10 ਕਰੋੜ ਰੁਪਏ ਮੁਆਵਜੇ ਲਈ ਵੱਖਰਾ ਕੇਸ ਦਾਇਰ ਕਰਣਗੇ : ਜੋਹਲ
ਬਠਿੰਡਾ| ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨੇੜਲੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਉਰਫ਼ ਜੋਜੋ ਨੇ ਸੀਨੀਅਰ ਅਕਾਲੀ ਆਗੂਆਂ ਖਿਲਾਫ ਚੀਫ ਜੁਡੀਸ਼ੀਅਲ ਮੈਜਿਸਟਰੇਟ ਬਠਿੰਡਾ ਦੀ ਅਦਾਲਤ ‘ਚ ਅੱਜ ਮਾਣਹਾਨੀ ਦੇ ਸਬੰਧ ‘ਚ ਕੇਸ ਦਾਇਰ ਕਰ ਦਿੱਤਾ ਹੈ ਸ਼ਾਹਕੋਟ ਦੀ ਜ਼ਿਮਨੀ ਚੋਣ ਤੋਂ ਐਨ ਪਹਿਲਾਂ ਜੈਜੀਤ ਜੌਹਲ ਉਰਫ਼ ਜੋਜੋ ਨੇ ਬਠਿੰਡਾ ਰਿਫ਼ਾਈਨਰੀ ਦੇ ‘ਗੁੰਡਾ ਟੈਕਸ’ ਵਿੱਚ ਨਾਮ ਉਛਾਲੀ ਦੇ ਮਾਮਲੇ ਸਬੰਧੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਵਿਧਾਇਕ ਬਿਕਰਮ ਸਿੰਘ ਮਜੀਠੀਆ, ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਅਤੇ ਇੱਕ ਪੰਜਾਬੀ ਨਿਊਜ਼ ਚੈਨਲ ਦੇ ਪ੍ਰਬੰਧਕ ਨੂੰ ਮਾਣਹਾਨੀ ਮਾਮਲੇ ਵਿੱਚ ਕਾਨੂੰਨੀ ਨੋਟਿਸ ਭੇਜੇ ਸਨ ਇੰਨ੍ਹਾਂ ਨੋਟਿਸਾਂ ‘ਤੇ ਜੈਜੀਤ ਜੌਹਲ ਨੇ ਛੇ ਮਹੀਨੇ ਕੋਈ ਕਾਰਵਾਈ ਨਹੀਂ ਕੀਤੀ ਬਲਕਿ ਲੰਮਾਂ ਸਮਾਂ ਚੁੱਪ ਧਾਰੀ ਰੱਖੀ ਜਿਸ ਨੂੰ ਲੈਕੇ ਕਈ ਤਰ੍ਹਾਂ ਦੇ ਚਰਚਾ ਚਲਦੇ ਆ ਰਹੇ ਸਨ ਅੱਜ ਵੀ ਜੈਜੀਤ ਜੌਹਲ ਨੇ ਕੇਸ ਨਾਲ ਸਬੰਧਤ ਅਕਾਲੀ ਆਗੂਆਂ ਦਾ ਜਿਕਰ ਕੀਤਾ ਪਰ ਖਜਾਨਾ ਮੰਤਰੀ ਦੇ ਤਾਏ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਿਲਾਫ ਇੱਕ ਵੀ ਲਫਜ਼ ਨਹੀਂ ਬੋਲਿਆ
ਜੌਹਲ ਨੇ ਐਲਾਨ ਕੀਤਾ ਕਿ ਉਹ ਮਾਣਹਾਨੀ ਦੇ ਮਾਮਲੇ ‘ਚ 10 ਕਰੋੜ ਰੁਪਏ ਮੁਆਵਜੇ ਲਈ ਵੱਖਰਾ ਕੇਸ ਦਾਇਰ ਕਰ ਰਹੇ ਹਨ ਜਿਸ ਲਈ ਕਾਗਜ਼ੀ ਕਾਰਵਾਈ ਮੁਕੰਮਲ ਹੋ ਗਈ ਹੈ ਜੈਜੀਤ ਜੌਹਲ ਦੇ ਹਮਲੇ ਮਗਰੋਂ ਹੁਣ ਪਿੰਡ ਬਾਦਲ ਦੇ ਸਿਆਸੀ ਸ਼ਰੀਕਾਂ ਵਿੱਚ ਜੰਗ ਹੋਰ ਭਖਣ ਦੇ ਆਸਾਰ ਬਣ ਗਏ ਹਨ ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਨ੍ਹਾਂ ਆਗੂਆਂ ਨੇ ਰਿਫਾਈਨਰੀ ਦੇ ਗੁੰਡਾ ਟੈਕਸ ਮਾਮਲੇ ਵਿੱਚ ਸਭ ਤੋਂ ਵੱਧ ਨਿਸ਼ਾਨੇ ‘ਤੇ ਜੋਜੋ ਨੂੰ ਰੱਖਿਆ ਸੀ ਜੋਜੋ ਨੇ ਅੱਜ ਆਖਿਆ ਕਿ ਅੱਜ ਉਨ੍ਹਾਂ ਨੇ ਜੁਡੀਸ਼ੀਅਲ ਮੈਜਿਸਟਰੇਟ ਸ੍ਰੀ ਵਿਜੇ ਸਿੰਘ ਡਡਵਾਲ ਦੀ ਅਦਾਲਤ ਕੋਲ ਕੇਸ ਦਰਜ ਕਰਵਾਇਆ ਹੈ ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਕੁਝ ਕਾਗਜ ਪੱਤਰ ਇਕੱਤਰ ਕਰਨੇ ਸਨ ਅਤੇ ਕੁਝ ਸਮਾਂ ਬਾਹਰ ਚਲੇ ਗਏ ਜਿਸ ਕਰਕੇ ਵਕਤ ਲੰਘ ਗਿਆ ਹੈ ਇੱਕ ਸਵਾਲ ਦੇ ਜਵਾਬ ‘ਚ ਜੈਜੀਤ ਜੌਹਲ ਨੇ ਆਖਿਆ ਕਿ ਸੁਲ੍ਹਾ ਸਫਾਈ ਵਾਲੀ ਗੱਲ ਨਹੀਂ ਹੈ ਅਤੇ ਉਹ ਢੁੱਕਵੇਂ ਮੌਕੇ ਦੀ ਤਾਕ ਵਿੱਚ ਸਨ ਉਨ੍ਹਾਂ ਆਖਿਆ ਕਿ ਹੁਣ ਅਕਾਲੀ ਦਲ ਵੱਖ ਵੱਖ ਮੁੱਦਿਆਂ ਨੂੰ ਲੈਕੇ ਘਿਰਿਆ ਹੋਇਆ ਹੈ ਜਿਸ ਕਰਕੇ ਉਨ੍ਹਾਂ ਨੇ ਇਸ ਸਮੇਂ ਦੀ ਚੋਣ ਕੀਤੀ ਹੈ ਉਨ੍ਹਾਂ ਆਖਿਆ ਕਿ ਉਹ ਸਿਆਸਤ ਛੱਡ ਕੇ ਘਰੇ ਬੈਠਣ ਅਤੇ ਪਿੰਡ ਖੇਤੀ ਕਰਨ ਨੂੰ ਤਰਜੀਹ ਦੇਣਗੇ ਪਰ ਬਾਦਲਾਂ ਨਾਲ ਕੋਈ ਸਮਝੌਤਾ ਨਹੀਂ ਕਰਨਗੇ ਉਨ੍ਹਾਂ ਆਖਿਆ ਕਿ ਅਕਾਲੀ ਦਲ ਦੀਆਂ ਰੈਲੀਆਂ ਵਿੱਚ ਉਸ ਦਾ ਨਾਮ ਗੁੰਡਾ ਟੈਕਸ ਨਾਲ ਜੋੜਿਆ ਗਿਆ ਜਦੋਂਕਿ ਉਸ ਦਾ ਇਸ ਮਾਮਲੇ ਨਾਲ ਕੋਈ ਵਾਹ-ਵਾਸਤਾ ਨਹੀਂ ਸੀ ਉਨ੍ਹਾਂ ਆਖਿਆ ਕਿ ਅਕਾਲੀ ਆਗੂਆਂ ਨੇ ਬਿਨਾਂ ਸਬੂਤਾਂ ਤੋਂ ਸਿਰਫ਼ ਬਦਨਾਮ ਕਰਨ ਖ਼ਾਤਰ ਉਸ ਦਾ ਨਾਮ ਉਛਾਲਿਆ, ਜਿਸ ਕਰਕੇ ਉਸ ਨੂੰ ਭਾਰੀ ਮਾਨਸਿਕ ਤੇ ਸਮਾਜਿਕ ਪ੍ਰੇਸ਼ਾਨੀ ਵਿੱਚੋਂ ਲੰਘਣਾ ਪਿਆ ਜੈਜੀਤ ਜੌਹਲ ਨੇ ਪੱਤਰਕਾਰਾਂ ਅੱਗੇ ਕਾਨੂੰਨੀ ਦਸਤਾਂਵੇਜਾਂ ਦੀਆਂ ਕਾਪੀਆਂ ਵੀ ਪੇਸ਼ ਕੀਤੀਆਂ
ਜੈਜੀਤ ਜੌਹਲ ਦੇ ਵਕੀਲ ਐਡਵੋਕੇਟ ਸੰਦੀਪ ਬਾਘਲਾ ਨੇ ਦੱਸਿਆ ਕਿ ਉਨ੍ਹਾਂ ਤਰਫੋਂ ਅੱਜ ਇੰਨ੍ਹਾਂ ਆਗੂਆਂ ਖਿਲਾਫ ਅਪਰਾਧਿਕ ਮਾਮਲਾ ਦਾਇਰ ਕੀਤਾ ਗਿਆ ਹੈ ਜਿਸ ‘ਚ ਕੈਦ ਦੀ ਸਜ਼ਾ ਮੰਗੀ ਗਈ ਹੈ ਉਨ੍ਹਾਂ ਦੱਸਿਆ ਕਿ ਮੁਆਵਜੇ ਲਈ ਉਹ ਸ਼ੁੱਕਰਵਾਰ ਨੂੰ ਵੱਖਰੀ ਸਿਵਲ ਰਿੱਟ ਦਾਇਰ ਕਰ ਰਹੇ ਹਨ ਜਿਸ ‘ਚ ਦਸ ਕਰੋੜ ਮੁਆਵਜਾ ਮੰਗਿਆ ਜਾਏੇਗਾ ਸ੍ਰੀ ਬਾਘਲਾ ਨੇ ਦੱਸਿਆ ਕਿ ਅਦਾਲਤ ਵੱਲੋਂ ਮਾਮਲੇ ਦੀ ਅਗਲੀ ਸੁਣਵਾਈ ਲਈ ਅਗਲੀ ਤਰੀਕ 25 ਜਨਵਰੀ ਤੈਅ ਕੀਤੀ ਗਈ ਹੈ ਇਸ ਮੌਕੇ ਸ਼ਹਿਰੀ ਪ੍ਰਧਾਨ ਮੋਹਨ ਲਾਲ ਝੁੰਬਾ, ਪੰਜਾਬ ਕਾਂਗਰਸ ਦੇ ਸਕੱਤਰ ਰਾਜਨ ਗਰਗ,ਵਿੱਤ ਮੰਤਰੀ ਦੇ ਮੀਡੀਆ ਸਲਾਹਕਾਰ ਚਮਕੌਰ ਸਿੰਘ ਮਾਨ, ਮੀਡੀਆ ਇੰਚਾਰਜ ਹਰਜੋਤ ਸਿੰਘ, ਕਾਂਗਰਸੀ ਨੇਤਾ ਕੇ ਕੇ ਅਗਰਵਾਲ, ਪਵਨ ਮਾਨੀ,ਰਤਨ ਰਾਹੀ ਅਤੇ ਸਾਬਕਾ ਸ਼ਹਿਰੀ ਪ੍ਰਧਾਨ ਅਸ਼ੋਕ ਕੁਮਾਰ ਆਦਿ ਕਾਂਗਰਸੀ ਆਗੂ ਹਾਜਰ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।