ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾਨ ਕੁਨੀ, ਹਾਵੜਾ (ਪੱਛਮੀ ਬੰਗਾਲ)

Gurdwara, Sri Guru Gobind Singh Ji, Daan Kuni, Howrah (West Bengal)

ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾਨ ਕੁਨੀ, ਹਾਵੜਾ (ਪੱਛਮੀ ਬੰਗਾਲ)

ਸਮਾਜ ਜਿੱਥੇ ਆਪਣੇ ਗੁਰੂ ਸਾਹਿਬਾਨ ਬਾਰੇ ਵਡੇਰਾ ਸਤਿਕਾਰ ਰੱਖਦਾ ਹੈ, ਉੱਥੇ ਉਨ੍ਹਾਂ ਨਾਲ ਜੁੜੇ ਗੁਰਧਾਮਾਂ ਪ੍ਰਤੀ ਵੀ ਵਿਸ਼ੇਸ਼ ਸ਼ਰਧਾ ਭਾਵਨਾ ਰੱਖਦਾ ਹੈ। ਇਹ ਗੁਰਧਾਮ  ਪੰਜਾਬ ਵਿਚ ਹੋਣ ਜਾਂ ਪੰਜਾਬ ਤੋਂ ਬਾਹਰ ਸ਼ਰਧਾਲੂਆਂ ਵੱਲੋਂ ਇਨ੍ਹਾਂ ਦੀ ਸੇਵਾ-ਸੰਭਾਲ ਅਤੇ ਸਤਿਕਾਰ ਆਦਰਮਈ ਭਾਵਨਾ ਨਾਲ ਕੀਤਾ ਜਾਂਦਾ ਹੈ। ਕਲਕੱਤਾ ਤੇ ਹਾਵੜਾ (ਪੱਛਮੀ ਬੰਗਾਲ) ਹਿੰਦੋਸਤਾਨ ਦੇ ਅਜਿਹੇ ਸ਼ਹਿਰ ਹਨ ਜਿੱਥੇ ਕਾਫ਼ੀ ਲੰਮੇ ਸਮੇਂ ਤੋਂ ਪੰਜਾਬੀ ਅਤੇ ਪੰਜਾਬੀਅਤ ਦਾ ਬੋਲਬਾਲਾ ਬਣਿਆ ਹੋਇਆ ਹੈ। ਇਨ੍ਹਾਂ ਮਹਾਂਨਗਰਾਂ ਵਿਚ ਵੱਸਦੇ ਪੰਜਾਬੀ (ਵਿਸ਼ੇਸ਼ ਕਰਕੇ ਸਿੱਖ) ਭਾਵੇਂ ਆਪਣੀ ਉਦਰ-ਜਵਾਲਾ ਨੂੰ ਸ਼ਾਂਤ ਕਰਨ ਲਈ ਹੀ ਇੱਧਰ ਆਏ ਹਨ ਪਰ ਇੱਥੇ ਆ ਕੇ ਉਨ੍ਹਾਂ ਨੇ ਆਪਣੀ ਵਿਰਾਸਤ ਨੂੰ ਭੁਲਾਇਆ ਨਹੀਂ। ਇਸ ਵਿਰਾਸਤ ਦੀ ਝਲਕ ਇਸ ਧਰਤੀ ਉੱਪਰ ਉਨ੍ਹਾਂ ਵੱਲੋਂ ਉਸਾਰੇ ਗਏ ਗੁਰਦੁਆਰਿਆਂ ਤੋਂ ਸਾਫ ਦਿਖਾਈ ਦਿੰਦੀ ਹੈ। ਇਸ ਤਰ੍ਹਾਂ ਦੀ ਹੀ ਇੱਕ ਝਲਕ ਹਾਵੜਾ ਤੋਂ ਥੋੜ੍ਹੀ ਜਿਹੀ ਦੂਰੀ ‘ਤੇ ਵੱਸੇ ਇਲਾਕਾ ਦਾਨ ਕੁਨੀ ਦੇ ਪਿੰਡ ‘ਜੋ ਪੁਰ ਬਿੱਲ’ ਵਿਚ ਬਣੇ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਮਿਲਦੀ ਹੈ।ਭਾਵੇਂ ਇਹ ਗੁਰਦੁਆਰਾ ਇਤਿਹਾਸਕ ਨਹੀਂ ਹੈ ਪਰ ਸਿੱਖ ਇਤਿਹਾਸ ਨਾਲ ਸੰਬੰਧਤ ਸਾਰੇ ਵਿਸ਼ੇਸ਼ ਦਿਹਾੜੇ ਇਸ ਗੁਰਦੁਆਰਾ ਸਾਹਿਬ ਵਿਚ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਏ ਜਾਂਦੇ ਹਨ। ਜਿਹੜੇ ਲੋਕ ਪੰਜਾਬ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਅਤੇ ਵਿਸਾਖੀ ਦਾ ਦਿਹਾੜਾ ਮਨਾਉਣ ਲਈ ਬੰਗਲਾ ਦੇਸ਼ ਜਾਂਦੇ ਹਨ, ਉਹ ਵਾਪਸੀ ‘ਤੇ ਇਸ ਗੁਰਦੁਆਰਾ ਸਾਹਿਬ ਵਿਖੇ ਵੀ ਆਪਣੀਆਂ ਹਾਜ਼ਰੀਆਂ ਲਗਵਾਉਂਦੇ ਹਨ। ਰਾਗੀ, ਢਾਡੀ ਅਤੇ ਕਵੀਸ਼ਰਾਂ ਵੱਲੋਂ ਵੀ ਸੰਗਤਾਂ ਨੂੰ ਗੁਰਉਪਦੇਸ਼ ਨਾਲ ਨਿਹਾਲ ਕੀਤਾ ਜਾਂਦਾ ਹੈ।  ਇਸ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਵੱਲੋਂ ਇੱਥੇ ਪੰਜਾਬ ਅਤੇ ਭਾਰਤ ਦੇ ਦੂਜੇ ਪ੍ਰਾਂਤਾਂ ਤੋਂ ਪਹੁੰਚੀਆਂ ਸੰਗਤਾਂ ਦਾ ਭਰਪੂਰ ਸਵਾਗਤ ਕੀਤਾ ਜਾਂਦਾ ਹੈ ਗੁਰਦੁਆਰਾ ਸਾਹਿਬ ਅਤੇ ਇਸ ਨਾਲ ਜੁੜੀਆਂ ਇਮਾਰਤਾਂ ਦੀ ਸੇਵਾ ਬਾਖ਼ੂਬੀ ਨਿਭਾਈ ਜਾ ਰਹੀ ਹੈ।
ਰਮੇਸ਼ ਬੱਗਾ ਚੋਹਲਾ,
ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ)
ਮੋ. 94631-32719

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।