ਬਠਿੰਡਾ ਰਿਫਾਇਨਰੀ ਵਿਖੇ ਹੋਏਗਾ 23 ਹਜ਼ਾਰ ਕਰੋੜ ਨਿਵੇਸ਼
- ਬਠਿੰਡਾ ਵਿਖੇ ਲਗਾਇਆ ਜਾਏਗਾ ਪੈਟਰੋ ਕੈਮੀਕਲ ਪਲਾਂਟ, ਜਲਦ ਹੋਏਗਾ ਐਲਾਨ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਰੇਤ ਬਜਰੀ ‘ਤੇ ਲੱਗੇ ਕਥਿਤ ਜੋਜੋ ਟੈਕਸ ਤੋਂ ਬਾਅਦ ਨਵੇਂ ਪ੍ਰੋਜੈਕਟ ਲਗਾਉਣ ਤੋਂ ਸਾਫ਼ ਇਨਕਾਰ ਕਰ ਰਹੀ ਪੰਜਾਬ ਦੀ ਸਭ ਤੋਂ ਵੱਡੀ ਬਠਿੰਡਾ ਰਿਫਾਨਰੀ ਨੇ ਹੁਣ ਸਰਕਾਰ ਦੀ ਗਰੰਟੀ ‘ਤੇ ਬਠਿੰਡਾ ਵਿਖੇ ਨਵਾਂ ਯੂਨਿਟ ਲਗਾਉਣ ਲਈ ਹਾਮੀ ਭਰ ਦਿੱਤੀ ਹੈ। ਬਠਿੰਡਾ ਰਿਫਾਨਰੀ ਵਿੱਚ ਹੀ ਪੈਟਰੋ ਕੈਮੀਕਲ ਯੂਨਿਟ ਲਗਾਇਆ ਜਾਏਗਾ, ਜਿਸ ‘ਤੇ 23 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਬਠਿੰਡਾ ਰਿਫਾਨਰੀ ਵਿਖੇ ਲੱਗਣ ਵਾਲੇ ਨਵੇਂ ਯੂਨੀਟ ਲਈ ਜਰੂਰਤ ਅਨੁਸਾਰ ਰੇਤ ਅਤੇ ਬਜਰੀ ਮੁਹਾਇਆ ਕਰਵਾਉਣ ਦੀ ਗਰੰਟੀ ਖ਼ੁਦ ਪੰਜਾਬ ਸਰਕਾਰ ਦੀ ਹੋਏਗੀ। ਬਠਿੰਡਾ ਵਿਖੇ ਲੱਗਣਗੇ ਵਾਲੇ ਕਥਿਤ ਜੋਜੋ ਟੈਕਸ ਤੋਂ ਬਚਾਉਣ ਲਈ ਖੁਦ ਸਰਕਾਰ ਆਦੇਸ਼ ਜਾਰੀ ਕਰੇਗੀ ਤਾਂ ਕਿ ਰਿਫਾਇਨਰੀ ਵਿਖੇ ਇਹ 23 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਆ ਸਕੇ। ਇਸ ਨਿਵੇਸ਼ ਨਾਲ ਪੰਜਾਬ ਦੇ 12 ਹਜ਼ਾਰ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। (Bathinda Refinery)
ਜਾਣਕਾਰੀ ਅਨੁਸਾਰ ਬਠਿੰਡਾ ਵਿਖੇ ਹਿੰਦੁਸਤਾਨ ਪੈਟ੍ਰੋਲੀਅਮ ਅਤੇ ਮਿੱਤਲ ਐਨਰਜੀ ਲਿਮਟਿਡ ਵੱਲੋਂ ਚਲਾਈ ਜਾ ਰਹੀਂ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵਿੱਚ ਨਵਾਂ ਪੈਟਰੋ ਕੈਮੀਕਲ ਦਾ ਪਲਾਂਟ ਲਗਾਉਣ ਲਈ ਪਿਛਲੇ ਲਗਭਗ 2 ਸਾਲਾਂ ਤੋਂ ਕੰਪਨੀ ਦੀ ਮੈਨੇਜਮੈਂਟ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਹਰ ਵਾਰ ਕੋਈ ਨਾ ਕੋਈ ਅੜਿੱਕਾ ਆਉਣ ਕਾਰਨ ਇਸ ਪੈਟਰੋ ਕੈਮੀਕਲ ਪਲਾਂਟ ਨੂੰ ਲਗਾਉਣ ਦਾ ਮਾਮਲਾ ਠੰਢਾ ਹੀ ਪੈਂਦਾ ਆ ਰਿਹਾ ਸੀ। ਜਿਸ ਤੋਂ ਬਾਅਦ 12 ਸਤੰਬਰ 2017 ਨੂੰ ਅਮਰਿੰਦਰ ਸਿੰਘ ਨੇ ਖ਼ੁਦ ਲੰਦਨ ਜਾ ਕੇ ਲਕਸ਼ਮੀ ਮਿੱਤਲ ਨੂੰ ਇਸ ਪ੍ਰੋਜੈਕਟ ਨੂੰ ਲਗਾਉਣ ਲਈ ਰਾਜ਼ੀ ਕੀਤਾ ਸੀ।
ਇਹ ਵੀ ਪੜ੍ਹੋ : ITR ਭਰਨ ਵਾਲਿਆਂ ਲਈ ਵੱਡੀ ਖੁਸ਼ਖਬਰੀ, ਪੁਰਾਣੇ ਟੈਕਸ ਰਿਜੀਮ ਤੋਂ ਆਈਟੀਆਰ ਭਰੋ, ਮਿਲੇਗੀ ਅਹਿਮ ਛੋਟ
ਪਰ ਰਿਫਾਇਨਰੀ ਵਿੱਚ ਨਵੇਂ ਬਲਾਕ ਬਣਾਉਣ ਲਈ ਰੇਤ ਬਜਰੀ ‘ਤੇ ਕਥਿਤ ਤੌਰ ‘ਤੇ ਜੋਜੋ ਟੈਕਸ ਲੱਗਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਇਸ ਰਿਫਾਇਨਰੀ ਦਾ ਕੰਮ ਰੁਕਣ ਦੇ ਆਸਾਰ ਬਣ ਗਏ ਸਨ। ਇਸ ਸਬੰਧੀ ਰਿਫਾਇਨਰੀ ਮੈਨੇਜਮੈਂਟ ਵੱਲੋਂ ਬਿਲਡਿੰਗ ਬਣਾਉਣ ਲਈ ਰੇਤ ਅਤੇ ਬਜਰੀ ਸਬੰਧੀ ਆ ਰਹੀ ਪਰੇਸ਼ਾਨੀ ਦੇ ਨਾਲ ਹੀ ਕੁਝ ਹੋਰ ਟੈਕਸ ‘ਤੇ ਛੋਟ ਦੇਣ ਦੀ ਮੰਗ ਕੀਤੀ ਗਈ ਸੀ। ਇਸ ਨਾਲ ਹੀ ਪਿਛਲੀ ਸਰਕਾਰ ਸਮੇਂ ਰੌਲ਼ੇ ਵਿੱਚ ਚਲ ਰਹੇ ਕਰੋੜਾਂ ਰੁਪਏ ਦੀ ਸੈਟਲਮੈਂਟ ਬਾਰੇ ਵੀ ਕਿਹਾ ਗਿਆ ਹੈ।
ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਬਠਿੰਡਾ ਰਿਫਾਇਨਰੀ ਵਿੱਚ ਹਰ ਹਾਲਤ ਵਿੱਚ ਨਵੀਂ ਯੂਨਿਟ ਲੈ ਕੇ ਆਉਣ ਦੇ ਚਲਦੇ ਜਿੱਥੇ ਰੇਤ ਬਜਰੀ ਸਬੰਧੀ ਗਰੰਟੀ ਲੈ ਲਈ ਹੈ ਤਾਂ ਰਿਫਾਨਰੀ ਵੱਲੋਂ ਮੰਗੀ ਜਾ ਰਹੀ ਛੋਟ ਅਤੇ ਸੈਟਲਮੈਂਟ ਵੀ ਕਰਨ ਲਈ ਹਾਮੀ ਭਰ ਦਿੱਤੀ ਗਈ ਹੈ। ਹੁਣ ਇਸ ਮਾਮਲੇ ਵਿੱਚ ਆਖ਼ਰੀ ਮੀਟਿੰਗ ਦੌਰਾਨ ਆਦੇਸ਼ ਜਾਰੀ ਹੋਣ ਦਾ ਇੰਤਜ਼ਾਰ ਹੀ ਕੀਤਾ ਜਾ ਰਿਹਾ ਹੈ। ਇਸ ਰਿਫਾਨਰੀ ਨਾਲ ਬਠਿੰਡਾ ਵਿਖੇ ਪੰਜਾਬ ਦੇ 12 ਹਜ਼ਾਰ ਨੌਜਵਾਨਾ ਨੂੰ ਰੁਜ਼ਗਾਰ ਮਿਲਣ ਦੀ ਆਸ ਬੱਝ ਗਈ ਹੈ।
ਸਾਰੀਆਂ ਡਿਮਾਂਡ ਕਰ ਲਈ ਗਈਆਂ ਹਨ ਸਵੀਕਾਰ, ਜਲਦ ਲੱਗੇਗਾ ਪ੍ਰੋਜੈਕਟ : ਅਰੋੜਾ
ਉਦਯੋਗ ਵਿਭਾਗ ਦੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਰਿਫਾਨਰੀ ਮੈਨੇਜਮੈਂਟ ਵੱਲੋਂ ਜਿਹੜੀਆਂ ਮੰਗਾਂ ਰੱਖੀ ਗਈਆਂ ਸਨ, ਉਨਾਂ ਨੂੰ ਪ੍ਰੋਜੈਕਟ ਦੇ ਅਨੁਸਾਰ ਸਰਕਾਰ ਛੋਟਾ ਹੀ ਮੰਨ ਕੇ ਚਲ ਰਹੀ ਹੈ, ਇਸ ਲਈ ਸਾਰੀਆਂ ਮੰਗਾਂ ਪ੍ਰਵਾਨ ਕਰ ਲਈ ਗਈਆਂ ਹਨ। ਇਸ ਸਬੰਧੀ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਆਦੇਸ਼ ਲੈਣੇ ਹੀ ਬਾਕੀ ਰਹਿ ਗਏ ਹਨ, ਜਿਸ ਤੋਂ ਬਾਅਦ ਇਸ ਯੂਨਿਟ ਦਾ ਐਲਾਨ ਕਰ ਦਿੱਤਾ ਜਾਏਗਾ। (Bathinda Refinery)