ਜਾਨੀ ਤੇ ਮਾਲੀ ਨੁਕਸਾਨ ਹੋਣ ਦਾ ਡਰ
(ਸੁਰਿੰਦਰ ਸਿੰਗਲਾ) ਅਮਰਗੜ੍ਹ। ਇੱਥੋਂ ਦੀ ਸਰਕਾਰੀ ਕਾਲਜ ਦੀ ਬਹੁ ਕਰੋੜੀ ਇਮਾਰਤ ਜੋ ਕਿ ਤਕਰੀਬਨ ਪੰਜ ਛੇ ਸਾਲ ਪਹਿਲਾਂ ਹੋਂਦ ’ਚ ਆਈ ਸੀ, ਢਹਿ ਢੇਰੀ ਹੁੰਦੀ ਦਿਖਾਈ ਦੇ ਰਹੀ ਹੈ। ਸਰਕਾਰੀ ਕਾਲਜ ਪ੍ਰਸ਼ਾਸਨ ਵੱਲੋਂ ਵੀ ਜਿੱਥੇ ਜਿੱਥੇ ਉਨ੍ਹਾਂ ਨੂੰ
ਖਤਰਾ ਦਿਖਾਈ ਦੇ ਰਿਹਾ ਹੈ ਪੂਰੀ ਤਰ੍ਹਾਂ ਇਹਤਿਆਤ ਵਰਤੀ ਜਾ ਰਹੀ ਹੈ।
ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜੱਸਪ੍ਰੀਤ ਕੌਰ ਜੱਸੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰੀ ਕਾਲਜ ਦੀ ਇਮਾਰਤ ਖਸਤਾ ਹਾਲਤ ਵਿੱਚ ਪਹੁੰਚ ਗਈ ਹੈ, ਜਿਸ ਨੂੰ ਤਕਰੀਬਨ ਪੰਜ ਛੇ ਸਾਲ ਹੀ ਬਣੀ ਨੂੰ ਹੋਈ ਹੈ। ਇਸ ਤਰ੍ਹਾਂ ਜਾਪਦਾ ਹੈ ਜਿਵੇਂ ਕਿ ਇਹ ਇਮਾਰਤ ਸਦੀਆਂ ਪੁਰਾਣੀ ਹੋਵੇ। ਸਿਆਸੀ ਪਾਰਟੀਆਂ ਨੂੰ ਆਪਣੀ ਹੋਂਦ ਬਚਾਉਣ ਦਾ ਖਤਰਾ ਭਾਂਪ ਰਿਹਾ ਹੈ। ਭਾਵੇਂ ਅਕਾਲੀ ਹੋਣ, ਕਾਂਗਰਸੀ ਹੋਣ, ਭਾਵੇਂ ਝਾੜੂ ਵਾਲੇ ਹੋਣ। ਸੰਨ 2022 ਦਾ ਜੋ ਸਮਾਂ ਹੈ ਚੋਣਾਂ ਦਾ ਸਾਲ ਹੈ। ਸਿਆਸੀ ਪਾਰਟੀਆਂ ਨੂੰ ਆਪਣੀ ਹੋਂਦ ਬਚਾਉਣ ਲਈ ਇਹ ਸਭ ਕੁਝ ਕਰਨਾ ਪੈਂਦਾ ਹੈ। ਜਿਵੇਂ ਬਰਸਾਤੀ ਡੱਡੂ ਬਾਹਰ ਆ ਜਾਂਦੇ ਹਨ, ਉਹ ਕੰਮ ਸਿਆਸੀ ਪਾਰਟੀਆਂ ਦਾ ਹੈ। ਸਿਆਸੀ ਪਾਰਟੀਆਂ ਨੂੰ ਕਾਲਜ ਨਾਲ ਕੋਈ ਲਾਗਾ ਦੇਗਾ ਨਹੀਂ। ਉਨ੍ਹਾਂ ਨੂੰ ਤਾਂ ਆਪਣਾ ਉੱਲੂ ਸਿੱਧਾ ਹੋਣਾ ਚਾਹੀਦਾ ਹੈ।
ਇੱਥੋਂ ਦਾ ਸਰਕਾਰੀ ਕਾਲਜ ਨਿਰੋਲ ਪੇਂਡੂ ਏਰੀਏ ਨਾਲ ਸਬੰਧ ਰੱਖਦਾ ਹੈ। ਸਿਆਸੀ ਪਾਰਟੀਆਂ ਨਹੀਂ ਚਾਹੁੰਦੀਆਂ ਕਿ ਪੇਂਡੂ ਵਿਦਿਆਰਥੀ ਉੱਚ ਵਿੱਦਿਆ ਹਾਸਲ ਕਰਨ। ਉਨ੍ਹਾਂ ਉੱਚ ਪੱਧਰੀ ਜਾਂਚ ਦੀ ਵੀ ਮੰਗ ਕੀਤੀ। ਸਰਕਾਰੀ ਕਾਲਜ ਦੇ ਵਾਈਸ ਪਿ੍ਰੰਸੀਪਲ ਦਾ ਇਸ ਸਬੰਧ ਵਿੱਚ ਕਹਿਣਾ ਹੈ ਕਿ ਕੁਝ ਬਲਾਕਾਂ ਦੇ ਵਾਧਰੇ ਗਿਰ ਚੁੱਕੇ ਹਨ, ਕੁਝ ਗਿਰਨ ਦੇ ਕਿਨਾਰੇ ਹਨ। ਅਸੀਂ ਸਬੰਧਤ ਮਹਿਕਮੇ ਨੂੰ ਇਸ ਦੇ ਬਾਰੇ ਵਿੱਚ ਲਿਖਤੀ ਰੂਪ ਵਿਚ ਭੇਜ ਚੁੱਕੇ ਹਾਂ। ਸਾਨੂੰ ਲਿਖਤੀ ਰੂਪ ਵਿੱਚ ਭੇਜਿਆਂ 10-12 ਦਿਨ ਦੇ ਕਰੀਬ ਹੋ ਗਏ ਹਨ। ਉਨ੍ਹਾਂ ਕਿਹਾ ਕਿ ਅਸੀਂ ਕਾਲਜ ਦੇ ਸਟਾਫ ਦੇ ਦੋ ਮੈਂਬਰਾਂ ਦੀ ਵੀ ਇਸ ਸਬੰਧ ਵਿਚ ਡਿਊਟੀ ਲਗਾਈ ਹੋਈ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ