ਪੰਜਾਬ ਜੂਡੀਸ਼ੀਅਲ ਪ੍ਰੀਖਿਆ ’ਚੋਂ 6ਵਾਂ ਰੈਂਕ ਹਾਸਲ ਕਰ ਨਾਭਾ ਦੇ ਹਰਦਿਆਂਸ਼ੂ ਗੁਪਤਾ ਬਣੇ ਜੱਜ

Judge
ਨਾਭਾ ਤੋਂ ਨਵੇ ਬਣੇ ਜੱਜ ਹਰਦਿਆਂਸੂ ਗੁਪਤਾ ਦਾ ਸਨਮਾਨ ਕਰਦੇ ਹੋਏ ਆਪ ਵਿਧਾਇਕ ਦੇਵ ਮਾਨ ਅਤੇ ਹੋਰ। ਤਸਵੀਰ: ਸ਼ਰਮਾ

ਵਕੀਲ ਪਿਤਾ ਨੇ ਕਿਹਾ ਕਿ ਜੱਜ ਬਣੋ, ਪੁੱਤਰ ਨੇ ਬਣ ਦਿਖਾਇਆ

(ਤਰੁਣ ਕੁਮਾਰ ਸ਼ਰਮਾ) ਨਾਭਾ। ਹਲਕਾ ਨਾਭਾ ਦੇ ਨੌਜਵਾਨ ਹਰਦਿਆਂਸ਼ੂ ਗੁਪਤਾ ਨੇ ਪੰਜਾਬ ਜੁਡੀਸ਼ੀਅਲ ਪ੍ਰੀਖਿਆ ’ਚ 06ਵਾਂ ਰੈਂਕ ਹਾਸਲ ਕਰਕੇ ਰਿਆਸਤੀ ਸ਼ਹਿਰ ਸਮੇਤ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਮਾਣ ਵਧਾ ਦਿੱਤਾ ਹੈ। ਦੱਸਣਯੋਗ ਹੈ ਕਿ ਨਵੇਂ ਜੱਜ ਬਣੇ ਇਸ ਨੌਜਵਾਨ ਦੇ ਪਿਤਾ ਵਿਜੈ ਗੁਪਤਾ ਨਾਭਾ ਵਿਖੇ ਵਕਾਲਤ ਦੀਆਂ ਸੇਵਾਵਾਂ ਨਿਭਾ ਰਹੇ ਹਨ। ਇਸ ਬੇਮਿਸਾਲ ਸਫਲਤਾ ਤੋਂ ਬਾਅਦ ਹਰਦਿਆਂਸ਼ੂ ਗੁਪਤਾ ਨੇ ਆਪਣੇ ਮਾਪਿਆਂ ਦੀ ਹਾਜ਼ਰੀ ’ਚ ਦੱਸਿਆ ਕਿ ਸਫਲਤਾ ਅਤੇ ਸੰਘਰਸ਼ ਇੱਕ ਦੂਜੇ ਦੇ ਪੂਰਕ ਹਨ। ਫਰਕ ਸਿਰਫ ਇੰਨ੍ਹਾ ਹੈ ਕਿ ਸੰਘਰਸ਼ ਨਜ਼ਰ ਨਹੀਂ ਆਉਂਦਾ ਸਗੋਂ ਸਫਲਤਾ ਪ੍ਰਤੱਖ ਨਜ਼ਰ ਆਉਂਦੀ ਹੈ। (Judge)

ਇਕਾਗਰਤਾ ਨਾਲ ਪੜ੍ਹੋ  : ਹਰਦਿਆਂਸ਼ੂ ਗੁਪਤਾ (Judge)

ਆਪਣੇ ਮਾਪਿਆਂ, ਰਿਸ਼ਤੇਦਾਰਾਂ ਅਤੇ ਅਧਿਆਪਕਾਂ ਦੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਹਰਦਿਆਂਸ਼ੂ ਗੁਪਤਾ ਨੇ ਕਿਹਾ ਕਿ ਉਸ ਦੇ ਵਕੀਲ ਪਿਤਾ ਨੇ ਉਸ ਨੂੰ ਜੱਜ ਬਣਨ ਦੇ ਨਿਸ਼ਾਨੇ ਤੋਂ ਜਾਣੂ ਕਰਵਾਇਆ ਜਿਸ ਤੋਂ ਬਾਅਦ ਉਸ ਨੇ ਇਸ ਨੂੰ ਆਪਣਾ ਉਦੇਸ਼ ਬਣਾ ਲਿਆ। ਸਫਲਤਾ ਲਈ ਫਾਰਮੂਲਾ ਸਾਂਝਾ ਕਰਦਿਆਂ ਉਸ ਨੇ ਦੱਸਿਆ ਕਿ ਜਦੋਂ ਵੀ ਪੜ੍ਹਾਈ ਕਰੋ ਤਾਂ ਇਕਾਗਰਤਾ ਨਾਲ ਕਰੋ। ਹਰਦਿਆਸ਼ੂ ਗੁਪਤਾ ਦੇ ਜੱਜ ਬਣਨ ਨਾਲ ਹੀ ਪਰਿਵਾਰ ’ਚ ਖੁਸ਼ੀਆ ਭਰਿਆ ਮਾਹੌਲ ਬਣ ਗਿਆ ਅਤੇ ਵਧਾਈਆ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਹੈ। ਇਸ ਮੌਕੇ ਹਾਜਰ ਹਰਦਿਆਂਸ਼ੂ ਗੁਪਤਾ ਦੇ ਪਿਤਾ ਵਿਜੈ ਗੁਪਤਾ ਅਤੇ ਰਿਸ਼ਤੇਦਾਰਾਂ ਨੇ ਕਿਹਾ ਕਿ ਹਰਦਿਆਂਸ਼ੂ ਨੇ ਜਿਸ ਪ੍ਰਕਾਰ ਦਿਨ-ਰਾਤ ਮਿਹਨਤ ਕੀਤੀ ਹੈ, ਪ੍ਰਮਾਤਮਾ ਨੇ ਉਸੇ ਅਨੁਪਾਤ ’ਚ ਉਸ ਨੂੰ ਸਫਲਤਾ ਦਿੱਤੀ ਹੈ। ਉਸ ਦੇ ਪਿਤਾ ਨੇ ਅਥਾਹ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮੈ ਵਕੀਲ ਹਾ ਅਤੇ ਮੇਰਾ ਪੁੱਤਰ ਜੱਜ, ਇਸ ਤੋਂ ਵੱਡੀ ਉਪਲੱਬਧੀ ਕੀ ਹੋ ਸਕਦੀ ਹੈ!

ਵਿਧਾਇਕ ਅਤੇ ਸੰਸਥਾਵਾਂ ਵੱਲੋਂ ਹਰਦਿਆਂਸ਼ੂ ਦਾ ਸਨਮਾਨ

ਪ੍ਰਾਪਰਟੀ ਯੂਨੀਅਨ, ਵਪਾਰ ਮੰਡਲ ਅਤੇ ਗਊਸ਼ਾਲਾ ਨਾਭਾ ਵੱਲੋਂ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੀ ਅਗਵਾਈ ਵਿੱਚ ਨਵੇ ਬਣੇ ਜੱਜ ਹਰਦਿਆਂਸੂ ਗੁਪਤਾ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਜੱਜ ਹਰਦਿਆਂਸੂ ਗੁਪਤਾ, ਉਨ੍ਹਾਂ ਦੇ ਪਿਤਾ ਵਿਜੇ ਗੁਪਤਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਰਿਆਸਤੀ ਸ਼ਹਿਰ ਨਾਭਾ ਨੂੰ ਮਾਣ ਦਾ ਅਹਿਸਾਸ ਕਰਵਾ ਦਿੱਤਾ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਨੇ ਵੱਖ-ਵੱਖ ਵਿਭਾਗਾਂ ’ਚ 304 ਨਵ-ਨਿਯੁਕਤ ਉਮੀਦਵਾਰਾਂ ਨੂੰ ਵੰਡੇ ਨਿਯੁਕਤੀ

ਇਸ ਮੌਕੇ ਉਨ੍ਹਾਂ ਨਾਲ ਅਮਨਦੀਪ ਸਿੰਘ ਰਹਿਲ ਪ੍ਰਧਾਨ ਟਰੱਕ ਯੂਨੀਅਨ ਨਾਭਾ, ਸਤਪਾਲ ਮਿੱਤਲ, ਰਾਕੇਸ਼ ਗਰਗ ਸਾਧੂ ਰਾਮ ਦੇਵ ਰਾਜ ਵਾਲੇ, ਅਮਨ ਗੁਪਤਾ ਪ੍ਰਧਾਨ ਗਊਸ਼ਾਲਾ ਨਾਭਾ, ਬਿੱਕਰ ਸਿੰਘ ਅਗੇਤੀ, ਰਿੰਪੀ ਦੰਦਰਾਲਾ ਢੀਡਸਾ, ਇਸਾਨ ਬਾਂਸਲ, ਗੁਰਪ੍ਰੀਤ ਸਿੰਘ ਸਮਾਜ ਸੇਵਕ, ਰੋਹਿਤ ਬੱਤਾ, ਬਿਪਨ, ਸੰਜੀਵ ਕੁਮਾਰ, ਅਨਿਲ ਗੁਪਤਾ ਸੰਕਰ ਟ੍ਰੇਡਿੰਗ, ਰਾਜ ਕੁਮਾਰ ਕਾਲਾ, ਸੁਦਰਸ਼ਨ ਗੋਗਾ ਸਾਬਕਾ ਕੋਸਲਰ, ਨਿਤਿਨ ਗੁਪਤਾ , ਭੁਪਿੰਦਰ ਸਿੰਘ ਕੱਲਰ ਮਾਜਰੀ, ਜਸਵੀਰ ਸਿੰਘ ਵਜੀਦਪੁਰ ਅਤੇ ਹੋਰ ਅਹੁਦੇਦਾਰ ਮੌਜ਼ੂਦ ਸਨ।