ਸ਼ਹੀਦੀ ਦਿਹਾੜੇ ’ਤੇ ਵਿਸ਼ੇਸ਼ | Guru Arjan Dev Ji
ਸਿੱਖ ਇਤਿਹਾਸ ਦੀ ਵਿਚਾਰਧਾਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਿਰਤ ਦੇ ਸਿਧਾਂਤ ’ਤੇ ਚੱਲਦਿਆ, ਬਾਬਰ ਨੂੰ ਲਲਕਾਰਦਿਆਂ ਅੱਗੇ ਤੁਰਦੀ-ਤੁਰਦੀ ਸ਼ਹਾਦਤ ਤੱਕ ਦਾ ਸਫ਼ਰ ਤੈਅ ਕਰਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਬਾਣੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 53 ’ਤੇ ਸਿਰੀ ਰਾਗ ਵਿੱਚ ਲਿਖਦੇ ਹੋਏ ‘ਸ਼ਹੀਦ’ ਨੂੰ ਪੀਰਾਂ ਪੈਗੰਬਰਾਂ ਦੀ ਪੰਕਤੀ ਵਿੱਚ ਖੜ੍ਹਾ ਕਰਦੇ ਹਨ।
ਇਹ ਖਬਰ ਵੀ ਪੜ੍ਹੋ : RCB vs PBKS: RCB 9 ਸਾਲਾਂ ਬਾਅਦ IPL ਫਾਈਨਲ ’ਚ, ਪੰਜਾਬ ਨੂੰ 8 ਵਿਕਟਾਂ ਨਾਲ ਹਰਾਇਆ
ਪੀਰ ਪੈਕਾਮਰ ਸਾਲਕ ਸਾਦਕ ਸੁਹਦੇ ਅਉਰੁ ਸਹੀਦ
ਸ਼ਹੀਦ ਅਤੇ ਸ਼ਹਾਦਤ ਦੋਵੇਂ ਅਰਬੀ ਭਾਸ਼ਾ ਦੇ ਸ਼ਬਦ ਹਨ। ਸ਼ਹੀਦ ਦਾ ਭਾਵ ਆਪਣੇ ਇਮਾਨ ਦੀ ਗਵਾਹੀ ਦੇਣ ਵਾਲਾ ਜਾਂ ਧਰਮ ਯੁੱਧ ਵਿਚ ਸ਼ਹੀਦ ਹੋਣ ਵਾਲਾ ਹੈ। ਇਹ ਪਵਿੱਤਰ ਸ਼ਬਦ ਹੈ ਜਿਸ ਵਿੱਚ ਨਿੱਜੀ ਲਾਲਸਾ ਲਈ ਕੋਈ ਥਾਂ ਨਹੀਂ। ਕਿਸੇ ਉੱਚੇ-ਸੁੱਚੇ ਉਦੇਸ਼ ਲਈ ਨਿਸ਼ਕਾਮ ਰਹਿ ਕੇ ਸਰੀਰ ਦੀ ਕੁਰਬਾਨੀ ਦੇਣ ਵਾਲਾ ਸ਼ਹੀਦ ਹੈ। ਸ਼ਹੀਦ ਆਪਣੇ ਵਿਸ਼ਵਾਸ ਦੀ ਗਵਾਹੀ ਸਿਦਕ ਨਾਲ ਭਰਮ ਭਉ ਤੋਂ ਰਹਿਤ ਹੋ ਕੇ ਦਿੰਦਾ ਹੈ। ਭਾਈ ਗੁਰਦਾਸ ਜੀ ਆਪਣੀ ਤੀਜੀ ਵਾਰ ਦੀ ਅਠਾਰ੍ਹਵੀਂ ਪਉੜੀ ਵਿੱਚ ਸ਼ਹੀਦ ਸ਼ਬਦ ਬਾਰੇ ਲਿਖਦੇ ਹਨ:-
ਸਾਬਰੁ ਸਿਦਕਿ ਸਹੀਦੁ ਭਰਮ ਭਉ ਖੋਵਣਾ
ਭਾਵ ਉਹੀ ਸ਼ਹੀਦ ਅਖਵਾਉਣ ਦਾ ਹੱਕਦਾਰ ਹੈ ਜਿਸ ਵਿੱਚ ਸਬਰ, ਸਿਦਕ ਆਦਿ ਜਿਹੇ ਅਮੋਲਕ ਗੁਣ ਹੋਣ। ਇਹ ਉਪਰੋਕਤ ਗੁਣ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਖ਼ਸੀਅਤ ਦੇ ਹਾਣੀ ਹੋ ਨਿੱਬੜਦੇ ਹਨ। ਸਿੱਖ ਧਰਮ ਵਿੱਚ ਪਹਿਲੀ ਸ਼ਹਾਦਤ ਦਾ ਮਾਣ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਹਿੱਸੇ ਹੀ ਆਇਆ। ਸ਼ਾਂਤੀ ਦੇ ਪੁੰਜ, ਸੁਖਮਨੀ ਸਾਹਿਬ ਦੇ ਰਚੇਤਾ, ਬਾਣੀ ਦੇ ਬੋਹਿਥਾ, ਆਦਿ ਗ੍ਰੰਥ ਸਾਹਿਬ ਦੇ ਸੰਪਾਦਕ, ਸ੍ਰੀ ਹਰਿਮੰਦਰ ਸਾਹਿਬ ਤੇ ਤਰਨਤਾਰਨ ਸਾਹਿਬ ਦੇ ਸਿਰਜਣਹਾਰੇ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਸਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪਰੈਲ 1563 ਨੂੰ ਮਾਤਾ ਭਾਨੀ ਜੀ (ਜੋ ਕਿ ਗੁਰੂ ਅਮਰਦਾਸ ਜੀ ਦੀ ਧੀ ਸਨ) ਦੀ ਕੁੱਖੋਂ ਗੋਇੰਦਵਾਲ ਸਾਹਿਬ ਵਿਖੇ ਹੋਇਆ। ਸ੍ਰੀ ਗੁਰੂ ਅਰਜਨ ਦੇਵ ਦੇ ਭਰਾ ਬਾਬਾ ਪ੍ਰਿਥੀ ਚੰਦ ਤੇ ਬਾਬਾ ਮਹਾਂਦੇਵ ਸਨ।
ਗੁਰੂ ਜੀ ਦਾ ਵੱਡਾ ਭਰਾ ਪ੍ਰਿਥੀ ਚੰਦ ਦੁਨਿਆਵੀ ਤੌਰ ’ਤੇ ਤੇਜ ਤਰਾਰ ਤੇ ਚਤੁਰ ਬੁੱਧੀ ਵਾਲਾ ਸੀ। ਜਿਸ ਦੀ ਅੱਖ ਸ਼ੁਰੂ ਤੋਂ ਹੀ ਗੁਰਗੱਦੀ ਉੁਤੇ ਸੀ। ਜਿਸ ਨੇ ਬਾਅਦ ਵਿੱਚ ਗੁਰੂ ਅਰਜਨ ਦੇਵ ਜੀ ਲਈ ਕਈ ਸਮੱਸਿਆਵਾਂ ਵੀ ਖੜ੍ਹੀਆਂ ਕੀਤੀਆਂ। ਦੂਜੇ ਭਰਾ ਬਾਬਾ ਮਹਾਂਦੇਵ ਤਿਆਗੀ, ਨਿਰਲੇਪ ਤੇ ਉਦਾਸੀ ਅਵਸਥਾ ਵਾਲੇ ਸਨ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਬਚਪਨ ਦੇ ਮੁੱਢਲੇ ਗਿਆਰਾਂ ਸਾਲ ਆਪਣੇ ਨਾਨਾ ਸ੍ਰੀ ਗੁਰੂ ਅਮਰਦਾਸ ਜੀ ਦੀ ਛੱਤਰ-ਛਾਇਆ ਹੇਠ ਬਿਤਾਏ। ਇਸ ਦੌਰਾਨ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇੱਥੇ ਆਪਣੇ ਨਾਨਾ ਜੀ ਕੋਲੋਂ ਗੁਰਮੁਖੀ ’ਚ ਮੁਹਾਰਤ ਹਾਸਲ ਕੀਤੀ। Guru Arjan Dev Ji
ਇਸ ਸਮੇਂ ਹੀ ਸ੍ਰੀ ਗੁਰੂ ਅਮਰਦਾਸ ਜੀ ਨੇ ਆਪ ਜੀ ਨੂੰ ‘ਦੋਹਿਤਾ ਬਾਣੀ ਕਾ ਬੋਹਿਥਾ’ ਦਾ ਅਸ਼ੀਰਵਾਦ ਦਿੱਤਾ ਸੀ। ਛੋਟੀ ਉਮਰੇ ਆਪ ਜੀ ਦੀ ਸੇਵਾ ਅਤੇ ਸਿਮਰਨ ਵਾਲੀ ਬਿਰਤੀ ਨੂੰ ਦੇਖਦਿਆਂ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਵੱਡੇ ਦੋਵਾਂ ਪੁੱਤਰਾਂ (ਪ੍ਰਿਥੀ ਚੰਦ ਤੇ ਮਹਾਂਦੇਵ) ਨੂੰ ਛੱਡ ਕੇ 1 ਸਤੰਬਰ 1581 ਈ. ਨੂੰ ਸ਼ੁੱਕਰਵਾਰ ਵਾਲੇ ਦਿਨ ਆਪ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਪੰਜਵਾਂ ਵਾਰਿਸ ਥਾਪ ਦਿੱਤਾ। ਆਪ ਜੀ ਦਾ ਗੁਰੂ ਕਾਲ 1581 ਤੋਂ 1606 ਤੱਕ ਰਿਹਾ। ਇਸ ਦੌਰਾਨ ਆਪ ਜੀ ਨੇ ਸਿੱਖੀ ਦੇ ਵਿਕਾਸ ਵਿੱਚ ਮਹਾਨ ਕਾਰਜ ਕੀਤੇ। ਸਭ ਤੋਂ ਮਹਾਨ ਕਾਰਜ ਦੀ ਗੱਲ ਕਰੀਏ ਤਾਂ ਉਹ ਹੈ ਪਹਿਲੇ ਗੁਰੂ ਸਾਹਿਬਾਨ ਜੀ ਦੀ ਬਾਣੀ ਇਕੱਠੀ ਕਰਕੇ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕਰਨਾ। ਸ੍ਰੀ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਗੁਰੂ ਅਰਜਨ ਦੇਵ ਜੀ ਨੇ 1601 ਈ. ਵਿੱਚ ਸ਼ੁਰੂ ਕੀਤੀ।
ਜੋ ਕਿ ਤਿੰਨ ਵਰਿ੍ਹਆਂ ਵਿੱਚ 1604 ਈ. ਨੂੰ ਸੰਪੂਰਨ ਹੋਈ। ਇਸਦੇ ਲਿਖਾਰੀ ਭਾਈ ਗੁਰਦਾਸ ਜੀ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਰਾਗਾਂ (30 ਰਾਗ) ਤੇ ਸਭ ਤੋਂ ਵੱਧ ਬਾਣੀ (2216 ਸ਼ਬਦ) ਰਚਨਾ ਦਾ ਮਾਣ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਹਿੱਸੇ ਹੀ ਆਇਆ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ ਮੁੱਖ ਰਚਨਾਵਾਂ- ਸੁਖਮਨੀ ਸਾਹਿਬ, ਬਾਰਾਂਮਾਹ, ਬਾਵਨ ਅੱਖਰੀ, ਫੁਨਹੇ, ਮਾਰੂ ਡਖਣੇ, ਵਾਰਾਂ, ਥਿਤੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਜਿਵੇਂ-ਜਿਵੇਂ ਗੁਰੂ ਸਾਹਿਬ ਜੀ ਦੀ ਸ਼ਖ਼ਸੀਅਤ ਤੇ ਉਹਨਾਂ ਦੇ ਯਤਨਾਂ ਸਦਕਾ ਸਿੱਖ ਧਰਮ ਦਾ ਵਿਕਾਸ ਹੋ ਰਿਹਾ ਸੀ, ਉਵੇਂ-ਉਵੇਂ ਆਲੇ-ਦੁਆਲੇ ਵਿਰੋਧ ਕਰਨ ਵਾਲੀਆਂ ਧਿਰਾਂ ਵੀ ਖੜ੍ਹੀਆਂ ਹੋ ਰਹੀਆਂ ਸਨ।
ਜਿੰਨ੍ਹਾਂ ਵਿੱਚ ਪ੍ਰਿਥੀਏ ਦਾ ਗੁਰਗੱਦੀ ਨੂੰ ਲੈ ਕੇ ਵਿਰੋਧ, ਕੁੱਝ ਕੁ ਕੱਟੜ ਮੁਸਲਮਾਨਾਂ ( ਸ਼ੇਖ ਫੈਜ਼ੀ ਸਰਹਿੰਦੀ) ਦਾ ਵਿਰੋਧ, ਬ੍ਰਾਹਮਣਾਂ ਦਾ ਵਿਰੋਧ, ਲਾਹੌਰ ਦੇ ਦੀਵਾਨ ਚੰਦੂ ਸ਼ਾਹ ਦਾ ਵਿਰੋਧ ਤੇ ਸਭ ਤੋਂ ਵੱਡੀ ਜਹਾਂਗੀਰ ਦੀ ਕੱਟੜਤਾ ਸੀ। ਅਖੀਰ ਜਹਾਂਗੀਰ ਦੇ ਪੁੱਤਰ ਖ਼ੁਸਰੋ ਦੀ ਮੱਦਦ ਕਰਨ ਦੇ ਦੋਸ਼ ਵਿੱਚ ਗੁਰੂ ਸਾਹਿਬ ਜੀ ਨੂੰ ਗ੍ਰਿਫ਼ਤਾਰ ਕਰਕੇ ਅਣਮਨੁੱਖੀ ਤਸੀਹੇ ਦਿੰਦਿਆਂ, ਜਿਵੇਂ ਕਿ ਉੱਬਲਦੀਆਂ ਦੇਗਾਂ ਵਿਚ ਉਬਾਲਿਆ ਗਿਆ, ਉੱਥੇ ਤੱਤੀ ਤਵੀ ਉੱਪਰ ਬਿਠਾ ਕੇ ਨੰਗੇ ਜਿਸਮ ਉੱਪਰ ਗਰਮ ਰੇਤ ਦੇ ਕੜਛੇ ਪਾ ਕੇ 1606 ਈ ਨੂੰ ਗੁਰੂ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਸਿੱਖ ਧਰਮ ਵਿੱਚ ਇੱਥੋਂ ਸ਼ਹਾਦਤਾਂ ਦੀ ਸ਼ੁਰੂਆਤ ਹੁੰਦੀ ਹੈ, ਇਹੋ ‘ਸ਼ਹਾਦਤ’ ਅੱਗੇ ਮੀਰੀ-ਪੀਰੀ ਦਾ ਸਿਧਾਂਤ ਬਖ਼ਸ਼ਦੀ ਹੋਈ ਖਾਲਸੇ ਰਾਜ ਨੂੰ ਜਨਮ ਦਿੰਦੀ ਹੋਈ ਵੱਡੇ ਸਾਹਿਬਜ਼ਾਦਿਆਂ ਨੂੰ ਜੰਗ ਦੇ ਮੈਦਾਨ ਤੋਰਦੀ ਹੈ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਂਹਾਂ ਵਿੱਚ ਖੜ੍ਹਨ ਦਾ ਹੌਂਸਲਾ ਬਖ਼ਸ਼ਦੀ ਹੈ।
(ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮੂੰਮ (ਬਰਨਾਲਾ)













