ਚਾਰ ਘੰਟਿਆਂ ਬਾਅਦ ਵੀ ਨਹੀਂ ਨਿਕਲਿਆ ਮੀਂਹ ਦਾ ਪਾਣੀ
(ਰਜਿੰਦਰ ਸ਼ਰਮਾ/ਮਨੋਜ਼ ਸ਼ਰਮਾ) ਬਰਨਾਲਾ/ਹੰਡਿਆਇਆ। ਬੇਸ਼ੱਕ ਅਗਾਮੀ ਚੋਣਾਂ ਦੇ ਮੱਦੇਨਜ਼ਰ ਸੱਤਾਧਾਰੀ ਸਥਾਨਕ ਆਗੂਆਂ ਵੱਲੋਂ ਹਰ ਰੋਜ਼ ਕੋਈ ਨਾ ਕੋਈ ਵਿਕਾਸ ਕਾਰਜ ਦੇ ਕੰਮ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਪ੍ਰੰਤੂ ਕੋਰਟ ਚੌਂਕ ਲਾਗਲੇ ਭਾਈ ਜੀਤਾ ਸਿੰਘ ਕੰਪਲੈਕਸ ਦੀ ਕੋਈ ਵੀ ਸਾਰ ਨਹੀਂ ਲੈ ਰਿਹਾ। ਜਿੱਥੇ ਸਾਫ਼-ਸਫ਼ਾਈ ਤੋਂ ਇਲਾਵਾ ਮੀਂਹ ਦੇ ਪਾਣੀ ਦੇ ਨਿਕਾਸ ਦਾ ਉੱਕਾ ਹੀ ਪ੍ਰਬੰਧ ਨਹੀਂ ਹੈ ਜਿਸ ਕਾਰਨ ਕੰਪਲੈਕਸ ’ਚ ਬੈਠ ਆਪਣਾ ਕੰਮ ਚਲਾਉਂਦੇ ਦੁਕਾਨਦਾਰਾਂ/ਵਪਾਰੀਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਅੱਜ ਸਵੇਰ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਇੱਕ ਵਾਰ ਫ਼ਿਰ ਸ਼ਹਿਰ ਦੇ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਸੱਤਾਧਾਰੀ ਧਿਰ ਵੱਲੋਂ ਭਾਵੇਂ ਸ਼ਹਿਰ ’ਚ ਵਿਕਾਸ ਤਹਿਤ ਕਰੋੜਾਂ ਰੁਪਏ ਦੀ ਲਾਗਤ ਨਾਲ ਸੀਵਰੇਜ ਸਿਸਟਮ ਦਰੁਸ਼ਤ ਕਰਨ ਸਮੇਤ ਅਨੇਕਾਂ ਹੋਰ ਕਾਰਜ ਕਰਵਾਉਣ ਦੇ ਦਮਗਜੇ ਮਾਰੇ ਜਾ ਰਹੇ ਹਨ। ਪਰ ਸਥਿਤੀ ਹਾਲੇ ਵੀ ਜਿਉਂ ਦੀ ਤਿਉਂ ਬਣੀ ਹੋਈ ਹੈ। ਮਾਮੂਲੀ ਬਾਰਸ਼ ਹੋਣ ’ਤੇ ਕਈ-ਕਈ ਘੰਟੇ ਖੜ੍ਹਾ ਪਾਣੀ ਰਾਹਗੀਰਾਂ ਤੇ ਸਥਾਨਕ ਦੁਕਾਨਦਾਰਾਂ ਲਈ ਮੁਸੀਬਤਾਂ ਦਾ ਕਾਰਨ ਬਣ ਰਿਹਾ ਹੈ। ਇਸੇ ਤਰ੍ਹਾਂ ਦੀ ਹਾਲਤ ਸਥਾਨਕ ਕੋਰਟ ਚੌਂਕ ਲਾਗਲੇ ਭਾਈ ਜੀਤਾ ਸਿੰਘ ਕੰਪਲੈਕਸ ਦੀ ਹੈ ਜਿਸ ਦੀ ਪਿਛਲੇ ਕਈ ਸਾਲਾਂ ਤੋਂ ਕਿਸੇ ਰਾਜਸੀ ਨੇਤਾ ਨੇ ਵੀ ਸਾਰ ਨਹੀ ਲਈ।
ਜਿਸ ਕਾਰਨ ਇਸ ਕੰਪਲੈਕਸ ’ਚ ਸਾਫ਼ ਸਫਾਈ, ਪਖਾਨਿਆਂ ਦਾ ਮੰਦੜਾ ਹਾਲ ਕਿਸੇ ਤੋਂ ਵੀ ਲੁਕਿਆ- ਛੁਪਿਆ ਨਹੀਂ ਹੈ। ਪਿਛਲੇ ਕਈ ਦਿਨਾਂ ਤੋਂ ਜ਼ਿਲ੍ਹੇ ਅੰਦਰ ਰੁਕ-ਰੁਕ ਕੇ ਪੈ ਰਿਹਾ ਮੀਂਹ ਕੰਪਲੈਕਸ ਦੀਆਂ ਉਕਤ ਸਮੱਸਿਆਵਾਂ ’ਚ ਵਾਧਾ ਕਰ ਰਿਹਾ ਹੈ। ਅੱਜ ਸਵੇਰ ਤੋਂ ਲੈ ਕੇ ਵਾਰ-ਵਾਰ ਆਉਣ ਵਾਲੀ ਬਰਸਾਤ ਨਾਲ ਇਸ ਕੰਪਲੈਕਸ ’ਚ ਭਾਰੀ ਮਾਤਰਾ ’ਚ ਪਾਣੀ ਜਮ੍ਹਾ ਹੋ ਗਿਆ ਹੈ ਜੋ ਵਪਾਰੀਆਂ ਤੇ ਦੁਕਾਨਦਾਰਾਂ ਲਈ ਸਿਰਦਰਦੀ ਸਾਬਤ ਹੋ ਰਿਹਾ ਹੈ।
ਅੱਧੇ ਘੰਟੇ ਦੇ ਮੀਂਹ ਕਾਰਨ ਭਾਈ ਜੀਤਾ ਸਿੰਘ ਕੰਪਲੈਕਸ ਨੇ ਝੀਲ ਦਾ ਰੂਪ ਧਾਰਨ ਕਰ ਲਿਆ ਹੈ ਜੋ ਕੰਪਲੈਕਸ ’ਚ ਆਉਣ ਜਾਣ ਵਾਲਿਆਂ ਲਈ ਦਿੱਕਤਾਂ ਦਾ ਸਬੱਬ ਬਣ ਰਿਹਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਸ਼ਹਿਰ ਅੰਦਰ ਦੇ ਸਦਰ ਬਜ਼ਾਰ, ਪੁਰਾਣਾ ਸਿਨੇਮਾ, ਜੰਡਾ ਵਾਲਾ ਰੋਡ, ਰਾਮਗੜੀਆ ਰੋਡ ਆਦਿ ’ਤੇ ਮੀਂਹ ਦਾ ਪਾਣੀ ਤਕਰੀਬਨ ਚਾਰ ਘੰਟਿਆਂ ਬਾਅਦ ਵੀ ਜਿਉਂ ਦੀ ਤਿਉਂ ਖੜ੍ਹਾ ਸੀ। ਓਮੇਗਾ ਆਈਲੈਟਸ ਸੈਂਟਰ ਦੇ ਦੀਕਸਤ ਗੋਇਲ ਨੇ ਕਿਹਾ ਕਿ ਉਹ ਇੱਥੇ ਆਈਲੈਟਸ ਸੈਂਟਰ ਚਲਾਉਂਦੇ ਹਨ ਪਰ ਮਾਮੂਲੀ ਮੀਂਹ ਪਿੱਛੋਂ ਉਹਨਾਂ ਨੂੰ ਭਾਰੀ ਮੁਸ਼ਕਿਲਾਂ ਪੇਸ ਆਉਂਦੀਆਂ ਹਨ। ਕਿਉਂਕਿ ਇਸੇ ਪਾਰਕ ’ਚ ਜਿੱਥੇ ਉਹਨਾਂ ਦੇ ਵਿਦਿਆਰਥੀਆਂ ਦੇ ਵਹੀਕਲ ਆਦਿ ਖੜ੍ਹਦੇ ਹਨ, ਉੱਥੇ ਹੀ ਸਮੇਂ ਸਿਰ ਸਾਫ-ਸਫਾਈ ਨਾ ਹੋਣਾ ਵੀ ਸਿਰਦਰਦੀ ਹੀ ਦਿੰਦਾ ਹੈ। ਇਸ ਤੋਂ ਇਲਾਵਾ ਇੱਥੇ ਸਟਰੀਟ ਲਾਈਟਾਂ ਦਾ ਵੀ ਬੇਹੱਦ ਬੁਰਾ ਹਾਲ ਹੈ ਕਿਉਂਕਿ ਕਈ ਸਾਲ ਪਹਿਲਾਂ ਲਗਾਏ ਗਏ ਪੋਲਾਂ ਨੂੰ ਹਾਲੇ ਤੱਕ ਸਪਲਾਈ ਵੀ ਨਹੀਂ ਦਿੱਤੀ ਗਈ।
ਕੰਪਲੈਕਸ ਵਿਕਾਸ ਮੰਗਦੈ, ਵਿਨਾਸ ਨਹੀਂ
ਸ਼ਹਿਰ ਵਾਸੀ ਪਰਮਪਾਲ ਸਿੰਘ ਨੇ ਕਿਹਾ ਕਿ ਮਿਉਂਸਪਲ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਕੰਪਲੈਕਸ ਅੰਦਰ ਬਰਸਾਤੀ ਪਾਣੀ ਦੇ ਨਿਕਾਸ ਦੇ ਢੁਕਵੇਂ ਪ੍ਰਬੰਧ ਕਰੇ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਮਿਉਂਸਪਲ ਕਮੇਟੀ ਅੱਗੇ ਇਹ ਮੰਗ ਰੱਖੀ ਜਾ ਰਹੀ ਹੈ ਪਰ ਕਿਸੇ ਦਾ ਵੀ ਇਸ ਸਮੱਸਿਆ ਨੂੰ ਹੱਲ ਕਰਨ ਵੱਲ ਕੋਈ ਧਿਆਨ ਨਹੀ। ਉਨਾਂ ਕਿਹਾ ਕਿ ਭਾਈ ਜੀਤਾ ਸਿੰਘ ਕੰਪਲੈਕਸ ਵੀ ਵਿਕਾਸ ਮੰਗਦਾ ਹੈ ਨਾ ਕਿ ਵਿਨਾਸ। ਉਨਾਂ ਕਿਹਾ ਕਿ ਕੈਪਲੈਕਸ ’ਚ ਸਾਫ਼ ਸਫ਼ਾਈ ਵੀ ਉਨਾਂ ਨੂੰ ਆਪਣੇ ਦਮ ’ਤੇ ਕਰਵਾਉਣੀ ਪੈਂਦੀ ਹੈ, ਕਿਉਂਕਿ ਕਮੇਟੀ ਅਹੁਦੇਦਾਰ ਸੁਣਦੇ ਹੀ ਨਹੀ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ