117 ਵਿਧਾਨ ਸਭਾ ਹਲਕਿਆਂ ’ਚ ਸਿਰਫ਼ 47 ਸਰਕਾਰੀ ਕਾਲਜ, ਨੌਜਵਾਨਾਂ ਨੇ ਕੀਤਾ ਰੋਸ ਪ੍ਰਦਰਸ਼ਨ
ਪੁਲਿਸ ਪ੍ਰਸ਼ਾਸਨ ਨੂੰ ਭਾਜੜ ਪਈ
ਖੁਸ਼ਵੀਰ ਸਿੰਘ ਤੂਰ, ਪਟਿਆਲਾ। ਸਰਕਾਰੀ ਮਹਿੰਦਰਾ ਕਾਲਜ ਵਿੱਚ ਲੱਗੇ ਰੁਜ਼ਗਾਰ ਮੇਲੇ ਵਿੱਚ ਸਰਕਾਰੀ ਕਾਲਜ ਬਚਾਓ ਮੰਚ ਦੇ ਮੈਂਬਰਾਂ ਵੱਲੋਂ ਪੁੱਜ ਕੇ ਰੁਜ਼ਗਾਰ ਦੀ ਮੰਗ ਕੀਤੀ ਗਈ, ਪਰ ਰੁਜ਼ਗਾਰ ਦੇਣ ਵਾਲੇ ਹੱਥ ਖੜ੍ਹੇ ਕਰ ਗਏ। ਇਸ ਦੌਰਾਨ ਡਿਗਰੀਆਂ ਲੈ ਕੇ ਪੁੱਜੇ ਨੌਜਵਾਨਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਅਜਿਹੇ ਰੁਜ਼ਗਾਰ ਮੇਲੇ ਲਗਾਕੇ ਅਤੇ ਪੰਜ ਪੰਜ ਹਜਾਰ ਦੀਆਂ ਨੌਕਰੀਆਂ ਦੇ ਕੇ ਨੌਜਵਾਨਾਂ ਨਾਲ ਮਜਾਕ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪੁਲਿਸ ਨੂੰ ਇਨਾਂ ਨੌਜਵਾਨਾਂ ਨੂੰ ਰੋਕਣ ਲਈ ਕਾਫ਼ੀ ਮੁਸ਼ਕਿਲ ਕਰਨ ਪਈ।
ਇਸ ਮੌਕੇ ਮੰਚ ਦੇ ਆਗੂ ਪਿ੍ਰਤਪਾਲ ਸਿੰਘ, ਗੁਰਸੇਵਕ ਸਿੰਘ ਤੂਰ ਆਦਿ ਨੇ ਕਿਹਾ ਕਿ ਇੱਕ ਪਾਸੇ ਤਾਂ ਸਰਕਾਰੀ ਕਾਲਜਾਂ ਅਤੇ ਵਿਭਾਗਾਂ ਵਿੱਚ ਲਗਭਗ 80-90 ਫੀਸਦੀ ਅਸਾਮੀਆਂ ਖਾਲੀ ਹਨ ਤੇ ਦੂਜੇ ਪਾਸੇ ਰੁਜ਼ਗਾਰ ਮੇਲਿਆਂ ਵਿੱਚ ਪ੍ਰਾਈਵੇਟ ਕੰਪਨੀਆਂ ਨੂੰ ਸੱਦ ਕੇ ਨੌਜਵਾਨਾਂ ਨੂੰ 5000-5000 ਪ੍ਰਤੀ ਮਹੀਨਾਂ ਤਨਖਾਹ ਤੇ ਕੰਪਨੀਆਂ ਦੁਆਰਾ ਲੁੱਟ ਦਾ ਰਾਹ ਪੱਧਰਾ ਕਰ ਰਹੀ ਹੈ। ਪੰਜਾਬ ਦੇ ਸਰਕਾਰੀ ਕਾਲਜ ਸਹਾਇਕ ਪ੍ਰੋਫੈਸਰਾਂ ਅਤੇ ਨਾਨ-ਟੀਚਿੰਗ ਸਟਾਫ ਬਿਨਾਂ ਖਾਲੀ ਪਏ ਹਨ ਜਦਕਿ ਐੱਮ. ਫਿਲ਼, ਨੈੱਟ ਅਤੇ ਪੀ ਐੱਚ ਡੀ ਕਰਕੇ ਨੌਜਵਾਨ ਬੇਰੁਜ਼ਗਾਰ ਹਨ ਅਤੇ ਬਹੁਤ ਸਾਰੇ ਨੌਜਵਾਨ ਪ੍ਰਾਈਵੇਟ ਕਾਲਜਾਂ ਅਤੇ ਗੈਸਟ ਫੈਕਲਟੀ, ਐਡਹਾਕ ਤੇ ਨਿਗੁਣੀਆਂ ਤਨਖਾਹਾਂ ਤੇ ਪੜਾਉਣ ਲਈ ਮਜ਼ਬੂਰ ਹਨ। ਪੰਜਾਬ ਦੇ ਸਰਕਾਰੀ ਕਾਲਜਾਂ ਅਤੇ ਏਡਿਡ ਕਾਲਜਾਂ ਵਿੱਚ ਇਸ ਸਮੇਂ 3000 ਦੇ ਕਰੀਬ ਅਸਾਮੀਆਂ ਭਰਨ ਦੀ ਜਰੂਰਤ ਹੈ। ਪੰਜਾਬ ਸਰਕਾਰ ਸਰਕਾਰੀ ਕਾਲਜਾਂ ਨੂੰ ਬੰਦ ਕਰਕੇ ਸਾਰੀ ਉੱਚ ਸਿੱਖਿਆ ਨਿੱਜੀ ਹੱਥਾਂ ਵਿੱਚ ਦੇਣ ਲਈ ਪੱਬਾਂ ਭਾਰ ਹੈ ।
ਆਗੂਆਂ ਨੇ ਕਿਹਾ ਕਿ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚ ਸਿਰਫ 47 ਸਰਕਾਰੀ ਕਾਲਜ ਹਨ ਅਤੇ 70 ਹਲਕੇ ਬਿਨਾਂ ਕਿਸੇ ਸਰਕਾਰੀ ਕਾਲਜ ਤੋੋਂ ਹਨ। ਇਸ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿੱਚ 2015 ਵਿੱਚ ਬੀ. ਏ ਦੀਆਂ 3000 ਸੀਟਾਂ ਸਨ ਜਿਨ੍ਹਾਂ ਨੂੰ ਕੱਟ ਲਗਾ ਕੇ ਅੱਜ ਸਿਰਫ 1200 ਦੇ ਕਰੀਬ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਸਹਾਇਕ ਪ੍ਰੋਫੈਸਰਾਂ ਦੀਆਂ ਅਸਾਮੀਆਂ ਨੂੰ ਵੀ ਰੈਸ਼ਨਲਾਈਜੇਸ਼ਨ ਦੇ ਨਾਮ ਤੇ ਖਤਮ ਕੀਤਾ ਜਾ ਰਿਹਾ ਹੈ। ਸੈਲਫ ਫਾਇਨਾਂਸਡ ਕੋਰਸ ਚਲਾ ਕੇ ਵਿਦਿਆਰਥੀਆਂ ਦੀ ਅੰਨੀ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਕਾਲਜਾਂ ’ਚ ਖਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ ਅਤੇ ਗ੍ਰੈਜੂਏਸ਼ਨ ਦੀਆਂ ਸੀਟਾਂ ਤੇ ਲਗਾਏ ਗਏ ਕੱਟ ਨੂੰ ਬਹਾਲ ਕੀਤਾ ਜਾਵੇ। ਸੈਲਫਾਇਨਾਂਸਡ ਕੋਰਸਾ ਨੂੰ ਸਰਕਾਰੀ ਕਰਨਾ, ਸਹਾਇਕ ਪ੍ਰੋਫੈਸਰਾਂ ਦੇ ਪੇ-ਸਕੇਲ ਨੂੰ ਯੂ ਜੀ ਸੀ ਦੇ ਸੱਤਵੇਂ ਪੇ ਸਕੇਲ ਨਾਲ ਲਿੰਕ ਕਰਨਾ, ਨਵੇਂ ਐਲਾਨੇ ਸਰਕਾਰੀ ਕਾਲਜਾਂ ਨੂੰ ਤੁਰੰਤ ਸ਼ੁਰੂ ਕਰਨਾ ਆਦਿ ਮੰਗਾਂ ਨੂੰ ਸਰਕਾਰ ਪੂਰੀਆਂ ਕਰੇ। ਇਸ ਮੌਕੇ ਡਾ ਬਲਵਿੰਦਰ ਚਹਿਲ, ਮਨਪ੍ਰੀਤ ਜਸ, ਰਵੀਦਿੱਤ ਕੰਗ, ਅਮਨ, ਸੰਦੀਪ, ਹਰਜਿੰਦਰ ਸਿੰਘ, ਕਰਮਜੀਤ ਸਿੰਘ, ਮਨਪ੍ਰੀਤ ਬਾਠ, ਅਵਤਾਰ ਸਿੰਘ, ਜਗਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਮੰਚ ਦੇ ਮੈਂਬਰ ਹਾਜ਼ਰ ਸਨ।
ਕੰਪਨੀਆਂ ਨੇ ਕਿਹਾ, ਤੁਹਾਡੀ ਯੋਗਤਾ ਮੁਤਾਬਿਕ ਨੌਕਰੀ ਨਹੀਂ
ਰੁਜਗਾਰ ਮੇਲੇ ਵਿੱਚ ਪਹੁਚ ਕੇ ਜਦੋਂ ਖੋਜਾਰਥੀਆਂ ਅਤੇ ਮੰਚ ਦੇ ਮੈਂਬਰਾਂ ਨੇ ਰੁਜ਼ਗਾਰ ਲਈ ਰਜਿਸ਼ਟਰੇਸ਼ਨ ਕਰਵਾਉਣੀ ਚਾਹੀ ਤਾਂ ਕੰਪਨੀਆਂ ਨੇ ਕਿਹਾ ਕਿ ਤੁਹਾਡੀ ਯੋਗਤਾ ਦੇ ਮੁਤਾਬਿਕ ਸਾਡੇ ਕੋਲ ਨੌਕਰੀ ਨਹੀਂ ਹੈ ਪਰ ਅਸੀਂ ਤੁਹਾਨੂੰ 7000 ਪ੍ਰਤੀ ਮਹੀਨਾ ਤਨਖਾਹ ਤੇ ਹੀ ਨੌਕਰੀ ਦੇ ਸਕਦੇ ਹਾਂ। ਇਸ ਉਪਰੰਤ ਮੰਚ ਦੇ ਮੈਬਰਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਸਟੇਜ ਚਲਾ ਕੇ ਵਿਰੋਧ ਪ੍ਰਦਰਸ਼ਨ ਅਤੇ ਮਾਰਚ ਕੀਤਾ। ਇਸ ਪ੍ਰਰਦਸ਼ਨ ਕਾਰਨ ਪੁਲਿਸ ਪ੍ਰਸ਼ਾਸਨ ਵਿੱਚ ਭਾਜੜ ਮੱਚ ਗਈ ਅਤੇ ਅਧਿਕਾਰੀਆਂ ਨਾਲ ਮੀਟਿੰਗ ਕਰਵਾਉਣ ਦੀਆਂ ਬੁਝਾਰਤਾ ਪਾਉਣ ਲੱਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ