ਅਤੀਤ ਦੀਆਂ ਯਾਦਾਂ ਅਤੇ ਭਵਿੱਖ ’ਚ ਪਾਣੀ ਦੇ ਖਤਰੇ ਪ੍ਰਤੀ ਸੁਚੇਤ ਕਰਦਾ ਹੈ ਨਲਕਾ

ਅਤੀਤ ਦੀਆਂ ਯਾਦਾਂ ਅਤੇ ਭਵਿੱਖ ’ਚ ਪਾਣੀ ਦੇ ਖਤਰੇ ਪ੍ਰਤੀ ਸੁਚੇਤ ਕਰਦਾ ਹੈ ਨਲਕਾ

ਪੰਜਾਬੀ ਸੱਭਿਆਚਾਰ ਬਹੁਤ ਹੀ ਅਮੀਰ ਅਤੇ ਵਿਲੱਖਣਤਾ ਭਰਪੂਰ ਹੈ। ਇਸ ਦੀਆਂ ਵੱਖ-ਵੱਖ ਵੰਨਗੀਆਂ ਗਿੱਧਾ, ਭੰਗੜਾ, ਪਹਿਰਾਵਾ, ਗਹਿਣੇ, ਤੀਆਂ, ਤਿਉਹਾਰ, ਲੋਕ ਬੋਲੀਆਂ, ਛੰਦ, ਦਰੱਖਤ, ਬੂਟੇ, ਥਾਵਾਂ, ਖੂਹ, ਨਲਕੇ ਆਦਿ ਇਸ ਦੇ ਅਮੀਰੀ, ਖਾਸੀਅਤ, ਨਿਰੋਲਤਾ, ਵਿਲੱਖਣਤਾ ਆਦਿ ਦੀ ਗਵਾਹੀ ਭਰਦੇ ਹਨ। ਖੂਹਾਂ, ਟੋਭਿਆਂ, ਛੱਪੜਾਂ, ਨਹਿਰਾਂ, ਸੂਏ, ਕੱਸੀਆਂ ਦੇ ਪੁਲਾਂ ਲਾਗੇ ਲਾਏ ਨਲਕੇ, ਨਹਿਰਾਂ, ਸੂਇਆਂ ’ਚ ਬਣਾਏ ਘਾਟ ਵੀ ਸਾਡੇ ਪੰਜਾਬੀ ਸੱਭਿਆਚਾਰ ਦਾ ਅਟੁੱਟ ਅੰਗ ਹਨ, ਪਰ ਇਨ੍ਹਾਂ ਵਿੱਚੋਂ ਖੂਹ ਤੇ ਬਾਅਦ ਵਿੱਚ ਨਲਕੇ ਵੀ ਸਾਡੇ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅਤੇ ਜਰੂਰੀ ਹਿੱਸਾ ਰਹੇ ਹਨ। ਸੱਭਿਆਚਾਰ ਵਿੱਚ ਬਦਲਾਅ ਕੁਦਰਤੀ ਹੈ ਪਰ ਖੁਦਗਰਜ਼ੀ ਦੇ ਆਲਮ ਵਿੱਚ ਡੁੱਬ ਕੇ ਇਸ ਦੀਆਂ ਕਦਰਾਂ-ਕੀਮਤਾਂ ਅਤੇ ਅਮੀਰੀ ਨੂੰ ਢਾਹ ਲਾਉਣਾ ਤੇ ਵਿਰਾਸਤੀ ਵਸਤੂਆਂ ਦਾ ਖਾਤਮਾ ਕਰਕੇ ਬਦਲਾਅ ਲਿਆਉਣਾ ਸਮਝਦਾਰੀ ਨਹੀਂ ਕਿਹਾ ਜਾ ਸਕਦਾ।

ਪੁਰਾਣੇ ਸਮਿਆਂ ਵਿਚ ਜਦੋਂ ਆਵਾਜਾਈ ਦੇ ਸਾਧਨ ਨਾ-ਮਾਤਰ ਸਨ ਤਾਂ ਲੋਕ ਰਿਸ਼ਤਿਆਂ-ਨਾਤਿਆਂ ਨਾਲ ਮੇਲ-ਮਿਲਾਪ ਲਈ ਕੱਚੀਆਂ ਪਹੀਆਂ, ਰੇਤਲੇ ਰਾਹਾਂ ਤੋਂ ਪੈਦਲ ਚੱਲ ਕੇ ਜਾਂ ਗੱਡਿਆਂ, ਬਲਦ ਗੱਡੀਆਂ, ਤਾਂਗਿਆਂ, ਖੱਚਰ-ਰੇਹੜਿਆਂ ਰਾਹੀਂ ਜਾਂਦੇ ਸਨ। ਕਈ ਦਾਨੀ ਪੁਰਸ਼ ਪੀਣ ਦੇ ਪਾਣੀ ਦੇ ਇੰਤਜ਼ਾਮ ਲਈ ਪਿੱਪਲ, ਬੋਹੜ ਜਾਂ ਹੋਰ ਕੋਈ ਵੀ ਦਰੱਖਤਾਂ ਥੱਲੇ ਜਾਂ ਨੇੜੇ ਖੂਹ ਜਾਂ ਨਲਕਾ ਲਗਵਾ ਦਿੰਦੇ ਸਨ।
ਰਸਤੇ ਉੱਪਰ ਲੱਗੇ ਨਲਕੇ ਦੀ ਤਸਵੀਰ ਕੋਈ ਪੇਂਟਿੰਗ ਨਹੀਂ, ਅਸਲੀ ਅਤੇ ਕੈਮਰੇ ਦੀ ਖਿੱਚੀ ਹੈ।

ਇਸ ਤਰਸਯੋਗ ਹਾਲਤ ਵਿੱਚ ਹੱਥੀ ਤੋਂ ਬਗੈਰ ਅਤੇ ਵਿੰਗਾਂ ਅਤੇ ਟੇਢਾ ਹੋਇਆ ਅਧੂਰਾ ਦਿਸਦਾ ਨਲਕਾ ਜਦੋਂ ਲੱਗਾ ਹੋਵੇਗਾ, ਉਸ ਵੇਲੇ ਮਹੌਲ ਕਿੰਨੀ ਖੁਸ਼ੀ ਦੇ ਆਲਮ ਵਿੱਚੋਂ ਗੁਜ਼ਰਿਆ ਹੋਵੇਗਾ। ਉਸ ਭਲੇ ਪੁਰਸ਼ ਨੂੰ ਕਿੰਨੀਆਂ ਅਸੀਸਾਂ ਮਿਲੀਆਂ ਹੋਣਗੀਆਂ, ਜਿਸ ਨੇ ਕੜਕਦੀ ਧੁੱਪ ਅਤੇ ਬੇਹਾਲ ਹੋਏ ਇਸ ਰਸਤੇ ਤੋਂ ਗੁਜ਼ਰਦੇ ਪੈਦਲ ਅਤੇ ਸਾਈਕਲ ਸਵਾਰ ਪਿਆਸੇ ਰਾਹੀਆਂ ਦੀ ਹਾਲਤ ਦੇਖ ਕੇ ਇਸ ਪੁੰਨ ਦੇ ਕੰਮ ਲਈ ਅਹਿਦ ਕੀਤਾ ਹੋਵੇਗਾ। ਇਸ ਰਸਤੇ ਤੋਂ ਪੈਦਲ, ਬਲਦ ਗੱਡੀਆਂ, ਗੱਡੇ, ਖੱਚਰ-ਰੇਹੜੇ, ਤਾਂਗੇ ਆਦਿ ’ਤੇ ਜਾਂਦੇ ਕਿੰਨੇ ਹੀ ਰਾਹੀਆਂ ਦੀ ਇਸ ਨੇ ਆਪਣੇ ਸੀਤਲ ਅਤੇ ਮਿੱਠੇ ਜਲ ਨਾਲ ਪਿਆਸ ਬੁਝਾਈ ਹੋਵੇਗੀ ਤੇ ਅੱਤ ਦੀ ਗਰਮੀ ਵਿੱਚ ਉਹਨਾਂ ਦੇ ਤਪਦੇ ਸੀਨੇ ਠੰਢ ਪਾਈ ਹੋਵੇਗੀ।

ਸਾਂਝੀਵਾਲਤਾ ਅਤੇ ਇਨਸਾਨੀਅਤ ਦੇ ਸੂਚਕ ਇਸ ਨਲਕੇ ਨੇ ਆਪਣੇ ਪਾਣੀ ਨਾਲ ਕਿੰਨੀਆਂ ਖੁਸ਼ੀਆਂ ਵੰਡੀਆਂ ਹੋਣਗੀਆਂ। ਇਸ ਤੋਂ ਪਾਣੀ ਪੀ ਕੇ ਕਈਆਂ ਨੇ ਇਸ ਦੇ ਨਾਲ ਲੱਗੇ ਛਾਂਦਾਰ ਦਰੱਖਤ ਹੇਠ ਬੈਠ ਕੇ ਗੱਲਾਂ ਕੀਤੀਆਂ ਹੋਣਗੀਆਂ, ਪਰਿਵਾਰਕ ਰਿਸ਼ਤਿਆਂ ਦੀ ਸਾਂਝ ਪਾਈ ਹੋਵੇਗੀ ਅਤੇ ਜ਼ਿੰਦਗੀ ਦੇ ਅਗਲੇ ਮੁਕਾਮ ਲਈ ਕਦਮ ਪੁੱਟਿਆ ਹੋਵੇਗਾ।

ਇੱਥੇ ਬੈਠ ਆਪਣੇ ਗੁਫਤਗੂ ਦੌਰਾਨ ਕਈਆਂ ਨੇ ਆਪਣੇ ਬੱਚਿਆਂ ਦੇ ਪਰਿਵਾਰਕ ਭਵਿੱਖ ਦਾ ਫੈਸਲਾ ਲਿਆ ਹੋਵੇਗਾ। ਗੱਡਿਆਂ ’ਤੇ ਜਾਂਦੀਆਂ ਬਰਾਤਾਂ, ਖੁਸ਼ੀ ਜਾਂ ਗਮੀ ’ਤੇ ਜਾਂਦੇ ਰਾਹੀਆਂ ਨੇ ਇੱਥੇ ਰੁਕ ਕੇ ਇਸ ਦੇ ਪਾਣੀ ਨਾਲ ਪਿਆਸ ਬੁਝਾ ਕੇ ਅਗਲੇ ਸਫਰ ਲਈ ਕਦਮ ਪੁੱਟਿਆ ਹੋਵੇਗਾ। ਖੇਤਾਂ ਵਿੱਚ ਕੰਮ ਕਰਦੇ ਕਾਮੇ ਇਸ ਤੋਂ ਪਾਣੀ ਪੀ ਕੇ ਕੰਮ ਵਿੱਚ ਜੁਟ ਜਾਂਦੇ ਹੋਣਗੇ ਅਤੇ ਇਸ ਰਸਤੇ ਤੋਂ ਲੰਘਦੇ ਕਾਮੇ ਇਸ ਤੋਂ ਪਾਣੀ ਪੀ ਕੇ ਅੱਗੋਂ ਲਈ ਘੜਾ ਭਰ ਲੈਂਦੇ ਹੋਣਗੇ ਤਾਂ ਜੋ ਲੋੜ ਪੈਣ ’ਤੇ ਪਿਆਸ ਬੁਝਾਈ ਜਾ ਸਕੇ।

ਘਰਾਂ ਦੀਆਂ ਸੁਆਣੀਆਂ ਜਦੋਂ ਹਾਲੀਆਂ ਲਈ ਭੱਤਾ ਲੈ ਕੇ ਜਾਂਦੀਆਂ ਹੋਣਗੀਆਂ ਤਾਂ ਵੀ ਇਸ ਤੋਂ ਪਾਣੀ ਭਰਕੇ ਲਿਜਾਂਦੀਆਂ ਹੋਣਗੀਆਂ। ਜਦੋਂ ਕਿਸੇ ਨਵ-ਵਿਆਹੀ ਮੁਟਿਆਰ ਨੇ ਵੀ ਆਪਣੇ ਚੂੜੇ ਵਾਲੇ ਹੱਥਾਂ ਨਾਲ ਇਸ ਨੂੰ ਗੇੜ ਕੇ ਆਪਣੇ ਸਾਥੀ ਦੀ ਪਿਆਸ ਬੁਝਾਈ ਹੋਵੇਗੀ, ਉਸ ਵੇਲੇ ਦੇ ਦੋਵਾਂ ਦੇ ਅੰਦਰੂਨੀ ਹਾਵ-ਭਾਵ ਅਤੇ ਮੋਹ ਦੇ ਪਲ ਵੀ ਇਸ ਕੋਲ ਸਾਂਭੇ ਹੋਣੇ ਨੇ। ਬੱਚਿਆਂ ਨੇ ਇਹਦੇ ਮੂੰਹ ਅੱਗੇ ਹੱਥ ਲਾ ਕੇ ਇਹਦਾ ਪਾਣੀ ਬੰਦ ਕਰਕੇ ਮਰਵਾਏ ਫੁਹਾਰਿਆਂ ਨਾਲ ਜੋ ਖੁਸ਼ੀ ਅਤੇ ਸਕੂਨ ਮਹਿਸੂਸ ਕੀਤਾ ਹੋਵੇਗਾ ਉਹ ਸ਼ਬਦਾਂ ਦੇ ਜ਼ਿਕਰ ਤੋਂ ਕਿਤੇ ਦੂਰ ਹੈ। ਇਸ ਤਰ੍ਹਾਂ ਆਪਣੀ ਜ਼ਿੰਦਗੀ ਦੇ ਖੱਟੇ-ਮਿੱਠੇ ਤਜ਼ਰਬਿਆਂ ਅਤੇ ਹੁਸੀਨ ਯਾਦਾਂ ਨੂੰ ਆਪਣੀ ਬੁੱਕਲ ਵਿੱਚ ਸਮੋਈ ਇਹ ਨਲਕਾ ਇਸ ਮੁਕਾਮ ’ਤੇ ਪਹੁੰਚਿਆ, ਇਸੇ ਗੱਲ ਦੀ ਗਵਾਹੀ ਭਰਦਾ ਹੈ।

ਜਿਵੇਂ ਹੀ ਸਮੇਂ ਨੇ ਕਰਵਟ ਲਈ, ਪੰਜਾਬ ਵਿੱਚ ਹਰੀ ਕ੍ਰਾਂਤੀ ਆਈ। ਧਰਤੀ ਦੀ ਹਿੱਕ ’ਚੋਂ ਫਸਲਾਂ ਦਾ ਜ਼ਿਆਦਾ ਝਾੜ ਲੈਣ ਲਈ ਮਨੁੱਖ ਨੂੰ ਜਿਵੇਂ ਹੀ ਪਾਣੀ ਦੀ ਵੱਧ ਲੋੜ ਮਹਿਸੂਸ ਹੋਈ ਤਾਂ ਧਰਤੀ ’ਚੋਂ ਵੱਧ ਪਾਣੀ ਕੱਢਣ ਲਈ ਹਰ ਹਰਬਾ ਵਰਤਣਾ ਸ਼ੁਰੂ ਕਰ ਦਿੱਤਾ ਅਤੇ ਵਾਧੂ ਪਾਣੀ ਜੁਟਾਉਣ ਲਈ ਖੂਹਾਂ ਦੀ ਥਾਂ ਟਿਊਬਵੈੱਲ ਲਾਉਣ ਦੀ ਸ਼ੁਰੂਆਤ ਹੋ ਗਈ। ਅੱਜ-ਕੱਲ੍ਹ ਸਬਮਰਸੀਬਲ ਪੰਪ ਆਮ ਹੋ ਗਏ ਹਨ। ਇਸ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਨੀਵਾਂ ਹੀ ਨੀਵਾਂ ਹੁੰਦਾ ਗਿਆ। ਪਹਿਲਾਂ ਖੂਹਾਂ ਦਾ ਪਾਣੀ ਸੁੱਕਿਆ, ਫਿਰ ਹੌਲੀ-ਹੌਲੀ ਨਲਕਿਆਂ ਦੀ ਪਹੁੰਚ ਤੋਂ ਦੂਰ ਹੁੰਦਾ ਗਿਆ ਅਤੇ ਨਲਕਿਆਂ ਦੀ ਕਦਰ ਘਟਦੀ ਗਈ। ਦੂਸਰੇ ਆਵਾਜਾਈ ਦੇ ਸਾਧਨਾਂ ਸਾਈਕਲ, ਸਕੂਟਰ, ਮੋਟਰਸਾਈਕਲ, ਕਾਰਾਂ, ਬੱਸਾਂ ਆਦਿ ਦੀ ਤਰੱਕੀ ਨਾਲ ਵੀ ਨਲਕਿਆਂ ਦੀ ਲੋੜ ਵਿਚ ਕਮੀ ਆਉਣਾ ਸੁਭਾਵਿਕ ਸੀ।

ਇਸ ਦੀ ਲੋੜ ਮਹਿਸੂਸ ਨਾ ਹੋਣ ’ਤੇ ਇਸ ਕੋਲ ਖੜ੍ਹੇ ਦਰੱਖਤ ਨੂੰ ਵੱਢ ਕੇ ਮਨੁੱਖ ਨੇ ਆਪਣੀ ਜ਼ਿੰਦਗੀ ਦੀਆਂ ਲੋੜਾਂ ਦੀ ਪੂਰਤੀ ਕਰ ਲਈ। ਮਨੁੱਖ ਦੀ ਪੀਣ ਦੇ ਪਾਣੀ ਦੀ ਲੋੜ ਪੂਰੀ ਕਰ ਸਕਣ ਤੋਂ ਅਸਮਰੱਥ ਇਸ ਨਲਕੇ ਦੀ ਮੁਰੰਮਤ ਕਰਾਉਣੀ ਜਰੂਰੀ ਨਹੀਂ ਸਮਝੀ ਗਈ ਅਤੇ ਅੱਜ ਇਸ ਹਾਲਤ ਵਿੱਚ ਮਨੁੱਖ ਨੂੰ ਭਵਿੱਖ ਵਿਚ ਪੀਣ ਦੇ ਪਾਣੀ ਦੇ ਖਤਰੇ ਪ੍ਰਤੀ ਸੁਚੇਤ ਵੀ ਕਰਦਾ ਲੱਗਦਾ ਹੈ। ਇਸ ਦੇ ਦੁਆਲੇ ਪਾਟੀਆਂ ਤਰੇੜਾਂ ਧਰਤੀ ’ਚੋਂ ਪਾਣੀ ਦੇ ਖਾਤਮੇ ਅਤੇ ਭਵਿੱਖ ਵਿੱਚ ਮੰਡਰਾ ਰਹੇ ਪਾਣੀ ਦੇ ਗੰਭੀਰ ਖਤਰੇ ਤੇ ਸੰਕਟ ਵੱਲ ਇਸ਼ਾਰਾ ਕਰਦੀਆਂ ਹਨ। ਸਾਨੂੰ ਇਸ ਖਤਰੇ ਪ੍ਰਤੀ ਗੰਭੀਰ ਹੋਣ ਜਰੂਰਤ ਹੈ। ਆਓ! ਭਵਿੱਖ ਦੇ ਖਤਰੇ ਨੂੰ ਭਾਂਪਦਿਆਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਇਸ ਦੀ ਸੰਕੋਚ ਨਾਲ ਵਰਤੋਂ ਕਰੀਏ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੌਗਾਤ ਵਜੋਂ ਧਰਤੀ ਹੇਠ ਪੀਣ ਜੋਗਾ ਪਾਣੀ ਛੱਡ ਕੇ ਜਾਈਏ।
ਇੰਜੀ. ਸਤਨਾਮ ਸਿੰਘ ਮੱਟੂ,
ਬੀਂਬੜ, ਸੰਗਰੂਰ।
ਮੋ. 97797-08257

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ