ਗੁਰੂ ਕਾਸ਼ੀ ਯੂਨੀਵਰਸਿਟੀ ਨੇ ਉੱਘੇ ਲੇਖਕ, ਸਾਹਿਤਕਾਰ ਡਾ. ਸਾਕ ਮੁਹੰਮਦ ਨੂੰ ਦਿੱਤੀ ਸ਼ਰਧਾਂਜ਼ਲੀ
(ਸੁਖਨਾਮ) ਬਠਿੰਡਾ। ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵੱਲੋਂ ਉੱਘੇ ਸਾਹਿਤਕਾਰ, ਅਧਿਆਪਕ ਤੇ ਆਲੋਚਕ (Dr. Saak Mohammad) ਡਾ. ਸਾਕ ਮੁਹੰਮਦ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਜੀ.ਕੇ.ਯੂ ਵੱਲੋਂ ਇੱਕ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਡਾ. ਨੀਲਮ ਗਰੇਵਾਲ (ਉੱਪ ਕੁਲਪਤੀ), ਡਾ. ਜਗਤਾਰ ਸਿੰਘ ਧੀਮਾਨ (ਪ੍ਰੋ. ਵਾਈਸ ਚਾਂਸਲਰ), ਡਾ. ਪੁਸ਼ਪਿੰਦਰ ਸਿੰਘ ਔਲਖ (ਪ੍ਰੋ. ਵਾਈਸ ਚਾਂਸਲਰ), ਵੱਖ-ਵੱਖ ਵਿਭਾਗਾਂ ਦੇ ਡੀਨ, ਫੈਕਲਟੀ ਮੈਂਬਰਾਂ ਤੇ ਕਰਮਚਾਰੀਆਂ ਨੇ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ । ਇਸ ਮੌਕੇ ਡਾ. ਸਤਨਾਮ ਸਿੰਘ ਜੱਸਲ (ਡੀਨ) ਨੇ ਭਾਵੁਕ ਹੁੰਦੇ ਹੋਏ ਡਾ. ਸਾਕ ਦੇ ਜੀਵਨ ਸੰਘਰਸ਼ ਬਾਰੇ ਚਾਨਣਾ ਪਾਇਆ ਤੇ ਦੱਸਿਆ ਕਿ ਸਿਸਟਮ ਨਾਲ ਜੱਦੋ-ਜਹਿਦ ਕਰਦੇ ਹੋਏ ਉਹ ਸੰਸਾਰਿਕ ਯਾਤਰਾ ਪੂਰਨ ਕਰਕੇ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ, ਪਰ ਮਾਂ ਬੋਲੀ ਦੀ ਸੇਵਾ ਲਈ ਉਨ੍ਹਾਂ ਵੱਲੋਂ ਕੀਤੇ ਗਏ ਕੰਮਾਂ ਨੂੰ ਦੁਨੀਆਂ ਹਮੇਸ਼ਾ ਯਾਦ ਰੱਖੇਗੀ ।
ਇਸ ਮੌਕੇ ਡਾ. ਗਰੇਵਾਲ ਨੇ ਦੱਸਿਆ ਕਿ ਡਾ. ਸਾਕ ਨੇ ਪੰਜਾਬੀ ਸਾਹਿਤ ਦੀ ਝੋਲੀ ਵਿੱਚ 10 ਕਿਤਾਬਾਂ ਤੇ 23 ਖੋਜ ਪੱਤਰ ਪਾਏ ਹਨ। ਉਹ ਦੂਰ ਅੰਦੇਸ਼, ਮਨੁੱਖੀ ਕਦਰਾਂ-ਕੀਮਤਾਂ ਨਾਲ ਓਤ ਪ੍ਰੋਤ ਤੇ ਵਿਲੱਖਣ ਸਖਸ਼ੀਅਤ ਦਾ ਮਾਲਕ ਸੀ । ਵਿੱਦਿਆ ਅਤੇ ਸਾਹਿਤ ਦੇ ਖੇਤਰ ’ਚ ਉਨ੍ਹਾਂ ਵੱਲੋਂ ਪਾਏ ਗਏ ਯੋਗਦਾਨ ਨੂੰ ਅਦਬੀ ਜਗਤ ਨੇ ਸਲਾਹਿਆ ਹੈ। ਪ੍ਰਬੰਧਕ ਕਮੇਟੀ ਵੱਲੋਂ ਭੇਜੇ ਗਏ ਸ਼ੋਕ ਸੰਦੇਸ਼ ਵਿੱਚ ਉਨ੍ਹਾਂ ਦੀ ਸਮਰਪਣ, ਮਿਹਨਤ ਅਤੇ ਅਨੁਸ਼ਾਸ਼ਨ ਦੀ ਭਾਵਨਾ ਨੂੰ ਨਮਨ ਕੀਤਾ ਗਿਆ । ਸ਼ੋਕ ਸੰਦੇਸ਼ ਸਾਂਝਾ ਕਰਦਿਆਂ ਡਾ. ਧੀਮਾਨ ਨੇ ਕਿਹਾ ਕਿ ਡਾ. ਸਾਕ ਦੇ ਜਾਣ ਨਾਲ ’ਵਰਸਿਟੀ ਨੇ ਇੱਕ ਵਧੀਆ ਇਨਸਾਨ, ਅਧਿਆਪਕ ਤੇ ਲੇਖਕ ਖੋਹ ਦਿੱਤਾ ਹੈ। ਇਹ ਘਾਟਾ ਕਦੇ ਨਾ ਪੂਰਾ ਹੋਣ ਵਾਲਾ ਹੈ। ਜਿਕਰਯੋਗ ਹੈ ਕਿ ਡਾ. ਮੁਹੰਮਦ ਦਾ ਜਨਮ 25-12-1974 ਨੂੰ ਹੋਇਆ । ਉਨ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਇਲਾਵਾ ਕਈ ਨਾਮਵਰ ਸਿੱਖਿਅਕ ਸੰਸਥਾਵਾਂ ਵਿੱਚ ਅਧਿਆਪਨ ਦਾ ਕਾਰਜ ਕੀਤਾ। ਗੁਰੂ ਕਾਸ਼ੀ ਯੂਨੀਵਰਸਿਟੀ ਵਿੱਚ ਉਹ 2018 ਤੋਂ ਬਤੌਰ ਸਹਾਇਕ ਪ੍ਰੋਫੈਸਰ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਸਮੂਹ ਪ੍ਰਬੰਧਕਾਂ, ਫੈਕਲਟੀ ਮੈਬਰਾਂ, ਕਰਮਚਾਰੀਆਂ ਵਲੋਂ ਵਿਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ