ਅਪਾਹਜਾਂ ਲਈ ਬੈਟਰੀ ਨਾਲ ਚੱਲਣ ਵਾਲੀਆਂ 150 ਵੀਲ੍ਹ ਚੇਅਰ ਛੇਤੀ
ਚੰਡੀਗੜ (ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਸੰਗਰੂਰ ਅਤੇ ਬਰਨਾਲਾ ‘ਚ ਦਲਿਤ ਵਿਦਿਆਰਥੀਆਂ ਲਈ ਸਰਕਾਰੀ ਹੋਸਟਲ ਬਣਾਉਣ ਜਾ ਰਹੇ ਹਨ। ਇਸ ਸਬੰਧੀ ਐਲਾਨ ਵੀ ਖ਼ੁਦ ਭਗਵੰਤ ਮਾਨ ਨੇ ਚੰਡੀਗੜ ਵਿਖੇ ਕੀਤਾ ਹੈ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਦੱਸਿਆ ਕਿ ਉਨਾਂ ਦਿੱਲੀ ‘ਚ ਕੇਂਦਰੀ ਸਮਾਜਿਕ-ਨਿਆਂ ਅਤੇ ਸ਼ਕਤੀਕਰਨ ਮੰਤਰੀ ਥਾਵਰ ਚੰਦ ਗਹਿਲੋਤ ਅਤੇ ਰਾਜ ਮੰਤਰੀ ਰਤਨ ਲਾਲ ਕਟਾਰੀਆ ਨਾਲ ਮੁਲਾਕਾਤ ਕਰਕੇ ਦਲਿਤ ਵਿਦਿਆਰਥੀਆਂ ਅਤੇ ਅਪਾਹਜ ਨਾਗਰਿਕਾਂ ਨੂੰ ਦਰਪੇਸ਼ ਚੁਨੌਤੀਆਂ-ਸਮੱਸਿਆਵਾਂ ਵੀ ਉਠਾਈਆਂ। Bhagwant Mann
ਭਗਵੰਤ ਮਾਨ ਨੇ ਦੱਸਿਆ ਕਿ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰਾਲੇ ਨੇ ਉਨਾਂ (ਮਾਨ) ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਲਿਆ ਅਤੇ ਸੰਗਰੂਰ ਅਤੇ ਬਰਨਾਲਾ ਜ਼ਿਲਿਆਂ ‘ਚ ਦਲਿਤ ਵਿਦਿਆਰਥੀਆਂ ਲਈ 2 ਸਰਕਾਰੀ ਹੋਸਟਲ ਬਣਾਉਣ ਦੀ ਤਜਵੀਜ਼ ਨੂੰ ਸਵੀਕਾਰ ਕਰ ਲਿਆ। ਮਾਨ ਨੇ ਕਿਹਾ ਕਿ ਇਹ ਹੋਸਟਲ ਇਲਾਕੇ ਦੇ ਦਲਿਤ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋਣਗੇ। ਉਨਾਂ ਕਿਹਾ ਕਿ ਛੇਤੀ ਹੀ ਮੁੱਢਲੀ ਕਾਰਵਾਈ ਪੂਰੀ ਕਰਕੇ ਇਸ ਪ੍ਰੋਜੈਕਟ ‘ਤੇ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।
ਭਗਵੰਤ ਮਾਨ ਨੇ ਅਪਾਹਜ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਦਰਪੇਸ਼ ਦਿੱਕਤਾਂ ਵੀ ਦੋਵੇਂ ਮੰਤਰੀਆਂ ਨਾਲ ਸਾਂਝੀਆਂ ਕੀਤੀਆਂ। ਜਿਸ ‘ਤੇ ਪਹਿਲੇ ਪੜਾਅ ‘ਚ ਬੈਟਰੀ ਨਾਲ ਚੱਲਣ ਵਾਲੀਆਂ 150 ਵੀਲ੍ਹ ਚੇਅਰਾਂ ਲੋਕ ਸਭਾ ਹਲਕਾ ਸੰਗਰੂਰ ਨੂੰ ਮਿਲ ਰਹੀਆਂ ਹਨ। ਮਾਨ ਨੇ ਦੱਸਿਆ ਕਿ ਪ੍ਰਤੀ ਵਹੀਲ ਚੇਅਰ ਲਈ ਐਮਪੀ ਕੋਟੇ (ਐਮਪੀਐਲਏਡੀ) ਦੇ ਫ਼ੰਡ ‘ਚੋਂ 12 ਹਜ਼ਾਰ ਦਿੱਤੇ ਜਾਣਗੇ ਅਤੇ ਬਾਕੀ ਹਿੱਸੇ ਕੇਂਦਰ ਸਰਕਾਰ ਵੱਲੋਂ ਪਾਇਆ ਜਾਵੇਗਾ। ਮੰਤਰਾਲੇ ਵੱਲੋਂ ਸੰਗਰੂਰ ‘ਚ ਕੈਂਪ ਲਗਾ ਕੇ ਕੰਨਾਂ ਵਾਲੀਆਂ ਮਸ਼ੀਨਾਂ ਅਤੇ ਐਨਕਾਂ ਵੀ ਲੋੜਵੰਦਾਂ ਨੂੰ ਮੁਹੱਈਆ ਕੀਤੀਆਂ ਜਾਣਗੀਆਂ। ਮਾਨ ਨੇ ਤਜਵੀਜ਼ਾਂ ਮੰਨੇ ਜਾਣ ‘ਤੇ ਕੇੰਦਰੀ ਕੈਬਨਿਟ ਮੰਤਰੀ ਥਾਵਰ ਚੰਦ ਗਹਿਲੋਤ ਅਤੇ ਰਾਜ ਮੰਤਰੀ ਰਤਨ ਲਾਲ ਕਟਾਰੀਆ ਦਾ ਧੰਨਵਾਦ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।