Hailstorm Punjab: ਗੜ੍ਹੇਮਾਰੀ ਨਾਲ ਖਰਬੂਜ਼ੇ, ਤਰਬੂਜ਼ ਅਤੇ ਸਬਜ਼ੀਆਂ ਦੀਆਂ ਫਸਲਾਂ ਤਬਾਹ

Hailstorm Punjab
ਪਿੰਡ ਸੁਨਿਆਰਹੇੜੀ ਵਿਖੇ ਗੜਿਆਂ ਨਾਲ ਖਰਾਬ ਹੋਈ ਖਰਬੂਜੇ ਅਤੇ ਤਰਬੂਜ ਦੀ ਫਸਲ ਦਿਖਾਉਂਦੇ ਹੋਏ ਕਿਸਾਨ। ਤਸਵੀਰ: ਰਾਮ ਸਰੂਪ ਪੰਜੋਲਾ

ਕਿਸਾਨਾਂ ਵੱਲੋਂ ਪੰਜਾਬ ਸਰਕਾਰ ਤੋਂ ਮੁਆਵਜੇ ਦੀ ਮੰਗ

Hailstorm Punjab: (ਰਾਮ ਸਰੂਪ ਪੰਜੌਲਾ) ਡਕਾਲਾ। ਹਲਕਾ ਸਨੌਰ ਦੇ ਪਿੰਡ ਸੁਨਿਆਰਹੇੜੀ ਵਿਖੇ ਪਿਛਲੇ ਦਿਨੀਂ ਪਏ ਗੜ੍ਹਿਆਂ ਅਤੇ ਬਰਸਾਤ ਨੇ ਕਿਸਾਨਾਂ ਦੀ ਖਰਬੂਜ਼ੇ, ਤਰਬੂਜ਼ ਅਤੇ ਸਬਜ਼ੀਆਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ। ਗੜਿਆਂ ਨੇ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਫਸਲ ਤਬਾਹ ਕਰਕੇ ਰੱਖ ਦਿੱਤੀ ਹੈ।

ਪਿੰਡ ਦੇ ਕਿਸਾਨਾਂ ਨੇ ਦੱਸਿਆ ਕਿ ਖਰਬੂਜ਼ੇ ਅਤੇ ਤਰਬੂਜ਼ਾਂ ਦੇ 70 ਤੋਂ 80 ਕਿੱਲੇ ਗੜ੍ਹਿਆਂ ਨਾਲ ਖਰਾਬ ਹੋਣ ਕਰਕੇ ਲਗਭਗ 40 ਤੋਂ 50 ਲੱਖ ਦਾ ਨੁਕਸਾਨ ਹੋ ਗਿਆ ਹੈ ਜਿਨਾਂ ਵਿੱਚ ਬਲਦੇਵ ਸਿੰਘ ਦੇ ਖਰਬੂਜ਼ੇ ਅਤੇ ਤਰਬੂਜ਼ ਦੇ 9 ਏਕੜ, ਗੁਰਪ੍ਰੀਤ ਸਿੰਘ ਦੇ 8 ਏਕੜ, ਅਰਸ਼ਪ੍ਰੀਤ ਸਿੰਘ ਦੇ 10 ਏਕੜ, ਸੰਦੀਪ ਸਿੰਘ ਦੇ 10 ਏਕੜ, ਹਰਦੀਪ ਸਿੰਘ ਦੇ 5 ਏਕੜ, ਨਵਦੀਪ ਸਿੰਘ ਦੇ 6 ਏਕੜ, ਜਸਪਾਲ ਸਿੰਘ ਦੇ 7 ਏਕੜ, ਰਾਏ ਸਿੰਘ ਦਾ ਡੇਢ ਏਕੜ, ਭੁਪਿੰਦਰ ਸਿੰਘ ਦੇ 6 ਏਕੜ, ਹੇਮ ਸਿੰਘ ਦੇ 5 ਏਕੜ, ਹਰਮੇਸ਼ ਸਿੰਘ ਦੇ ਢਾਈ ਏਕੜ ਭਿੰਡੀ, ਜੋਧਾ ਸਿੰਘ ਦਾ 1 ਏਕੜ ਤੇ ੳਜਾਗਰ ਸਿੰਘ ਦਾ 1 ਏਕੜ ਦਾ ਨਕਸਾਨ ਹੋਇਆ ਹੈ।

ਇਹ ਵੀ ਪੜ੍ਹੋ: School News: ਮਿਸ਼ਨ ਸਮਰੱਥ 3.0 ਨੂੰ ਕਾਮਯਾਬ ਬਣਾਉਣ ਲਈ ਜ਼ਿਲ੍ਹੇ ਦੇ ਸਮੂਹ ਸਕੂਲ ਮੁਖੀਆਂ ਨਾਲ ਹੋਈ ਅਹਿਮ ਮੀਟਿੰਗ

ਕਿਸਾਨਾਂ ਨੇ ਦੱਸਿਆ ਕਿ ਉਹਨਾਂ ਨੇ ਇਹ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਵਿਭਿੰਨਤਾ ਨੂੰ ਮੁੱਖ ਰੱਖਦੇ ਹੋਏ ਇਹਨਾਂ ਫਸਲਾਂ ਦੀ ਖੇਤੀ ਕੀਤੀ ਸੀ ਪਰ ਬੇਮੌਸਮੇ ਮੀਂਹ ਤੇ ਗੜ੍ਹਿਆਂ ਨੇ ਉਹਨਾਂ ਦੀਆਂ ਆਸਾਂ ’ਤੇ ਪਾਣੀ ਫੇਰ ਕੇ ਰੱਖ ਦਿੱਤਾ ਹੈ। ਪ੍ਰਭਾਵਿਤ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜੋ ਵੀ ਸਾਡਾ ਨੁਕਸਾਨ ਹੋਇਆ ਹੈ ਸਰਕਾਰ ਸਾਨੂੰ ਉਸਦਾ ਮੁਆਵਜ਼ਾ ਦੇਵੇ ਇਸ ਸਬੰਧੀ ਜਦੋਂ ਹਲਕਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਸਬਜ਼ੀਆਂ ਅਤੇ ਫਲਾਂ ਦੀਆਂ ਫਸਲਾਂ ਦਾ ਜੋ ਵੀ ਗੜਿਆਂ ਅਤੇ ਮੀਂਹ ਨਾਲ ਨੁਕਸਾਨ ਹੋਇਆ ਹੈ ਉਸ ਦੀ ਵੱਧ ਤੋ ਵੱਧ ਸਰਕਾਰ ਕਿਸਾਨਾਂ ਦੀ ਮੱਦਦ ਕਰੇਗੀ।