ਹਨੂਮਾਨ ਚਾਲੀਸਾ ਟਵਿੱਟਰ ‘ਤੇ ਪਾ ਬੁਰੇ ਫਸੇ ਅਮਰਿੰਦਰ ਰਾਜਾ ਵੜਿੰਗ

Hanuman, Chalisa, posted, Twitter, trapped, Amarinder Raja Warring

  ਆਪਣੇ-ਆਪ ਨੂੰ ਹਨੂਮਾਨ ਭਗਤ ਦੱਸ ਕੇ ਕੀਤਾ ਬਚਾਅ

ਚੰਡੀਗੜ੍ਹ, ਹਨੂਮਾਨ ਜੀ ਦੀ ਜਾਤ-ਪਾਤ ਸਬੰਧੀ ਜਿੱਥੇ ਦੇਸ਼ ਭਰ ਦੀ ਸਿਆਸਤ ਵਿੱਚ ਭੁਚਾਲ ਆਇਆ ਹੋਇਆ ਤਾਂ ਠੀਕ ਉਸੇ ਸਮੇਂ ਵਿਵਾਦਗ੍ਰਸਤ ਬਿਆਨਾਂ ਦੇ ਕਾਰਨ ਸੁਰਖ਼ੀਆਂ ਵਿੱਚ ਰਹਿਣ ਵਾਲੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਹਨੂਮਾਨ ਚਾਲੀਸਾ ਦੀਆਂ ਗਲਤ ਤੁਕਾਂ ਲਿਖਦੇ ਹੋਏ ਛੇੜੇ ਇਸ ਤਾਜ਼ਾ ਵਿਵਾਦ ਦਾ ਅਸਰ ਇਸ ਹੱਦ ਤੱਕ ਦੇਖਣ ਨੂੰ ਮਿਲਿਆ ਕਿ ਪੰਜਾਬ ਕਾਂਗਰਸ ਪ੍ਰਧਾਨ ਨੂੰ ਸਾਹਮਣੇ ਆ ਕੇ ਆਪਣੇ ਲੀਡਰਾਂ ਨੂੰ ਧਰਮ ਦੇ ਮਾਮਲੇ ਵਿੱਚ ਜੁਬਾਨ ਸੰਭਾਲ ਕੇ ਬੋਲਣ ਤੱਕ ਦੀ ਨਸੀਹਤ ਦੇ ਦਿੱਤੀ ਹੈ।   ਸ਼ਨਿੱਚਰਵਾਰ ਨੂੰ ਸਾਰਾ ਦਿਨ ਵਿਵਾਦ ਰਹਿਣ ਤੋਂ ਬਾਅਦ ਸ਼ਾਮ ਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵਿਵਾਦਗ੍ਰਸਤ ਟਵੀਟ ਡਲੀਟ ਕਰਦੇ ਹੋਏ ਇੱਕ ਹੋਰ ਟਵੀਟ ਕੀਤਾ ਹੈ, ਜਿਸ ਵਿੱਚ ਕਿਹਾ ਕਿ ਉਨ੍ਹਾਂ ਨੂੰ ਸਿਆਸੀ ਵਿਰੋਧੀਆਂ ਨੇ ਨਿਸ਼ਾਨੇ ‘ਤੇ ਲੈਣ ਲਈ ਗਲਤ ਪ੍ਰਚਾਰ ਕੀਤਾ ਹੈ, ਜਦੋਂ ਕਿ ਉਹ ਖ਼ੁਦ ਹਨੂਮਾਨ ਭਗਤ ਹਨ।
ਸ਼ਨਿੱਚਰਵਾਰ ਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਕ ਟਵੀਟ ਕਰਦੇ ਹੋਏ ਹਨੂਮਾਨ ਚਲੀਸਾ ਦੀਆਂ ਕੁਝ ਤੁਕਾਂ ਨੂੰ ਲਿਖਿਆ ਸੀ, ਜਿਸ ਵਿੱਚ ਹਨੂਮਾਨ ਦੀ ਜਾਤ ਬਾਰੇ ਕੁਝ ਹਿੱਸਾ ਨਸ਼ਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸਿਆਸੀ ਹਲਕੇ ਵਿੱਚ ਕਾਫ਼ੀ ਜਿਆਦਾ ਚਰਚਾ ਹੋ ਗਈ ਅਤੇ ਇਸ ਮੁੱਦੇ ‘ਤੇ ਵਿਵਾਦ ਪੈਦਾ ਹੋ ਗਿਆ। ਕੁਝ ਹਿੰਦੂ ਸੰਗਠਨਾਂ ਨੇ ਕਾਂਗਰਸੀ ਵਿਧਾਇਕ ਨੂੰ ਤੁਰੰਤ ਮੁਆਫ਼ੀ ਮੰਗਣ ਲਈ ਕਿਹਾ ਤਾਂ ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਇਸ ਨੂੰ ਹਿੰਦੂ ਭਾਵਨਾਵਾਂ ਨਾਲ ਖਿਲਵਾੜ ਕਰਾਰ ਦੇ ਦਿੱਤਾ। ਇਸੇ ਦੌਰਾਨ ਹੀ ਭਾਜਪਾ ਨੇ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਇਸ ਬਿਆਨ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਕੁਝ ਹਿੰਦੂ ਸੰਗਠਨ ਦੇ ਨਾਲ ਹੀ ਭਾਜਪਾ ਨੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਖ਼ਿਲਾਫ਼ ਮਾਮਲਾ ਦਰਜ ਕਰਨ ਸਬੰਧੀ ਮੰਗ ਕਰ ਦਿੱਤੀ।
ਸ਼ਵੇਤ ਮਲਿਕ ਨੇ ਤਾਂ ਇਥੇ ਤੱਕ ਕਹਿ ਦਿੱਤਾ ਕਿ ਕਾਂਗਰਸ ਪੰਜਾਬ ਵਿੱਚ ਹਿੰਦੂ ਭਾਵਨਾਵਾਂ ਨੂੰ ਭੜਕਾ ਕੇ ਦੰਗੇ ਕਰਵਾਉਣਾ ਚਾਹੁੰਦੀ ਹੈ ਉਨ੍ਹਾਂ ਨੇ ਕਿਹਾ ਕਿ ਉਹ ਹਿੰਦੂ ਲੀਡਰਾਂ ਅਤੇ ਹਿੰਦੂਆਂ ਨੂੰ ਅਪੀਲ ਕਰਦੇ ਹਨ ਕਿ ਕਾਂਗਰਸ ਦੀ ਚਾਲ ਵਿੱਚ ਨਾ ਆ ਕੇ ਕੋਈ ਵੀ ਗਲਤ ਕਦਮ ਨਾ ਚੁੱਕਣ, ਜਿਸ ਨਾਲ ਦੰਗੇ ਜਾਂ ਫਿਰ ਕੋਈ ਨੁਕਸਾਨ ਹੋ ਸਕਦਾ ਹੋਵੇ।
ਇਸ ਵਿਵਾਦ ਤੋਂ ਬਾਅਦ ਜਲੰਧਰ ਵਿਖੇ ਸੁਨੀਲ ਜਾਖੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਿਸੇ ਨੂੰ ਵੀ ਕਿਸੇ ਧਰਮ ਦੀਆਂ ਭਾਵਨਾਵਾਂ ਨੂੰ ਭੜਕਾਉਣ ਦਾ ਅਧਿਕਾਰ ਨਹੀਂ ਹੈ, ਉਨ੍ਹਾਂ ਨੇ ਟਵੀਟ ਨੂੰ ਨਹੀਂ ਦੇਖਿਆ ਹੈ ਅਤੇ ਜਲਦ ਹੀ ਟਵੀਟ ਨੂੰ ਦੇਖਣ ਤੋਂ ਬਾਅਦ ਮਾਮਲੇ ਦੀ ਤਹਿ ਤੱਕ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸੀ ਲੀਡਰ ਵੀ ਕੁਝ ਵੀ ਬੋਲਣ ਤੋਂ ਪਹਿਲਾਂ ਸੋਚ ਲਿਆ ਕਰਨ।

ਵਿਵਾਦਗ੍ਰਸਤ ਬਿਆਨ ਬਣ ਚੁੱਕੇ ਹਨ ਵੜਿੰਗ ਦੀ ਪਹਿਚਾਣ
ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਹਿਚਾਣ ਹੁਣ ਵਿਵਾਦ ਵਾਲੇ ਬਿਆਨ ਬਣ ਚੁੱਕੇ ਹਨ। ਪਿਛਲੇ 2-3 ਮਹੀਨੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਜਦੋਂ ਵੀ ਨਾਂਅ ਸਾਹਮਣੇ ਆਇਆ ਤਾਂ ਉਸ ਪਿੱਛੇ ਕੋਈ ਨਾ ਕੋਈ ਬਿਆਨ ਹੀ ਸੀ। ਰਾਜਸਥਾਨ ਵਿਧਾਨ ਸਭਾ ਚੋਣਾਂ ਮੌਕੇ ਰਾਜਾ ਵੜਿੰਗ ਨੇ ਵੋਟ ਨਾ ਦੇਣ ‘ਤੇ ਪੰਜਾਬ ਆਉਣ ਵਾਲੇ ਰਾਜਸਥਾਨੀਆਂ ‘ਤੇ ਕੁੱਤੇ ਛੱਡਣ ਦਾ ਬਿਆਨ ਦਿੱਤਾ ਸੀ ਤਾਂ ਦੋ ਦਿਨ ਪਹਿਲਾਂ ਹੀ ਪੰਚਾਇਤੀ ਚੋਣਾਂ ਵਿੱਚ ਸਰਕਾਰ ਕੋਲ ਨਾਮਜ਼ਦਗੀ ਕਾਗ਼ਜ਼ ਇੱਧਰ-ਉੱਧਰ ਕਰਨ ਦੇ ਕਈ ਤਰੀਕੇ ਹੋਣ ਸਬੰਧੀ ਬਿਆਨ ਦਿੱਤਾ ਸੀ। ਹੁਣ ਤਾਜ਼ਾ ਹਨੂਮਾਨ ਚਾਲੀਸਾ ਦੇ ਵਿਵਾਦ ਵਿੱਚ ਰਾਜਾ ਵੜਿੰਗ ਫਸ ਗਏ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।