ਦਿੱਲੀ ਹਵਾਈ ਅੱਡੇ ਲਈ ਕੱਲ੍ਹ ਤੋਂ ਦੌੜਨਗੀਆਂ ਸਰਕਾਰੀ ਸੁਪਰ ਲਗਜ਼ਰੀ ਬੱਸਾਂ

Patiala photo-02, Buses Delhi Airport
ਦਿੱਲੀ ਹਵਾਈ ਅੱਡੇ ਤੱਕ ਚੱਲਣ ਵਾਲੀ ਸਰਕਾਰੀ ਸੁਪਰ ਲਗਜਰੀ ਬੱਸ ਤਿਆਰ ਖੜੀ ਹੋਈ।

ਪ੍ਰਾਈਵੇਟ ਬੱਸਾਂ ਦੇ ਮੁਕਾਬਲੇ ਕਿਰਾਇਆ ਕਿਤੇ ਸਸਤਾ, ਬਾਹਰ ਜਾਣ ਵਾਲਿਆਂ ਨੂੰ ਮਿਲੇਗੀ ਸਹੂਲਤ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੀਆਰਟੀਸੀ ਦੀਆਂ ਸੁਪਰ ਲਗਜ਼ਰੀ ਬੱਸਾਂ 15 ਜੂਨ ਤੋਂ ਦਿੱਲੀ ਹਵਾਈ ਅੱਡੇ ਲਈ ਰਵਾਨਾ ਹੋਣਗੀਆਂ। ਦਿੱਲੀ ਬੱਸ ਅੱਡੇ ਲਈ ਬੱਸ ਸੇਵਾ ਸ਼ੁਰੂ ਕਰਨ ਲਈ ਵਿਸ਼ੇਸ ਤੌਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੁੱਜਣ ਦੀ ਆਸ ਹੈ। ਉਂਜ ਪਹਿਲਾ ਸਰਕਾਰੀ ਦੀ ਥਾਂ ਪ੍ਰਾਈਵੇਟ ਬੱਸਾਂ ਹੀ ਦਿੱਲੀ ਹਵਾਈ ਅੱਡੇ ਲਈ ਦੌੜ ਰਹੀਆਂ ਸਨ ਜਿਨ੍ਹਾਂ ਦਾ ਕਿਰਾਇਆ ਕਾਫ਼ੀ ਮਹਿੰਗਾ ਸੀ।

ਦੱਸਣਯੋਗ ਹੈ ਕਿ ਦਿੱਲੀ ਹਵਾਈ ਅੱਡੇ ਲਈ ਸਰਕਾਰੀ ਬੱਸ ਸੇਵਾ ਚਾਰ ਸਾਲਾਂ ਬਾਅਦ ਮੁੜ ਸ਼ੁਰੂ ਹੋ ਰਹੀ ਹੈ। ਉਂਜ ਪਹਿਲਾ ਜਦੋਂ ਦਿੱਲੀ ਹਵਾਈ ਅੱਡੇ ਲਈ ਬੱਸ ਸਰਵਿਸ ਸ਼ੁਰੂ ਕੀਤੀ ਗਈ ਸੀ, ਤਾ ਉਸ ਸਮੇਂ ਦਿੱਲੀ ਸਰਕਾਰ ਵੱਲੋਂ ਪੰਜਾਬ ਦੀਆਂ ਬੱਸਾਂ ਲਈ ਦਿੱਲੀ ਹਵਾਈ ਅੱਡੇ ਤੱਕ ਪਰਮਿਟ ਨਾ ਹੋਣ ਦੀ ਗੱਲ ਕਰਦਿਆ ਰੋਕ ਲਗਾ ਦਿੱਤੀ ਗਈ ਸੀ। ਹੁਣ ਮੁੜ ਬੱਸ ਸੇਵਾ ਪੰਜਾਬ ਅੰਦਰ ਅੱਠ ਥਾਵਾਂ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਪਟਿਆਲਾ ਤੋਂ ਇਲਾਵਾ ਹੁਸ਼ਿਆਰਪੁਰ,ਜਲੰਧਰ, ਲੁਧਿਆਣਾ, ਅੰਮਿ੍ਰਤਸਰ, ਨਵਾਂ ਸ਼ਹਿਰ, ਮੁਕਤਸਰ ਅਤੇ ਮੋਗਾ ਤੋਂ ਦਿੱਲੀ ਹਵਾਈ ਅੱਡੇ ਲਈ ਬੱਸਾਂ ਚੱਲਣਗੀਆਂ। ਇਨ੍ਹਾਂ ਥਾਵਾਂ ਤੋਂ ਦੂਰੀ ਦੇ ਹਿਸਾਬ ਨਾਲ ਵੱਖਰੋਂ ਵੱਖਰਾ ਕਿਰਾਇਆ ਹੈ, ਪਰ ਪ੍ਰਾਈਵੇਟ ਬੱਸਾਂ ਨਾਲੋਂ ਕਿਤੇ ਸਸਤਾ ਹੈ।

ਦਿੱਲੀ ਹਵਾਈ ਅੱਡੇ ਲਈ ਵੱਡੇ ਘਰਾਣਿਆਂ ਦੀਆਂ ਹੀ ਲਗਜਰੀ ਟੂਰਿਸਟ ਬੱਸਾਂ ਜਾ ਰਹੀਆਂ ਸਨ ਜਿਨ੍ਹਾਂ ਦਾ ਕਿਰਾਇਆ ਚਗੁਣਾ ਹੈ ਅਤੇ ਸਰਕਾਰੀ ਬੱਸਾਂ ਦੇ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਨੂੰ ਵੱਡਾ ਫਰਕ ਪਵੇਗਾ। ਪਟਿਆਲਾ ਬੱਸ ਅੱਡੇ ਤੋਂ ਵੀ 15 ਜੂਨ ਨੂੰ ਸ਼ਾਮ 4 ਵਜੇ ਇੱਕ ਬੱਸ ਨਵੀਂ ਦਿੱਲੀ ਹਵਾਈ ਅੱਡੇ ਤੱਕ ਜਾਣ ਲਈ ਰਵਾਨਾ ਹੋਵੇਗੀ। ਜਦੋਂਕਿ 16 ਜੂਨ ਤੋਂ ਰੋਜ਼ਾਨਾ ਦੁਪਹਿਰ 12.40 ਵਜੇ ਅਤੇ ਦੂਜੀ ਬੱਸ ਸ਼ਾਮ 4 ਵਜੇ ਨਵੀਂ ਦਿੱਲੀ ਹਵਾਈ ਅੱਡੇ ਲਈ ਜਾਵੇਗੀ।

ਬੱਸਾਂ ਦਾ ਕਿਰਾਇਆ 835 ਰੁਪਏ ਪ੍ਰਤੀ ਸਵਾਰੀ ਹੋਵੇਗਾ

ਇਨ੍ਹਾਂ ਬੱਸਾਂ ਦਾ ਕਿਰਾਇਆ 835 ਰੁਪਏ ਪ੍ਰਤੀ ਸਵਾਰੀ ਹੋਵੇਗਾ ਅਤੇ ਇਨ੍ਹਾਂ ਦੀ ਬੂਕਿੰਗ ਆਨਲਾਈਨ ਕਰਵਾਈ ਜਾ ਸਕੇਗੀ। ਪੀਆਰਟੀਸੀ ਦੇ ਨਾਲ ਹੀ ਪਨਬੱਸ ਵੱਲੋਂ ਵੀ ਦਿੱਲੀ ਹਵਾਈ ਅੱਡੇ ਲਈ ਇਹ ਬੱਸ ਸਰਵਿਸ ਸ਼ੁਰੂ ਕੀਤੀ ਜਾਵੇਗੀ। ਪੀਆਰਟਸੀ ਦੇ ਐਮ.ਡੀ. ਪੂਨਮਦੀਪ ਕੌਰ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਸ਼ੁਰੂ ਕੀਤੀ ਜਾ ਰਹੀ ਇਹ ਸਹੂਲਤ ਆਮ ਲੋਕਾਂ ਲਈ ਵੱਡੀ ਰਾਹਤ ਹੈ। ਉਨ੍ਹਾਂ ਕਿਹਾ ਕਿ ਨਵੀਂ ਦਿੱਲੀ ਹਵਾਈ ਅੱਡੇ ਜਾਣ ਵਾਲੀਆਂ ਸਵਾਰੀਆਂ ਅਤੇ ਐਨ.ਆਰ.ਆਈਜ. ਸਮੇਤ ਵਿਦੇਸ਼ਾਂ ਤੋਂ ਪੰਜਾਬ ਆਉਣ ਵਾਲੇ ਯਾਤਰੀਆਂ ਨੂੰ ਪੰਜਾਬ ਸਰਕਾਰ ਦੀ ਇਸ ਸਹੂਲਤ ਦਾ ਲਾਭ ਉਠਾਉਣ ਦੀ ਅਪੀਲ ਕੀਤੀ।

ਇਸ ਸਮੇਂ ਚੱਲਣਗੀਆਂ ਪਟਿਆਲਾ ਤੋਂ ਦਿੱਲੀ ਹਵਾਈ ਅੱਡੇ ਲਈ ਬੱਸਾਂ

ਜੇਕਰ ਪਟਿਆਲਾ ਦੀ ਗੱਲ ਕੀਤੀ ਜਾਵੇ ਤਾ ਦੁਪਹਿਰ 12 ਵਜੇ ਪਟਿਆਲਾ ਤੋਂ ਚੱਲਣ ਵਾਲੀ ਬੱਸ ਨਵੀਂ ਦਿੱਲੀ ਹਵਾਈ ਅੱਡੇ ’ਤੇ ਸ਼ਾਮ 06.40 ਵਜੇ ਪੁੱਜ ਜਾਵੇਗੀ ਅਤੇ ਇਹ ਉੱਥੋਂ ਸਵੇਰੇ 01.30 ਵਜੇ ਪਟਿਆਲਾ ਲਈ ਚੱਲੇਗੀ। ਜਦੋਂਕਿ ਸ਼ਾਮ 04.00 ਵਜੇ ਪਟਿਆਲਾ ਤੋਂ ਚੱਲਣ ਵਾਲੀ ਦੂਜੀ ਬੱਸ ਰਾਤ 10.00 ਵਜੇ ਨਵੀਂ ਦਿੱਲੀ ਹਵਾਈ ਅੱਡੇ ’ਤੇ ਪੁੱਜੇਗੀ ਅਤੇ ਉੱਥੋਂ ਅਗਲੀ ਸਵੇਰ 06.00 ਵਜੇ ਵਾਪਸੀ ਲਈ ਰਵਾਨਾ ਹੋਵੇਗੀ। ਇਸੇ ਤ੍ਹਰਾਂ ਹੀ ਹੋਰਨਾ ਜ਼ਿਲ੍ਹਿਆਂ ਤੋਂ ਇਹ ਵੋਲਵੋਂ ਲਗਜ਼ਰੀ ਬੱਸਾਂ ਵੱਖੋਂ ਵੱਖਰੇ ਸਮੇਂ ਤੇ ਚੱਲਿਆ ਕਰਨਗੀਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ