਪਿੱਠ ਥਾਪੜ ਸਕੇ। ਜਿਸ ਕਾਰਨ ਹੀ ਭਾਜਪਾ ਸਰਕਾਰ ਦੀ ਵਿਰੋਧੀ ਧਿਰਾਂ ਵੱਲੋਂ ਇਸ ਬਜਟ ਨੂੰ ਖ਼ਾਲੀ ਢੋਲ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਵਿੱਚੋਂ ਆਵਾਜ਼ ਤਾਂ ਆ ਰਹੀ ਹੈ ਪਰ ਅੰਦਰ ਤੋਂ ਪੂਰੀ ਤਰਾਂ ਖ਼ਾਲੀ ਹੈ। ਇਸ ਬਜਟ ਵਿੱਚ ਇੱਕ ਵਾਰ ਫਿਰ ਤੋਂ ਕਰਜ਼ ਵੱਧ ਗਿਆ ਹੈ ਅਤੇ ਹੁਣ ਹਰਿਆਣਾ ਦੇ ਸਿਰ ’ਤੇ ਕੁਲ ਕਰਜ਼ਾ 2 ਲੱਖ 43 ਹਜ਼ਾਰ 779 ਕਰੋੜ ਰੁਪਏ ਹੋ ਜਾਏਗਾ। ਹਰਿਆਣਾ ਸਰਕਾਰ ਲਗਾਤਾਰ ਪਿਛਲੇ ਕੁਝ ਸਾਲਾਂ ਤੋਂ 10 ਫੀਸਦੀ ਦਰ ਨਾਲ ਕਰਜ਼ਾ ਲੈ ਰਹੀ ਹੈ। ਜਿਸ ਕਾਰਨ ਹੀ ਇਸ ਸਾਲ ਵੀ 20 ਹਜ਼ਾਰ ਕਰੋੜ ਰੁਪਏ ਤੋਂ ਜਿਆਦਾ ਦਾ ਕਰਜ਼ ਲਿਆ ਗਿਆ ਹੈ।

ਦੂਜੇ ਕਾਰਜਕਾਲ ਦਾ ਤੀਜਾ ਬਜਟ ਪੇਸ਼

ਹਰਿਆਣਾ ਦੇ ਮੁੱਖ ਮੰਤਰੀ ਆਪਣੇ ਦੂਜੇ ਕਾਰਜਕਾਲ ਦਾ ਤੀਜਾ ਬਜਟ ਪੇਸ਼ ਕਰਦੇ ਹੋਏ ਇਸ ਨੂੰ ਕਾਫ਼ੀ ਜਿਆਦਾ ਸ਼ਾਨਦਾਰ ਬਜਟ ਕਰਾਰ ਦਿੱਤਾ ਹੈ ਅਤੇ ਇਸ ਸਾਲ 1 ਲੱਖ 77 ਹਜ਼ਾਰ 255.99 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਹੈ, ਜਿਹੜਾ ਕਿ ਪਿਛਲੇ ਸਾਲ ਨਾਲੋਂ 15.6 ਫੀਸਦੀ ਜਿਆਦਾ ਹੈ। ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਵਲੋਂ ਹਰ ਸਾਲ ਬਜਟ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਅਤੇ ਹੁਣ ਹਰਿਆਣਾ ਦਾ ਬਜਟ ਪੌਣੇ ਦੋ ਲੱਖ ਕਰੋੜ ਨੂੰ ਵੀ ਪਾਰ ਕਰ ਗਿਆ ਹੈ। ਜਿਸ ਨੂੰ ਕਿ ਭਾਜਪਾ ਸਰਕਾਰ ਵਲੋਂ ਮੀਲ ਪੱਥਰ ਕਰਾਰ ਦਿੱਤਾ ਜਾ ਰਿਹਾ ਹੈ।

ਦੇਸ਼ ਵਿੱਚ ਜੀਐਸਟੀ ਲਗੀ ਹੋਈ ਹੈ ਅਤੇ ਸੂਬਾ ਸਰਕਾਰਾਂ ਕੋਲ ਨਵਾਂ ਕੋਈ ਵੀ ਟੈਕਸ ਲਗਾਉਣ ਦਾ ਅਧਿਕਾਰ ਨਹੀਂ ਹੈ ਪਰ ਫਿਰ ਵੀ ਮਨੋਹਰ ਲਾਲ ਖੱਟਰ ਵੱਲੋਂ ਆਪਣੇ ਭਾਸ਼ਣ ਦੇ ਆਖਰ ਵਿੱਚ ਕਿਹਾ ਕਿ ਉਨਾਂ ਦੀ ਸਰਕਾਰ ਵੱਲੋਂ ਇਸ ਬਜਟ ਵਿੱਚ ਕੋਈ ਵੀ ਨਵਾਂ ਟੈਕਸ ਨਹੀਂ ਲਗਾਇਆ ਗਿਆ ਹੈ, ਜਿਸ ਦੀ ਸੱਤਾ ਪੱਖ ਵੱਲੋਂ ਟੇਬਲ ਥੱਪ ਥਪਾ ਕੇ ਸੁਆਗਤ ਵੀ ਕੀਤਾ ਗਿਆ ਪਰ ਹੈਰਾਨੀ ਇਹ ਹੈ ਕਿ ਨਵਾਂ ਟੈਕਸ ਲਗਾਇਆ ਹੀ ਨਹੀਂ ਜਾ ਸਕਦਾ ਹੈ।

14 ਮਾਰਚ ਨੂੰ ਮੁੜ ਤੋਂ ਸਦਨ ’ਚ ਬੈਠਕਾਂ ਦਾ ਦੌਰ ਸ਼ੁਰੂ ਹੋਵੇਗਾ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਇਸ ਬਜਟ ’ਤੇ ਬਹਿਸ ਲਈ ਵਿਰੋਧੀ ਧਿਰਾਂ ਅਤੇ ਵਿਧਾਇਕਾਂ ਨੂੰ ਲੰਬਾ ਸਮਾਂ ਦਿੱਤਾ ਹੈ ਅਤੇ ਹੁਣ 14 ਮਾਰਚ ਨੂੰ ਮੁੜ ਤੋਂ ਸਦਨ ’ਚ ਬੈਠਕਾਂ ਦਾ ਦੌਰ ਸ਼ੁਰੂ ਹੋਏਗਾ। ਉਸ ਸਮੇਂ ਤੱਕ ਬਜਟ ਸੈਸ਼ਨ ਵਿੱਚ ਛੁੱਟੀ ਹੀ ਰਹਿਣਗੀਆਂ।
ਮਨੋਹਰ ਲਾਲ ਖੱਟਰ ਵਲੋਂ ਮਹਿਲਾ ਦਿਵਸ ਮੌਕੇ ਬਜਟ ਪੇਸ਼ ਕਰਨ ਦੇ ਚੱਲਦੇ ਸ਼ੁਸਮਾ ਸਵਰਾਜ ਇਨਾਮ ਦੀ ਘੋਸ਼ਣਾ ਕੀਤੀ ਹੈ। ਜਿਸ ਵਿੱਚ ਮੁੱਖ ਮੰਤਰੀ ਵੱਲੋਂ ਕਿਹਾ ਗਿਆ ਕਿ ਹਰਿਆਣਾ ਦੀ ਮਹਿਲਾਵਾਂ ਖੇਡ ਅਤੇ ਰਾਜਨੀਤੀ ਵਿੱਚ ਕਾਫ਼ੀ ਜਿਆਦਾ ਨਾਂਅ ਕਮਾ ਰਹੀਆਂ ਹਨ, ਜਿਸ ਕਾਰਨ ਸ਼ੁਸਮਾ ਸਵਰਾਜ ਸੂਬਾ ਪੱਧਰੀ ਇਨਾਮ ਦੀ ਘੋਸ਼ਣਾ ਕੀਤੀ ਜਾ ਰਹੀ ਹੈ ਅਤੇ ਇਹ ਇਨਾਮ ਉਨਾਂ ਨੂੰ ਦਿੱਤਾ ਜਾਏਗਾ, ਜਿਹੜੀ ਕਿ ਸੂਬਾ ਪੱਧਰ ਅਤੇ ਕੌਮੀ ਪੱਧਰ ‘ਤੇ ਹਰਿਆਣਾ ਦੀ ਨਾਅ ਰੋਸ਼ਨ ਕਰਨਗੀਆਂ। ਇਸ ਸ਼ੁਸਮਾ ਸਵਰਾਜ ਇਨਾਮ ਵਿੱਚ ਪੰਜ ਲੱਖ ਰੁਪਏ ਇਨਾਮ ਅਤੇ ਪ੍ਰਸੰਸਾ ਪੱਤਰ ਦਿੱਤਾ ਜਾਏਗਾ।

ਪੰਚਾਇਤੀ ਰਾਜ ਵਿੱਚ 50 ਫੀਸਦੀ ਭਾਗੀਦਾਰੀ ਦੇਣ ਦਾ ਵੀ ਐਲਾਨ ਮੁੱਖ ਮੰਤਰੀ ਵਲੋਂ ਕੀਤਾ ਗਿਆ ਹੈ। ਹੁਣ ਤੋਂ ਬਾਅਦ ਹਰਿਆਣਾ ਵਿੱਚ ਮਹਿਲਾਵਾਂ ਲਈ 33 ਫੀਸਦੀ ਨਹੀਂ ਸਗੋਂ 50 ਫੀਸਦੀ ਰਾਖਵਾਕਰਨ ਹੋਏਗਾ ਤਾਂ ਕਿ ਮਹਿਲਾਵਾਂ ਨੂੰ ਸਿਆਸਤ ਵਿੱਚ ਅੱਗੇ ਆਉਣ ਦਾ ਮੌਕਾ ਮਿਲ ਸਕੇ। ਇਥੇ ਹੀ ਮੁੱਖ ਮੰਤਰੀ ਵਲੋਂ ਹਰਿਆਣਾ ਵਿੱਚ ਤਿੰਨ ਨਵੇਂ ਕਾਲਜ ਬਣਾਉਣ ਦਾ ਐਲਾਨ ਵੀ ਕੀਤਾ ਹੈ। ਹਰਿਆਣਾ ਵਿੱਚ ਹਰ 20 ਕਿਲੋਮੀਟਰ ਦੇ ਦਾਇਰੇ ਵਿੱਚ ਕੋਈ ਨਾ ਕੋਈ ਮਹਿਲਾ ਕਾਲਜ ਜਰੂਰ ਹੋਏਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ