ਗੁਰਦਾਸਪੁਰ ਲੋਕ ਸਭਾ ਹਲਕਾ: ਕਾਂਗਰਸ ਵੱਲੋਂ ਜਾਖੜ ‘ਤੇ ਟੇਕ, ਭਾਜਪਾ ਦੇ ਨਹੀਂ ਆ ਰਿਹਾ ਕੋਈ ਮੇਚ

Gurdaspur, LokSabha, Constituency, Congress, Jakhar, BJP

ਕਾਂਗਰਸ ਦੇ ਗੜ੍ਹ ਨੂੰ ਤੋੜਨ ਲਈ ਭਾਜਪਾ ਤਰਲੋ ਮੱਛੀ

ਭਾਜਪਾ ਦੀਆਂ ਡੋਰਾਂ ਹੁਣ ਫਿਲਮ ਸਟਾਰਾਂ ‘ਤੇ

ਗੁਰਦਾਸਪੁਰ. ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦੇ ਟਿਕਟ ਦੇ ਚਾਹਵਾਨਾਂ ਵੱਲੋਂ ਟਿਕਟ ਪ੍ਰਾਪਤੀ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ ਕਾਂਗਰਸ ਪਾਰਟੀ ਵੱਲੋਂ ਇਸ ਹਲਕੇ ਤੋਂ ਪਾਰਟੀ ਦੇ ਸੂਬਾ ਪ੍ਰਧਾਨ ਤੇ ਹਲਕੇ ਤੋਂ ਸਾਂਸਦ ਸ਼੍ਰੀ ਸੁਨੀਲ ਜਾਖੜ ਮੁੱਖ ਦਾਅਵੇਦਾਰ ਹਨ ਜਦਕਿ ਸਾਬਕਾ ਸਾਂਸਦ ਪ੍ਰਤਾਪ ਸਿੰਘ ਬਾਜਵਾ ਵੱਲੋਂ ਵੀ ਟਿਕਟ ਪ੍ਰਾਪਤੀ ਲਈ ਹੱਥ ਪੈਰ ਮਾਰੇ ਜਾ ਰਹੇ ਹਨ ਇਸ ਹਲਕੇ ਤੋਂ ਕਾਂਗਰਸ ਕੋਲ ਸ਼੍ਰੀ ਸੁਨੀਲ ਜਾਖੜ ਮਜ਼ਬੂਤ ਵਿਅਕਤੀ ਹਨ ਪਰ ਭਾਜਪਾ ਲੜਾਈ ਬਣਾਉਣ ਲਈ ਹੱਥ ਪੱਲਾ ਮਾਰ ਰਹੀ ਹੈ

ਭਾਰਤ ਪਾਕਿ ਸਰਹੱਦ ਨਾਲ ਲੱਗਦੇ ਇਸ ਲੋਕ ਸਭਾ ਹਲਕੇ ਵਿੱਚ ਮੁੱਖ ਮੁਕਾਬਲਾ ਕਾਂਗਰਸ ਤੇ ਭਾਜਪਾ ਉਮੀਦਵਾਰ ਵਿਚਕਾਰ ਹੁੰਦਾ ਆਇਆ ਹੈ ਇਸ ਹਲਕੇ ‘ਤੇ ਜੇਕਰ ਪੰਛੀ ਝਾਤ ਮਾਰੀਏ ਤਾਂ ਕਾਂਗਰਸ ਪਾਰਟੀ ਹੀ ਜ਼ਿਆਦਾ ਕਾਬਜ਼ ਰਹੀ ਹੈ ਭਾਜਪਾ ਨੂੰ ਵਿਨੋਦ ਖੰਨਾ ਨੇ ਹੀ ਚਾਰ ਵਾਰ ਜਿੱਤ ਦੁਆਈ ਹੈ ਕਾਂਗਰਸ ਪਾਰਟੀ ਵੱਲੋਂ ਸ਼੍ਰੀ ਜਾਖੜ ਦਾ ਨਾਮ ਲਗਭਗ ਤੈਅ ਹੈ ਜਦਕਿ ਅਕਾਲੀ ਭਾਜਪਾ ਉਮੀਦਵਾਰ ਬਾਰੇ ਕਿਸੇ ਤਰ੍ਹਾਂ ਦਾ ਅਨੁਮਾਨ ਵੀ ਨਹੀਂ ਲੱਗ ਰਿਹਾ ਭਾਜਪਾ ਇਸ ਹਲਕੇ ਤੋਂ ਬਾਹਰੋਂ ਕਿਸੇ ਸੈਲੀਬਰੇਟੀ ਨੂੰ ਮੈਦਾਨ ਵਿੱਚ ਉਤਾਰਨ ਲਈ ਹੱਥ ਪੈਰ ਮਾਰ ਰਹੀ ਹੈ ਭਾਜਪਾ ਕੋਲ ਹਲਕੇ ਤੋਂ ਕੋਈ ਲੋਕਲ ਆਦਮੀ ਅਜਿਹਾ ਨਹੀਂ ਹੈ ਜੋ ਸ਼੍ਰੀ ਜਾਖੜ ਨੂੰ ਟੱਕਰ ਦੇ ਸਕੇ ਪਹਿਲਾਂ ਵੀਂ ਭਾਜਪਾ ਨੇ ਕਾਂਗਰਸ ਦੇ ਗੜ੍ਹ ਨੂੰ ਤੋੜਨ ਲਈ ਫਿਲਮ ਐਕਟਰ ਵਿਨੋਦ ਖੰਨਾ ਨੂੰ ਮੈਦਾਨ ਵਿੱਚ ਉਤਾਰਿਆ ਸੀ ਅਤੇ ਚਾਰ ਵਾਰ ਜਿੱਤ ਹਾਸਿਲ ਕੀਤੀ ਸੀ ਉਹਨਾਂ ਦੀ ਮੌਤ ਤੋਂ ਬਾਅਦ ਹੋਈ ਉੱਪ ਚੋਣ ਵਿੱਚ ਭਾਜਪਾ ਨੇ ਫਿਰ ਲੋਕਲ ਵਿਅਕਤੀ ਸਵਰਨ ਸਲਾਰੀਆ ਨੂੰ ਟਿਕਟ ਦੇ ਕੇ ਤਜਰਬਾ ਕੀਤਾ ਤਾਂ ਉਸਨੂੰ ਕਰਾਰੀ ਹਾਰ ਦਾ ਮੂੰਹ ਵੇਖਣਾ ਪਿਆ ਇਸ ਵਾਰ ਭਾਜਪਾ ਬੜਾ ਫੂਕ ਫੂਕ ਦੇ ਕਦਮ ਰੱਖ ਰਹੀ ਹੈ ਕਾਂਗਰਸ ਦਾ ਗੜ੍ਹ ਮੰਨੇ ਜਾਂਦੇ ਇਸ ਹਲਕੇ ਵਿੱਚ ਚਾਰ ਵਾਰ ਜਿੱਤਣ ਵਾਲੇ ਫ਼ਿਲਮੀ ਅਦਾਕਾਰ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਵੀ ਇਸ ਹਲਕੇ ਵਿੱਚ ਭਾਜਪਾ ਦੀ ਟਿਕਟ ਦੀ ਪ੍ਰਮੁੱਖ ਦਾਅਵੇਦਾਰ ਹੈ ਭਾਵੇਂ ਕਵਿਤਾ ਖੰਨਾ, ਵਿਨੋਦ ਖੰਨਾ ਦੇ ਦੇਹਾਂਤ ਪਿੱਛੋਂ ਲਗਾਤਾਰ ਇਸ ਹਲਕੇ ਤੋਂ ਗ਼ੈਰਹਾਜ਼ਰ ਰਹੇ ਹਨ ਪਰ ਜਨਵਰੀ ‘ਚ ਗੁਰਦਾਸਪੁਰ ਵਿੱਚ ਚੋਣ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਨੋਦ ਖੰਨਾ ਦਾ ਜ਼ਿਕਰ ਕਰਕੇ ਉਨ੍ਹਾਂ ਦੇ ਰਹਿੰਦੇ ਕੰਮਾਂ ਨੂੰ ਪੂਰਾ ਕਰਨ ਦੀ ਕੀਤੀ ਗਈ ਗੱਲ ਨੂੰ ਕਵਿਤਾ ਖੰਨਾ ਆਪਣੀ ਟਿਕਟ ਪੱਕੀ ਹੋਣ ਸਬੰਧੀ ਦਿੱਤਾ ਗਿਆ ਇਸ਼ਾਰਾ ਮੰਨਦੇ ਹਨ

ਦੂਜੇ ਪਾਸੇ ਕਾਂਗਰਸ ਨੂੰ ਟੱਕਰ ਦੇਣ ਲਈ ਭਾਜਪਾ ਵੱਲੋਂ ਕਿਸੇ ਨਵੇਂ ਸੈਲੀਬ੍ਰਿਟੀ ਨੂੰ ਮੈਦਾਨ ਵਿੱਚ ਉਤਾਰਨ ਦੀ ਵੀ ਚਰਚਾ ਹੈ ਸੂਤਰਾਂ ਅਨੁਸਾਰ ਪਾਰਟੀ ਵੱਲੋਂ ਫ਼ਿਲਮ ਅਦਾਕਾਰ ਅਕਸ਼ੈ ਕੁਮਾਰ ਦੇ ਨਾਮ ‘ਤੇ ਵਿਚਾਰ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਅਦਾਕਾਰ ਸੰਨੀ ਦਿਓਲ ਨੂੰ ਵੀ ਭਾਜਪਾ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਜਾਣ ਦੀਆਂ ਸੰਭਾਵਨਾਵਾਂ ਦੇ ਚਰਚੇ ਹਨ ਭਾਜਪਾ ਨੂੰ ਇਹ ਗੱਲ ਪੂਰੀ ਤਰ੍ਹਾਂ ਪਤਾ ਹੈ ਕਿ ਕਾਂਗਰਸ ਦੇ ਗੜ੍ਹ ਖਾਸ ਕਰਕੇ ਸ਼੍ਰੀ ਜਾਖੜ ਵਰਗੇ ਕੱਦਵਾਰ ਆਗੂ ਨਾਲ ਮੱਥਾ ਡਾਉਣ ਲਈ ਕੋਈ ਵੱਡੀ ਤੋਪ ਹੀ ਮੈਦਾਨ ਵਿੱਚ ਉਤਾਰੀ ਜਾਵੇ ਭਾਜਪਾ ਇਹ ਵੀ ਜਾਣਦੀ ਹੈ ਕਿ ਉਹਨਾਂ ਦੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਵੀ ਪੰਜਾਬ ਵਿੱਚ ਬਹੁਤ ਪਤਲੀ ਹੈ ਉਂਝ ਵੀ ਇਸ ਹਲਕੇ ਅੰਦਰ ਅਕਾਲੀ ਦਲ ਤੇ ਭਾਜਪਾ ਦੇ ਨੇਤਾਵਾਂ ਵਿਚਕਾਰ ਤਕਰਾਰ ਚੱਲਦਾ ਆ ਰਿਹਾ ਹੈ   ਹਾਲ ਹੀ ਵਿੱਚ ਅਕਾਲੀ ਦਲ ਦੇ ਬਟਾਲਾ ਤੋਂ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਨੇ ਭਾਜਪਾ ਆਗੂਆਂ ਨੂੰ ਖਰੀਆਂ ਖਰੀਆਂ ਸੁਣਾਈਆਂ ਹਨ ਅਤੇ ਅੱਗੋਂ ਭਾਜਪਾ ਆਗੂਆਂ ਨੇ ਵੀ ਜੁਆਬ ਦਿੱਤਾ ਹੈ ਇਸ ਲਈ ਭਾਜਪਾ ਨੂੰ ਇਸ ਸੀਟ ‘ਤੇ ਜਿੱਤ ਹਾਸਿਲ ਕਰਨ ਲਈ ਅਕਾਲੀ ਦਲ ਦੇ ਕੁੱਛੜ ਚੜ੍ਹਨ ਦੀ ਬਜਾਏ ਆਪਣਾ ਰਾਹ ਆਪ ਤਲਾਸ਼ਨਾ ਪਵੇਗਾ ਹਾਲ ਦੀ ਘੜੀ ਜਿੱਥੇ ਕਾਂਗਰਸ ਪਾਰਟੀ ਕੋਲ ਹਲਕੇ ਤੋਂ ਮਜ਼ਬੂਤ ਉਮੀਦਵਾਰ ਹੈ ਉਥੇ ਭਾਜਪਾ ਹੱਥ ਪੱਲਾ ਮਾਰ ਰਹੀ ਹੈ

ਸਰਹੱਦ ਤੋਂ ਇਲਾਵਾ ਦੋ ਸੂਬਿਆਂ ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਇਸ ਹਲਕੇ ਵਿੱਚ ਸੁਨੀਲ ਜਾਖੜ ਤੇ ਉਨ੍ਹਾਂ ਦੇ ਹਮਾਇਤੀ ਆਪਣੀ 16 ਮਹੀਨਿਆਂ ਦੀ ਕਾਰਗੁਜ਼ਾਰੀ ਸਬੰਧੀ ਜਿੱਥੇ ਵੱਡੇ ਦਾਅਵੇ ਕਰ ਰਹੇ ਹਨ, ਉੱਥੇ ਹੀ ਵਿਰੋਧੀ ਧਿਰਾਂ ਵੱਲੋਂ ਜਾਖੜ ਦੇ ਦਾਅਵਿਆਂ ਨੂੰ ਸਿਰਫ਼ ਬਿਆਨਬਾਜ਼ੀ ਦੱਸਿਆ ਜਾ ਰਿਹਾ ਹੈ ਭਾਵੇਂ ਪ੍ਰਤਾਪ ਸਿੰਘ ਬਾਜਵਾ ਵੱਲੋਂ ਇਸ ਹਲਕੇ ਦੀ ਟਿਕਟ ‘ਤੇ ਦਾਅਵਾ ਜਤਾਇਆ ਜਾ ਰਿਹਾ ਹੈ ਪਰ ਹਾਲ ਦੀ ਘੜੀ ਇਹ ਗੱਲ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਕਾਂਗਰਸ ਵੱਲੋਂ ਸਭ ਤੋਂ ਪ੍ਰਮੁੱਖ ਤੇ ਮਜ਼ਬੂਤ ਉਮੀਦਵਾਰ ਵਜੋਂ ਸੁਨੀਲ ਜਾਖੜ ਨੂੰ ਹੀ ਅੱਗੇ ਰੱਖਿਆ ਜਾ ਰਿਹਾ ਹੈ

ਇਸ ਹਲਕੇ ਤੋਂ ਭਾਵੇਂ ਦੂਸਰੀਆਂ ਧਿਰਾਂ ਵੀ ਚੋਣ ਮੈਦਾਨ ਵਿੱਚ ਕੁੱਦੀਆਂ ਹਨ ਪਰ ਉਹ ਕਿਸੇ ਮੁਕਾਬਲੇ ਵਿੱਚ ਹਾਲ ਦੀ ਘੜੀ ਨਜ਼ਰ ਨਹੀਂ ਆ ਰਹੀਆਂ ਉਪ ਚੋਣ ਵਿੱਚ ਤੀਸਰੇ ਨੰਬਰ ‘ਤੇ ਰਹੇ ਆਮ ਆਦਮੀ ਪਾਰਟੀ ਦੇ ਮੇਜਰ ਸੁਰੇਸ਼ ਖਜੂਰੀਆ ਚੋਣ ਹਾਰਨ ਤੋਂ ਬਾਅਦ ਪਾਰਟੀ ਨੂੰ ਹੀ ਅਲਵਿਦਾ ਆਖ ਚੁੱਕੇ ਹਨ ਤੇ ਇਸ ਸਮੇਂ ਪਾਰਟੀ ਵੱਲੋਂ ਕੋਈ ਵੀ ਚਿਹਰਾ ਸਾਹਮਣੇ ਨਹੀਂ ਆਇਆ ਅਕਾਲੀ ਦਲ (ਟਕਸਾਲੀ) ਅਤੇ ਮਹਾਂ ਗਠਬੰਧਨ ਦਾ ਵੀ ਕੋਈ ਜਿਆਦਾ ਪ੍ਰਭਾਵ ਨਜ਼ਰ ਨਹੀਂ ਆ ਰਿਹਾ

ਕਾਂਗਰਸੀ ਉਮੀਦਵਾਰਾਂ ਦਾ ਹੀ ਰਿਹਾ ਹੈ ਦਬਦਬਾ

ਗੁਰਦਾਸਪੁਰ ਲੋਕ ਸਭਾ ਹਲਕੇ ਦੀਆਂ 1957, 1962 ਅਤੇ 1967 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸੀ ਉਮੀਦਵਾਰ ਦੀਵਾਨ ਚੰਦ ਗੁਰਦਾਸਪੁਰ ਤੋਂ ਲਗਾਤਾਰ ਜਿੱਤ ਹਾਸਲ ਕਰਦੇ ਰਹੇ 1971 ਦੀਆਂ ਚੋਣਾਂ ਵਿੱਚ ਕਾਂਗਰਸ ਦੇ ਪ੍ਰਬੋਧ ਚੰਦਰ ਨੇ ਇੱਥੋਂ ਜਿੱਤ ਹਾਸਲ ਕੀਤੀ 1977 ਦੀਆਂ ਚੋਣਾਂ ਵਿੱਚ ਜਨਤਾ ਪਾਰਟੀ ਵੱਲੋਂ ਯੱਗ ਦੱਤ ਸ਼ਰਮਾ ਜੇਤੂ ਰਹੇ ਇਸ ਤੋਂ ਬਾਅਦ ਦੌਰ ਆਇਆ ਕਾਂਗਰਸ ਦੀ ਸੁਖਬੰਸ ਕੌਰ ਭਿੰਡਰ ਦਾ ਜੋ 1980, 1985, 1989, 1992 ਅਤੇ 1996 ਵਿੱਚ ਹੋਈਆਂ ਚੋਣਾਂ ਵਿੱਚ ਲਗਾਤਾਰ ਪੰਜ ਵਾਰ ਜੇਤੂ ਰਹੇ ਉਨ੍ਹਾਂ ਦਾ ਜਾਦੂ ਤੋੜਨ ਲਈ ਭਾਜਪਾ ਨੇ 1998 ਦੀਆਂ ਚੋਣਾਂ ਵਿੱਚ ਫ਼ਿਲਮ ਅਦਾਕਾਰ ਵਿਨੋਦ ਖੰਨਾ ਨੂੰ ਮੈਦਾਨ ਵਿੱਚ ਉਤਾਰਿਆ, ਜੋ ਕਾਮਯਾਬ ਰਹੇ ਸੰਨ 1999 ਅਤੇ 2004 ਦੀਆਂ ਚੋਣਾਂ ਵਿੱਚ ਫਿਰ ਜੇਤੂ ਰਹਿ ਕੇ ਵਿਨੋਦ ਖੰਨਾ ਨੇ ਹੈਟ੍ਰਿਕ ਬਣਾਈ 2009 ਦੀਆਂ ਚੋਣਾਂ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਵਿਨੋਦ ਖੰਨਾ ਦਾ ਕਿਲ੍ਹਾ ਢੇਰ ਕੀਤਾ ਤੇ ਜੇਤੂ ਰਹੇ ਪਰ 2014 ਦੀਆਂ ਚੋਣਾਂ ਵਿੱਚ ਵਿਨੋਦ ਖੰਨਾ ਫਿਰ ਕਾਮਯਾਬ ਰਹੇ ਵਿਨੋਦ ਖੰਨਾ ਦੀ ਮੌਤ ਮਗਰੋਂ 2017 ਦੀ ਉਪ ਚੋਣ ਵਿਚ ਕਾਂਗਰਸ ਵੱਲੋਂ ਸੁਨੀਲ ਜਾਖੜ ਨੇ ਭਾਜਪਾ ਦੇ ਸਵਰਨ ਸਲਾਰੀਆ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਗੁਰਦਾਸਪੁਰ ਸੰਸਦੀ ਹਲਕੇ ਅੰਦਰ ਕੁੱਲ 9 ਵਿਧਾਨ ਸਭਾ ਹਲਕਿਆਂ ਵਿੱਚੋਂ 7 ਹਲਕਿਆਂ ਵਿੱਚ ਕਾਂਗਰਸ ਦੇ ਵਿਧਾਇਕ ਹਨ ਜਦ ਕਿ 2 ਵਿੱਚ ਹੀ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।