ਲੁਧਿਆਣਾ, (ਰਾਮ ਗੋਪਾਲ ਰਾਏਕੋਟੀ)। ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕੋਲ ਪੈਟਰੋਲ ਤੇ ਡੀਜ਼ਲ ‘ਤੇ ਵੈਟ ਘਟਾਉਣ ਦਾ ਫੈਸਲਾ ਲੈਣ ਵਾਸਤੇ ਵੀ ਸਮਾਂ ਨਹੀਂ ਹੈ, ਜਿਸ ਤੋਂ ਇਸ ਸਰਕਾਰ ਦੇ ਗਰੀਬ-ਵਿਰੋਧੀ ਤੇ ਲਾਪ੍ਰਵਾਹ ਵਤੀਰੇ ਦੀ ਝਲਕ ਮਿਲਦੀ ਹੈ ਇਸ ਸਬੰਧੀ ਅਕਾਲੀ ਦਲ ਵੱਲੋਂ ਪਹਿਲਾਂ ਹੀ ਅਲਟੀਮੇਟਮ ਦਿੱਤਾ ਜਾ ਚੁੱਕਾ ਹੈ ਕਿ ਸਰਕਾਰ ਦੇ ਅਜਿਹੇ ਰਵੱਈਏ ਪ੍ਰਤੀ ਲੋਕਾਂ ਅੰਦਰ ਗੁੱਸਾ ਲਗਾਤਾਰ ਵਧ ਰਿਹਾ ਹੈ।
ਤੇਲ ਕੀਮਤਾਂ ਘਟਾਉਣ ਨੂੰ ਲੈ ਕੇ ਅੜੀਅਲ ਵਤੀਰਾ ਧਾਰੀ ਬੈਠੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਨਿਖੇਧੀ ਕਰਦਿਆਂ ਸਾਬਕਾ ਮੰਤਰੀ ਤੇ ਪਾਰਟੀ ਦੇ ਬੁਲਾਰੇ ਸ੍ਰ. ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਸਰਕਾਰ ਕੋਲ ਹੋਰ ਕੋਈ ਵਿਕਲਪ ਨਹੀਂ ਹੈ, ਇਸ ਨੂੰ ਲੋਕਾਂ ਦੀ ਮੰਗ ਅੱਗੇ ਝੁਕਣਾ ਹੀ ਪਵੇਗਾ ਇਹ ਕੰਮ ਜਿੰਨਾ ਜਲਦੀ ਹੋ ਜਾਵੇ, ਉਨਾ ਹੀ ਵਧੀਆ ਹੋਵੇਗਾ ਗਰੇਵਾਲ ਨੇ ਕਿਹਾ ਕਿ ਲੋਕਾਂ ਨੂੰ ਅਜਿਹੀ ਰਾਹਤ ਤੋਂ ਇਨਕਾਰ ਕਰਨ ਲਈ ਮਨਪ੍ਰੀਤ ਨੇ ਆਪਣੀ ਕੋਝੀ ਦਲੀਲ ਘੜ ਰੱਖੀ ਹੈ, ਜਿਸ ਤੋਂ ਉਸ ਦੀ ਲੋਕ ਵਿਰੋਧੀ ਤੇ ਗਰੀਬ ਵਿਰੋਧੀ ਮਾਨਸਿਕਤਾ ਦੀ ਝਲਕ ਪੈਂਦੀ ਹੈ ਉਸ ਦੀ ਬੇਤੁਕੀ ਦਲੀਲ ਇਹ ਹੈ।
ਕਿ ਤੇਲ ਦੀਆਂ ਕੀਮਤਾਂ ਘਟਾਉਣ ਨਾਲ ਸੂਬੇ ਦਾ ਮਾਲੀਆ ਘਟ ਜਾਵੇਗਾ ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਅਜਿਹਾ ਦਲੇਰਾਨਾ ਕਦਮ ਚੁੱਕ ਸਕਦੀ ਹੈ ਤਾਂ ਮਨਪ੍ਰੀਤ ਅਜਿਹਾ ਕਰਨ ਤੋਂ ਕਿਉਂ ਝਿਜਕਦਾ ਹੈ, ਇਹ ਗੱਲ ਸਮਝ ਤੋਂ ਬਾਹਰ ਹੈ। ਅਕਾਲੀ ਆਗੂ ਨੇ ਮਨਪ੍ਰੀਤ ਦੀ ਇਸ ਦਲੀਲ ਨੂੰ ਵੀ ਬੇਤੁਕੀ ਕਰਾਰ ਦਿੱਤਾ ਹੈ ਕਿ ਕੁਝ ਗੈਰ ਕਾਂਗਰਸੀ ਸਰਕਾਰਾਂ ਨੇ ਵੀ ਪੈਟਰੋ ਉਤਪਾਦ ‘ਤੇ ਟੈਕਸ ਨਹੀਂ ਘਟਾਏ ਹਨ ਉਨ੍ਹਾਂ ਕਿਹਾ ਕਿ ਮਨਪ੍ਰੀਤ ਨੂੰ ਦੂਜੇ ਸੂਬਿਆਂ ਵੱਲ ਨਹੀਂ ਵੇਖਣਾ ਚਾਹੀਦਾ, ਸਗੋਂ ਪੰਜਾਬ ਦੇ ਲੋਕਾਂ ਦਾ ਫ਼ਿਕਰ ਕਰਨਾ ਚਾਹੀਦਾ ਹੈ ।
ਸਰਕਾਰ ਇਸ ਗੱਲ ਦਾ ਇਸ਼ਾਰਾ ਕਰ ਚੁੱਕੀ ਹੈ ਕਿ ਮੰਤਰੀ ਮੰਡਲ ਪੈਟਰੋ ਵਸਤਾਂ ‘ਤੇ ਵੈਟ ਘਟਾਉਣ ਲਈ ਤਿਆਰ ਹੈ, ਪਰੰਤੂ ਮਨਪ੍ਰੀਤ ਵੱਲੋਂ ਪਾਏ ਅੜਿੱਕੇ ਕਰਕੇ ਇਹ ਫੈਸਲਾ ਟਾਲ ਦਿੱਤਾ ਗਿਆ ਗਰੇਵਾਲ ਨੇ ਕਿਹਾ ਕਿ ਪੰਜਾਬ ਪੈਟਰੋਲ ਤੇ ਡੀਜ਼ਲ ‘ਤੇ ਸਭ ਤੋਂ ਵੱਧ ਵੈਟ ਵਸੂਲ ਰਿਹਾ ਹੈ, ਇਸ ਲਈ ਸਰਕਾਰ ਨੂੰ ਲੋਕਾਂ ਨੂੰ ਰਾਹਤ ਦੇਣ ‘ਚ ਵੀ ਫਰਾਖਦਿਲੀ ਵਿਖਾਉਣੀ ਚਾਹੀਦੀ ਹੈ ਪੰਜਾਬ ਸਰਕਾਰ ਨੂੰ ਇਹਨਾਂ ਦੋਵੇਂ ਪੈਟਰੋ ਵਸਤਾਂ ‘ਤੇ 5 ਰੁਪਏ ਪ੍ਰਤੀ ਲੀਟਰ ਵੈਟ ਘਟਾਉਣਾ ਚਾਹੀਦਾ ਹੈ ਗਰੇਵਾਲ ਨੇ ਮਨਪ੍ਰੀਤ ਨੂੰ ਸਲਾਹ ਦਿੱਤੀ ਕਿ ਉਹ ਖੁਦ ਨੂੰ ਇੱਕ ਵੱਡਾ ਅਰਥਸ਼ਾਸਤਰੀ ਸਮਝਦਾ ਹੈ, ਇਸ ਲਈ ਸੂਬੇ ਦਾ ਮਾਲੀਆ ਵਧਾਉਣ ਲਈ ਉਹ ਸਿਰਫ ਪੈਟਰੋਲ ਤੇ ਡੀਜ਼ਲ ‘ਤੇ ਲਾਏ ਜਾਂਦੇ ਵੈਟ ‘ਤੇ ਨਿਰਭਰ ਨਾ ਰਹੇ, ਸਗੋਂ ਇਸ ਦੀ ਥਾਂ ਕੁਝ ਨਵੇਂ ਤਰੀਕੇ ਈਜਾਦ ਕਰੇ।