ਜਿਮਨਾਸਟ ਦੀਪਾ ਕਰਮਾਰਕ ਦਾ ਗਰੀਬੀ ਤੋਂ ਓਲੰਪਿਕ ਫਾਈਨਲ ਤੱਕ ਦਾ ਸਫ਼ਰ

ਸਰਸਾ, (ਸੱਚ ਕਹੂੰ ਨਿਊਜ਼)। ਤੰਗੀਆਂ-ਤੁਰਸ਼ੀਆਂ ਨੂੰ ਮਾਤ ਦੇਣ ਵਾਲੀ ਦੀਪਾ ਕਰਮਾਕਰ ਦਾ ਨਾਂਅ ਅੱਜ ਪੂਰੇ ਵਿਸ਼ਵ ‘ਚ ਗੂੰਜ਼ ਰਿਹਾ ਹੈ। ਪਹਿਲੀ ਵਾਰ ਜਦੋਂ ਉਸ ਨੇ ਇੱਕ ਜਿਮਨਾਸਟਿਕ ਮੁਕਾਬਲੇ ‘ਚ ਹਿੱਸਾ ਲਿਆ ਸੀ ਤਾਂ ਉਸ ਦੇ ਪੈਰੀਂ ਬੂਟ ਵੀ ਨਹੀਂ ਸਨ। ਕਾਸਟਿਊਮ ਵੀ ਉਸ ਨੇ ਕਿਸੇ ਦਾ ਮੰਗ ਕੇ ਪਾਇਆ ਸੀ ਜੋ ਉਸ ਨੂੰ ਪੂਰੀ ਤਰ੍ਹਾਂ ਫਿੱਟ ਵੀ ਨਹੀਂ ਸੀ। ਪਰ ਐਤਵਾਰ ਹੋਏ ਜਿਮਨਾਸਨਿਕ ਦੇ ਮੁਕਾਬਲੇ ‘ਚ ਉਸ ਨੇ ਫਾਈਨਲ ‘ਚ ਜਗ੍ਹਾ ਬਣਾ ਕੇ ਇਤਿਹਾਸ ਰਚ ਦਿੱਤਾ।

52 ਵਰ੍ਹਿਆਂ ਬਾਅਦ ਓਲੰਪਿਕ ਖੇਡਾਂ ਦੇ ਜਿਮਨਾਸਟਿਕ ਮੁਕਾਬਲੇ ‘ਚ ਪਹਿਲੀ ਭਾਰਤੀ ਮਹਿਲਾ ਐਥਲੀਟ ਵਜੋਂ ਕਵਾਲੀਫਾਈ ਕਰਕੇ ਪਹਿਲਾਂ ਹੀ ਇਤਿਹਾਸ ਰਚ ਚੁੱਕੀ ਦੀਪਾ ਕੁਰਮਾਕਰ ਨੇ ਰੀਓ ਓਲੰਪਿਕ ਦੇ ਵਾਲਟ ਦੇ ਫਾਈਨਲ ‘ਚ ਦਾਖ਼ਲਾ ਕਰ ਕੇ ਇੱੱਕ ਹੋਰ ਇਤਿਹਾਸ ਰਚ ਦਿੱਤਾ। ਦੀਪਾ ਜਿਮਨਸਾਨਿਕ ਦੀਆਂ ਸਾਰੀਆਂ ਪੰਜ ਕਵਾਲੀਫਿਕੇਸ਼ਨ ਸਬਡਿਵੀਜਨ ਮੁਕਾਬਲੇ ਦੀ ਸਮਾਪਤੀ ਤੋਂ ਬਾਅਦ ਵਾਲਟ ‘ਚ ਅੱਠਵੇਂ ਸਥਾਨ ‘ਤੇ ਰਹੀ,ਜੋ ਫਾਈਨਲ ‘ਚ ਕੁਵਾਲੀਫਾਈ ਕਰਨ ਲਈ ਆਖ਼ਰੀ ਸਥਾਨ ਸੀ।

ਦੀਪਾ ਨੇ ਤੀਸਰੀ ਸਬਡਿਵਜਨ ਕਵਾਲੀਫਾਇੰਗ ਮੁਕਾਬਲੇ ਦੇ ਵਾਲਟ ‘ਚ 14.850 ਅੰਕ ਪ੍ਰਾਪਤ ਕੀਤੇ। ਦੀਪਾ ਨੇ ਵਾਲਟ ‘ਚ ਬੇਹੱਦ ਮੁਸ਼ਕਲ ਮੰਨੇ ਜਾਣ ਵਾਲੇ ਪ੍ਰੋਦੁਨੋਵਾ ਨੂੰ ਸਫ਼ਲਤਾਪੂਰਵਕ ਅੰਜ਼ਾਮ ਦਿੱਤਾ ਅਤੇ ਰੀਓ 2016 ‘ਚ ਅਜਿਹਾ ਕਰਨ ਵਾਲੀ ਉਹ ਇੱਕ-ਇੱਕ ਜਿਮਨਾਸਟ ਰਹੀ। ਦੀਪਾ ਕੋਲ ਹੁਣ ਓਲੰਪਿਕ ‘ਚ ਜਿਮਨਾਸਨਿਕ ‘ਚ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣਨ ਦਾ ਸੁਨਹਿਰਾ ਮੌਕਾ ਹੈ।

ਵਾਧੂ ਖੇਡ ਫੰਡਾਂ ਦੀ ਘਾਟ ਕਾਰਨ ਵੀ ਦੀਪਾ ਕਰਮਾਕਰ ਨੇ ਕਦੇ ਹਾਰ ਨਹੀਂ ਮੰਨੀ ਅਤੇ ਸਫ਼ਲਤਾ ਨੇ ਖੁਦ-ਬ-ਖੁਦ ਉਸ ਦੇ ਕਦਮ ਚੁੰਮੇ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਦੀਪਾ ਦੇ ਪੈਰ ਚਪਟੇ ਆਕਾਰ ਦੇ ਹਨ, ਜਿਮਨਾਸਟਿਕ ਮਾਹਿਰਾਂ ਅਨੁਸਾਰ ਚਪਟੇ ਪੈਰ ਜਿਮਨਾਸਟਿਕ ‘ਚ ਸਭ ਤੋਂ ਵੱਡਾ ਅੜਿੱਕਾ ਮੰਨੇ ਜਾਂਦੇ ਹਨ, ਪਰ ਮਾਹਿਰਾਂ ਦਾ ਇਹ ਵਿਸ਼ਲੇਸ਼ਣ ਦੀਪਾ ਨੇ ਗ਼ਲਤ ਸਾਬਤ ਕਰ ਦਿੱਤਾ। ਦੀਪਾ ਕਰਮਾਕਰ ਦੀਆਂ ਉਪਲੱਬਧੀਆਂ ਕਾਬਲੇ ਗੌਰ ਹਨ।  ਦੀਪਾ ਕਰਮਾਕਰ  ਨੇ 2007 ਦੀਆਂ ਰਾਸ਼ਟਰੀ ਖੇਡਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਦੀਪਾ 2014 ਦੀਆਂ ਕਾਮਨ ਵੈਲਥ ਖੇਡਾਂ ‘ਚ ਮੈਡਲ ਜਿੱਤਣ ਵਾਲੀਪਹਿਲੀ ਭਾਰਤੀ ਬਣੀ।