Punjab News: ਵਿਧਾਨ ਸਭਾ ’ਚ ’ਵਿਕਸਿਤ ਭਾਰਤ -ਜੀ ਰਾਮ ਜੀ’ ਨਾਂਅ ਬਾਰੇ ਹਰਪਾਲ ਸਿੰਘ ਚੀਮਾ ਨੇ ਦਿੱਤਾ ਵੱਡਾ ਬਿਆਨ, ਜਾਣੋ

Punjab News
Punjab News: ਵਿਧਾਨ ਸਭਾ ’ਚ ’ਵਿਕਸਿਤ ਭਾਰਤ -ਜੀ ਰਾਮ ਜੀ’ ਨਾਂਅ ਬਾਰੇ ਹਰਪਾਲ ਸਿੰਘ ਚੀਮਾ ਨੇ ਦਿੱਤਾ ਵੱਡਾ ਬਿਆਨ, ਜਾਣੋ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ’ਵਿਕਸਿਤ ਭਾਰਤ – ਜੀ ਰਾਮ ਜੀ’ ਸਕੀਮ ਗਰੀਬਾਂ ਅਤੇ ਸੰਘੀ ਢਾਂਚੇ ਦੇ ਖਿਲਾਫ

  • ਮਨਰੇਗਾ ਵਰਕਰ ਔਰਤ ਦੀ ਭਾਵੁਕ ਚਿੱਠੀ ਪੜ੍ਹ ਕੇ ਸੁਣਾਉਂਦਿਆਂ ਸਕੀਮ ਦੀ ਅਹਿਮੀਅਤ ’ਤੇ ਪਾਇਆ ਚਾਨਣਾ

Punjab News: (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਵਿਧਾਨ ਸਭਾ ਵਿੱਚ ਮਨਰੇਗਾ ਸਕੀਮ ਵਿੱਚ ਹਾਲ ਹੀ ਵਿੱਚ ਕੀਤੀਆਂ ਤਬਦੀਲੀਆਂ ਅਤੇ ਇਸ ਦਾ ਨਾਂਅ ਬਦਲ ਕੇ ‘VB-G RAM G’ ਰੱਖਣ ਵਿਰੁੱਧ ਪੇਸ਼ ਮਤੇ ਦੀ ਹਮਾਇਤ ਕਰਦਿਆਂ ਵਿੱਤ ਮੰਤਰੀ ਚੀਮਾ ਨੇ ਇਸ ਗਰੀਬ ਵਿਰੋਧੀ ਕਰਾਰ ਦਿੱਤਾ।

ਆਪਣੇ ਸੰਬੋਧਨ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇੱਕ ਮਹਿਲਾ ਮਨਰੇਗਾ ਵਰਕਰ ਚਰਨਜੀਤ ਕੌਰ ਦੀ ਭਾਵੁਕ ਚਿੱਠੀ ਪੜ੍ਹੀ, ਜਿਸ ਵਿੱਚ ਹਜ਼ਾਰਾਂ ਪੇਂਡੂ ਮਜ਼ਦੂਰਾਂ ਦੇ ਡਰ ਨੂੰ ਉਜਾਗਰ ਕੀਤਾ ਗਿਆ ਸੀ। ਚਰਨਜੀਤ ਕੌਰ ਨੇ ਚਿੱਠੀ ਵਿੱਚ ਚਿੰਤਾ ਪ੍ਰਗਟਾਈ ਕਿ ਬਦਲਦੇ ਨਿਯਮਾਂ ਅਤੇ ਕੇਂਦਰੀਕ੍ਰਿਤ ਪਿੰਡਾਂ ਦੀਆਂ ਸੂਚੀਆਂ ਕਾਰਨ ਬੱਚੇ ਸਿੱਖਿਆ ਤੋਂ ਅਤੇ ਬਜ਼ੁਰਗ ਦਵਾਈਆਂ ਤੋਂ ਵਾਂਝੇ ਰਹਿ ਜਾਣਗੇ। ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਹਰ ਸਕੀਮ ਦਾ ਕੇਂਦਰੀਕਰਨ ਕਰਕੇ ਦੇਸ਼ ਦੇ ਮਜ਼ਦੂਰਾਂ ਨੂੰ ਬੰਧੂਆ ਮਜ਼ਦੂਰ ਅਤੇ ਕੇਂਦਰੀ ਪ੍ਰਣਾਲੀ ਦੇ ਗੁਲਾਮ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਮਨਰੇਗਾ ਵਰਕਰਾਂ ਦੀਆਂ ਅਪੀਲਾਂ ਅਤੇ ਪੱਤਰ ਪ੍ਰਧਾਨ ਮੰਤਰੀ ਦਫ਼ਤਰ ਨੂੰ ਭੇਜਣ ਦੀ ਕੀਤੀ ਅਪੀਲ

ਕੇਂਦਰ ਦੀਆਂ ਨੀਤੀਆਂ ਦੀ ਪੰਜਾਬ ਸਰਕਾਰ ਦੀਆਂ ਪਹਿਲਕਦਮੀਆਂ ਨਾਲ ਤੁਲਨਾ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਆਮ ਆਦਮੀ ਪਾਰਟੀ ਠੋਸ ਕਾਰਵਾਈਆਂ ਰਾਹੀਂ ਦਲਿਤ ਭਾਈਚਾਰੇ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਦਿਨ-ਰਾਤ ਕੰਮ ਕਰ ਰਹੀ ਹੈ। ਉਨਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਮਾਨ ਮੰਤਰੀ ਮੰਡਲ ਵਿੱਚ 15 ਵਿੱਚੋਂ 6 ਮੰਤਰੀਆਂ ਵਜੋਂ ਦਲਿਤ ਭਾਈਚਾਰੇ ਨੂੰ ਬੇਮਿਸਾਲ ਪ੍ਰਤੀਨਿਧਤਾ ਮਿਲੀ ਹੈ। ਇੱਕ ਹੋਰ ਇਤਿਹਾਸਕ ਪਹਿਲਕਦਮੀ ਦਾ ਜਿਕਰ ਕਰਦਿਆਂ ਉਨਾਂ ਕਿਹਾ ਕਿ ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਲਿਤ ਪਰਿਵਾਰ ਨਾਲ ਸਬੰਧਤ ਵਿਅਕਤੀ ਨੂੰ ਵਿੱਤ ਮੰਤਰੀ ਨੂੰ ਨਿਯੁਕਤ ਕੀਤਾ ਹੈ, ਇੱਕ ਅਜਿਹਾ ਅਹੁਦਾ ਜੋ ਪਿਛਲੀਆਂ ਕਾਂਗਰਸ ਅਤੇ ਅਕਾਲੀ ਸਰਕਾਰਾਂ ਨੇ ਕਦੇ ਵੀ ਕਿਸੇ ਦਲਿਤ ਨੇਤਾ ਨੂੰ ਨਹੀਂ ਸੌਂਪਿਆ।

ਵਿੱਤ ਮੰਤਰੀ ਨੇ ਅੱਗੇ ਦੱਸਿਆ ਕਿ ‘ਆਪ’ ਸਰਕਾਰ ਹੁਣ ਤੱਕ 15 ਹਜ਼ਾਰ ਤੋਂ ਵੱਧ ਦਲਿਤ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਚੁੱਕੀ ਹੈ ਅਤੇ ਲਗਭਗ 5 ਹਜ਼ਾਰ ਲੋੜਵੰਦ ਦਲਿਤ ਪਰਿਵਾਰਾਂ ਦੇ ਕਰਜ਼ੇ ਮੁਆਫ਼ ਕੀਤੇ ਗਏ ਹਨ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸਾਲ 2025-26 ਦੇ ਬਜਟ ਵਿੱਚ ਐਸ.ਸੀ./ਐਸ.ਟੀ. ਸਬ-ਪਲਾਨ ਤਹਿਤ ਲਗਭਗ 14,000 ਕਰੋੜ ਰੁਪਏ ਰੱਖੇ ਗਏ ਹਨ। ਉਨਾਂ ਕਿਹਾ ਕਿ ਇਹ ਪੰਜਾਬ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਅਲਾਟਮੈਂਟ ਨੂੰ ਦਰਸਾਉਂਦਾ ਹੈ, ਜੋ ਇਹ ਯਕੀਨੀ ਬਣਾਉਂਦਾ ਹੈ ਕਿ ਕੁੱਲ ਵਿਕਾਸ ਬਜਟ ਦਾ 34% ਵਿਸ਼ੇਸ਼ ਤੌਰ ’ਤੇ ਹਾਸ਼ੀਏ ’ਤੇ ਧੱਕੇ ਗਏ ਅਤੇ ਵਾਂਝੇ ਵਰਗਾਂ ਦੇ ਵਿਕਾਸ ਲਈ ਸਮਰਪਿਤ ਹੈ। Punjab News