ਰਾਜਪਾਲ ਪੰਜਾਬ ਨਾਮਧਾਰੀ ਸ਼ਹੀਦੀ ਸਮਾਰਕ ਮਲੇਰਕੋਟਲਾ ਵਿਖੇ ਨਤਮਸਤਕ

Governor of Punjab Sachkahoon

ਰਾਜਪਾਲ ਪੰਜਾਬ ਨਾਮਧਾਰੀ ਸ਼ਹੀਦੀ ਸਮਾਰਕ ਮਲੇਰਕੋਟਲਾ ਵਿਖੇ ਨਤਮਸਤਕ

ਆਜ਼ਾਦੀ ਦੀ ਲੜਾਈ ’ਚ ਨਾਮਧਾਰੀ ਸ਼ਹੀਦਾਂ ਦੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ : ਪੁਰੋਹਿਤ

(ਗੁਰਤੇਜ ਜੋਸ਼ੀ) ਮਲੇਰਕੋਟਲਾ। ਮਾਣਯੋਗ ਰਾਜਪਾਲ ਪੰਜਾਬ ਸ੍ਰੀ ਬਨਵਾਰੀ ਲਾਲ ਪੁਰੋਹਿਤ ਮਾਲੇਰਕੋਟਲਾ ਸਥਿਤ ਨਾਮਧਾਰੀ ਸ਼ਹੀਦੀ ਸਮਾਰਕ ਵਿਖੇ ਨਤਮਸਤਕ ਹੋਏ। ਤੋਪਾਂ ਨਾਲ ਸ਼ਹੀਦ ਕੀਤੇ 66 ਸਿੱਖਾਂ ਸਮੇਤ ਕੁੱਲ 80 ਨਾਮਧਾਰੀ ਸ਼ਹੀਦਾਂ ਨੂੰ ਸ਼ਰਧਾ ਦੇ ਫੁਲ ਭੇਂਟ ਕਰਦਿਆਂ ਉਨ੍ਹਾਂ ਕਿਹਾ ਕਿ ਆਜ਼ਾਦੀ ਦੀ ਲੜਾਈ ’ਚ ਨਾਮਧਾਰੀ ਸ਼ਹੀਦਾਂ ਦੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।

ਇਸ ਮੌਕੇ ਸਮਾਰਕ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰਦਿਆਂ ਪੁਰੋਹਿਤ ਨੇ ਕਿਹਾ ਕਿ ਨਾਮਧਾਰੀ ਸੰਪਰਦਾ ਦੇ ਇਸ ਗੌਰਵਮਈ ਇਤਿਹਾਸ ਨੂੰ ਦੇਖ ਕੇ ਉਹ ਬਹੁਤ ਹੀ ਪ੍ਰਭਾਵਿਤ ਹੋਏ ਹਨ। ਪ੍ਰਬੰਧਕਾਂ ਵਲੋਂ ਰੱਖੀਆਂ ਮੰਗਾਂ ਬਾਰੇ ਉਹਨਾਂ ਨੇ ਡਿਪਟੀ ਕਮਿਸ਼ਨਰ ਨੂੰ ਹਦਾਇਤ ਕੀਤੀ ਕਿ ਉਹ ਇਸ ਸਬੰਧੀ ਕੇਸ ਤਿਆਰ ਕਰਕੇ ਉਹਨਾਂ ਨੂੰ ਭੇਜਣ। ਇਸ ਤੋਂ ਪਹਿਲਾਂ ਪ੍ਰਬੰਧਕਾਂ ਨੇ ਸਮਾਰਕ ਦੇ ਇਤਿਹਾਸ ਬਾਰੇ ਜਾਣੂ ਕਰਾਉਂਦੇ ਹੋਏ ਦੱਸਿਆ ਕਿ ਸਤਿਗੁਰੂ ਰਾਮ ਸਿੰਘ ਜੀ ਵੱਲੋਂ ਮਿਲੇ ਉਤਸ਼ਾਹ ਸਦਕਾ ਸੰਨ 1872 ਈਸਵੀ ’ਚ ਇਸੇ ਧਰਤੀ ’ਤੇ 66 ਕੂਕਾ ਸਿੱਖ ਸ਼ਹੀਦਾਂ ਨੇ ਤੋਪਾਂ ਦੇ ਅੱਗੇ ਸਿਰ ਡਾਹ ਕੇ ਸ਼ਹਾਦਤ ਦਾ ਜਾਮ ਪੀਤਾ। ਉਨ੍ਹਾਂ ਕਿਹਾ ਕਿ ਕੂਕਾ ਅੰਦੋਲਨ ਦੇ ਇਨ੍ਹਾਂ ਨਿੱਡਰ ਸ਼ਹੀਦਾਂ ਦੀ ਬਹਾਦਰੀ ਇਸ ਗੱਲ ਤੋਂ ਸਮਝੀ ਜਾ ਸਕਦੀ ਹੈ ਕਿ ਜਦੋਂ ਅੰਗਰੇਜ਼ ਅਫ਼ਸਰ ਨੇ ਇਨ੍ਹਾਂ ਜਾਂਬਾਜ਼ਾਂ ਨੂੰ ਤੋਪਾਂ ਨਾਲ ਬੰਨ ਕੇ ਉਡਾਉਣ ਦਾ ਹੁਕਮ ਦਿੱਤਾ ਤਾਂ ਇਸ ਤੋਂ ਇਨਕਾਰ ਕਰਦਿਆਂ ਉਹ ਖੁਦ ਤੋਪਾਂ ਅੱਗੇ ਖੜ੍ਹੇ ਹੋ ਗਏ।

ਉਨ੍ਹਾਂ ਕਿਹਾ ਕਿ ਅੰਗਰੇਜ਼ਾਂ ਨੇ ‘ਪਾੜੋ ਤੇ ਰਾਜ ਕਰੋ ਦੀ ਨੀਤੀ’ ਨਾਲ ਸਾਨੂੰ ਗੁਲਾਮ ਬਣਾਇਆ ਸੀ ਪਰ ਸਤਿਗੁਰੂ ਰਾਮ ਸਿੰਘ ਨੇ ਇਸ ਨੀਤੀ ਦੇ ਮੁਕਾਬਲੇ ‘ਜੁੜੋ ਤੇ ਲੜੋ’ ਦੀ ਨੀਤੀ ਦਾ ਐਲਾਨ ਕੀਤਾ। ਜਿਸ ਤੋਂ ਬਾਅਦ ਲੋਕ ਇੱਕਠੇ ਹੋ ਗਏ ਅਤੇ ਲੋਕ ਲਹਿਰ ਬਣ ਗਈ ਜਿਸਨੇ ਅੰਗਰੇਜ਼ਾਂ ਨੂੰ ਹਿੰਦੋਸਤਾਨ ’ਚੋਂ ਕੱਢ ਕੇ ਹੀ ਸਾਹ ਲਿਆ। ਇਸ ਦੌਰਾਨ ਉਨ੍ਹਾਂ ਨੇ ਭਾਰਤ ਸਰਕਾਰ ਦੀਆਂ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਡਿਪਟੀ ਕਮਿਸ਼ਨਰ ਤੋਂ ਲਿਆ ਅਤੇ ਨਵੇਂ ਬਣੇ ਇਸ ਜ਼ਿਲ੍ਹੇ ਦੇ ਕੰਮਾਂ ’ਤੇ ਤਸੱਲੀ ਦਾ ਪ੍ਰਗਟਾਵਾ ਵੀ ਕੀਤਾ। ਉਨ੍ਹਾਂ ਨੇ ਜ਼ਿਲ੍ਹੇ ਵਿੱਚ ਭਾਰਤ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਨ ਦੀ ਹਦਾਇਤ ਕੀਤੀ।

ਡਿਪਟੀ ਕਮਿਸ਼ਨਰ ਨੇ ਮਾਣਯੋਗ ਰਾਜਪਾਲ ਨੂੰ ਭਰੋਸਾ ਦਿੱਤਾ ਕਿ ਕੇਂਦਰੀ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਜ਼ਿਲ੍ਹੇ ਵਿੱਚ ਵਿਆਪਕ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸ ਮੁਹਿਮ ਨੂੰ ਮਿਸ਼ਨ ਦੇ ਤੌਰ ’ਤੇ ਅਪਨਾਇਆ ਜਾਵੇਗਾ। ਇਸ ਮੌਕੇ ਨਾਮਧਾਰੀ ਸੁਰਿੰਦਰ ਸਿੰਘ ਚੇਅਰਮੈਨ ਕੂਕਾ ਸ਼ਹੀਦੀ ਯਾਦਗਾਰੀ ਟਰਸਟ ਸ਼੍ਰੀ ਭੈਣੀ ਸਾਹਿਬ, ਪਟਿਆਲਾ ਰੇਂਜ ਦੇ ਆਈ ਜੀ ਮੁਖਵਿੰਦਰ ਸਿੰਘ ਛੀਨਾ, ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਨੀਤ ਕੌਰ ਗਰੇਵਾਲ, ਗੁਰਸੇਵਕ ਸਿੰਘ ਮੁਖ ਸੇਵਾਦਾਰ ਸ਼ਹੀਦੀ ਸਮਾਰਕ ਮਾਲੇਰਕੋਟਲਾ, ਜੀਤ ਸਿੰਘ ਸਕੱਤਰ ਨਾਮਧਾਰੀ ਦਰਬਾਰ, ਹਰਮੇਸ਼ ਸਿੰਘ ਅਤੇ ਹੋਰ ਵੀ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ