ਹੁਣ ਤੋਂ ਥੋੜ੍ਹੀ ਦੇਰ ਬਾਅਦ ਸ਼ੁਰੂ ਹੋ ਸਕਦਾ ਹੈ ਬੰਨ੍ਹ ਪੂਰਨ ਦਾ ਕੰਮ | Ghaggar River
ਮਾਨਸਾ, (ਸੁਖਜੀਤ ਮਾਨ)। ਚਾਰ ਦਿਨ ਪਹਿਲਾਂ ਟੁੱਟਿਆ ਘੱਗਰ ਦਾ ਚਾਂਦਪੁਰਾ ਬੰਨ੍ਹ ਬੰਨਣ ਦੀ ਇਜ਼ਾਜਤ ਹਰਿਆਣਾ ਸਰਕਾਰ ਵੱਲੋਂ ਦੇ ਦਿੱਤੀ ਗਈ ਹੈ। ਇਹ ਬੰਨ੍ਹ ਪੂਰਨ ਨਾਲ ਹੁਣ ਪਾਣੀ ਦਾ ਵਹਾਅ ਘਟਣ ਕਰਕੇ ਜ਼ਿਲ੍ਹਾ ਮਾਨਸਾ ਦੇ ਵੱਡੀ ਗਿਣਤੀ ਪਿੰਡਾਂ ਨੂੰ ਰਾਹਤ ਮਿਲੇਗੀ। ਬੰਨ੍ਹ ਪੂਰਨ ਦੀ ਇਜਾਜ਼ਤ ਮਿਲਣ ਦੀ ਇਹ ਜਾਣਕਾਰੀ ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਦਿੱਤੀ ਗਈ ਹੈ। ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਚਾਂਦਪੁਰਾ ਬੰਨ੍ਹ ਬਾਰੇ ਬੰਨ੍ਹ ਟੁੱਟਣ ਵਾਲੇ ਦਿਨ ਤੋਂ ਜ਼ਿਲ੍ਹਾ ਪ੍ਰਸਾਸ਼ਨ ਹਰਿਆਣਾ ਸਰਕਾਰ ਤੋਂ ਬੰਨ੍ਹ ਪੂਰਨ ਦੀ ਇਜਾਜ਼ਤ ਲੈਣ ’ਚ ਜੁਟਿਆ ਹੋਇਆ ਸੀ, ਜੋ ਹੁਣ ਮਿਲ ਗਈ ਹੈ। (Ghaggar River)
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਨੇ ਬੰਨ੍ਹ ਵਾਲੀ ਥਾਂ ’ਤੇ ਧਾਰਾ 144 ਲਗਾ ਕੇ ਪੁਲਿਸ ਦਾ ਪਹਿਰਾ ਲਗਾਇਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਬੰਨ੍ਹ ਪੂਰਨ ’ਚ ਪੈਦਾ ਹੋਏ ਇਸ ਅੜਿੱਕੇ ਨੂੰ ਦੂਰ ਕਰਨ ਲਈ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਹਰਿਆਣਾ ਸਰਕਾਰ ਨਾਲ ਸੰਪਰਕ ਕਰਕੇ ਕਿਹਾ ਗਿਆ ਸੀ ਕਿ ਜਾਂ ਤਾਂ ਹਰਿਆਣਾ ਬੰਨ੍ਹ ਨੂੰ ਬੰਦ ਕਰੇ ਜਾਂ ਫਿਰ ਪੰਜਾਬ ਨੂੰ ਇਸਦੀ ਇਜ਼ਾਜਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਅੱਜ ਹਰਿਆਣਾ ਸਰਕਾਰ ਵੱਲੋਂ ਬੰਨ੍ਹ ਪੂਰਨ ਦੀ ਇਜਾਜਤ ਮਿਲ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਤੋਂ ਥੋੜ੍ਹੀ ਦੂਰ ਤੱਕ ਫੌਜ ਆਪਣੇ ਸਾਜੋ-ਸਾਮਾਨ ਨਾਲ ਬੰਨ੍ਹ ਪੂਰਨ ਲਈ ਪੁੱਜ ਜਾਵੇਗੀ। (Ghaggar River)
ਇਹ ਵੀ ਪੜ੍ਹੋ : ਵਿਜੀਲੈਂਸ ਦੀ ਟੀਮ ਵੱਲੋਂ ਰਿਸ਼ਵਤ ਲੈਂਦਾ ਪਟਵਾਰੀ ਕਾਬੂ
ਉਨ੍ਹਾਂ ਦੱਸਿਆ ਕਿ ਹਰਿਆਣਾ ਸਰਕਾਰ ਨੇ ਇੱਕ ਹੀ ਸ਼ਰਤ ਰੱਖੀ ਹੈ ਕਿ ਬੰਨ੍ਹ ’ਤੇ ਫੌਜ ਤੋਂ ਬਿਨ੍ਹਾਂ ਕੋਈ ਪ੍ਰਾਈਵੇਟ ਵਿਅਕਤੀ ਨਾ ਜਾਵੇ, ਜੇਕਰ ਅਜਿਹਾ ਕੀਤਾ ਗਿਆ ਤਾਂ ਉਹ ਬੰਨ੍ਹ ਪੂਰਨ ਦਾ ਕੰਮ ਬੰਦ ਕਰਵਾ ਦੇਣਗੇ। ਵਿਧਾਇਕ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰਿਆਣਾ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਉੱਥੇ ਸਿਰਫ ਫੌਜ ਅਤੇ ਪੰਜਾਬ ਦੇ ਕੁੱਝ ਅਧਿਕਾਰੀ ਹੀ ਹੋਣਗੇ, ਇਸ ਲਈ ਇਸ ਗੱਲ ਦਾ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਫੌਜ ਕੋਲ ਟੈਕਨੀਕਲ ਟੀਮ ਅਤੇ ਜਾਲ ਵਗੈਰਾ ਸਭ ਇੰਤਜਾਮ ਹੈ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਵੀ 1 ਲੱਖ ਗੱਟਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਹਰਿਆਣਾ ਸਰਕਾਰ ਵੱਲੋਂ ਬੰਨ੍ਹ ਪੂਰਨ ਦੀ ਇਜਾਜ਼ਤ ਦੇਣ ’ਤੇ ਧੰਨਵਾਦ ਕੀਤਾ।
ਦੱਸਣਯੋਗ ਹੈ ਕਿ ਘੱਗਰ ਦਾ ਚਾਂਦਪੁਰਾ ਬੰਨ੍ਹ ਹਰਿਆਣਾ ਰਾਜ ’ਚ ਸਥਿਤ ਹੈ, ਜਿਸ ਦੇ ਟੁੱਟਣ ਨਾਲ ਸਭ ਤੋਂ ਜ਼ਿਆਦਾ ਪਾਣੀ ਜ਼ਿਲ੍ਹਾ ਮਾਨਸਾ ਦੇ ਹਲਕਾ ਬੁਢਲਾਡਾ ਦੇ ਪਿੰਡਾਂ ’ਚ ਪੁੱਜਿਆ ਹੈ। ਬੰਨ੍ਹ 15 ਜੁਲਾਈ ਨੂੰ ਸਵੇਰੇ ਕਰੀਬ 5:30 ਵਜੇ ਟੁੱਟਿਆ ਸੀ। ਉਸ ਦਿਨ ਨੇੜਲੇ ਪਿੰਡਾਂ ਦੇ ਲੋਕਾਂ ਵੱਲੋਂ ਬੰਨ੍ਹ ਨੂੰ ਪੂਰਨ ਦੀਆਂ ਪੁਰਜੋਰ ਕੋਸ਼ਿਸ਼ਾਂ ਕੀਤੀਆਂ ਸੀ ਪਰ ਤੇਜ਼ ਪਾਣੀ ਦੇ ਵਹਾਅ ਕਰਕੇ ਸਫਲਤ ਨਹੀਂ ਮਿਲੀ ਸੀ। ਇਸ ਮਗਰੋਂ ਸਹਾਇਤਾ ਲਈ ਫੌਜ ਵੀ ਬੁਲਾਈ ਗਈ ਪਰ ਕੁੱਝ ਪ੍ਰਸ਼ਾਸ਼ਨਿਕ ਅੜਿੱਕਿਆਂ ਕਰਕੇ ਬੰਨ੍ਹ ਦਾ ਕੰਮ ਸ਼ੁਰੂ ਨਾ ਹੋ ਸਕਿਆ। ਅੱਜ ਚਾਰ ਦਿਨ ਬਾਅਦ ਅੜਿੱਕੇ ਦੂਰ ਹੋਣ ਤੋਂ ਬਾਅਦ ਬੰਨ੍ਹ ਪੂਰਨ ਦਾ ਕੰਮ ਸ਼ੁਰੂ ਹੋਣ ਨਾਲ ਜ਼ਿਲ੍ਹਾ ਮਾਨਸਾ ਦੇ ਲੋਕਾਂ ਨੂੰ ਰਾਹਤ ਮਿਲਣ ਦੀ ਉਮੀਦ ਬੱਝੀ ਹੈ।