9200 ਤਨਖਾਹ ਵਾਲਾ ਕੱਚਾ ਸਫ਼ਾਈ ਕਰਮਚਾਰੀ ਕੁੱਕੂ ਰਾਮ ਮੈਡਲਾਂ ਦੇ ਲਾਉਂਦਾ ਰਿਹਾ ਢੇਰ, ਪਰ ਸਰਕਾਰਾਂ ਨੇ ਨਹੀਂ ਪਾਇਆ ਮੁੱਲ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸਫਾਈ ਕਰਮਚਾਰੀ ਕੁੱਕੂ ਰਾਮ ਨੇ ਥਾਈਲੈਂਡ ਵਿਖੇ ਹੋਈ ਕੌਮਾਂਤਰੀ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਆਪਣੀ ਪਤਨੀ ਦੇ ਗਹਿਣੇ ਗਿਰਵੀ ਰੱਖੇ ਅਤੇ ਉੱਥੋਂ ਸੋਨੇ ਦਾ ਮੈਡਲ (ਗੋਲਡ ਮੈਡਲ) (Gold won in Thailand) ਜਿੱਤ ਕੇ ਘਰ ਪਰਤਿਆ ਹੈ। ਕੁਕੂ ਰਾਮ ਠੇਕੇਦਾਰੀ ਸਿਸਟਮ ਤਹਿਤ ਸਫ਼ਾਈ ਕਰਮਚਾਰੀ ਵਜੋਂ ਸਿਰਫ਼ 9200 ਰੁਪਏ ਦੀ ਨੌਕਰੀ ਰਾਜਪੁਰਾ ਅਦਾਲਤ ਵਿੱਚ ਕਰ ਰਿਹਾ ਹੈ।
ਰਾਜਪੁਰਾ ਅਦਾਲਤ ’ਚ ਸਫ਼ਾਈ ਕਰਮਚਾਰੀ ਵਜੋਂ ਤੈਨਾਤ ਕੁੱਕੂ ਰਾਮ ਨੂੰ ਜ਼ਿਲ੍ਹਾ ਸੈਸ਼ਨ ਜੱਜ ਨੇ ਕੀਤਾ ਸਨਮਾਨਿਤ
ਹੋਰਨਾਂ ਬਾਡੀ ਬਿਲਡਰ ਮੁਕਾਬਲਿਆਂ ਵਿੱਚ ਵੀ ਸਫ਼ਲਤਾ ਦੇ ਝੰਡੇ ਗੱਡਣ ਵਾਲੇ ਬਾਡੀ ਬਿਲਡਰ ਕੁਕੂ ਰਾਮ ਵੱਲ ਸਰਕਾਰਾਂ ਦੀ ਸਵੱਲੀ ਨਜ਼ਰ ਨਹੀਂ ਪਈ, ਪਰ ਗੁਰਬਤ ਨਾਲ ਲੜਦਾ ਹੋਇਆ ਇਹ ਹੀਰਾ ਆਪਣੀ ਚਮਕ ਖਿੰਡਾ ਰਿਹਾ ਹੈ। ਕੁਕੂ ਰਾਮ ਦੀ ਇਸ ਪ੍ਰਾਪਤੀ ’ਤੇ ਅੱਜ ਪਟਿਆਲਾ ਦੇ ਜ਼ਿਲ੍ਹਾ ਸੈਸ਼ਨ ਜੱਜ ਵੱਲੋਂ ਉਸ ਨੂੰ ਸਨਮਾਨਿਤ ਕਰਨ ਦੇ ਨਾਲ ਹੀ 5100 ਰੁਪਏ ਦਾ ਨਗਦ ਇਨਾਮ ਵੀ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਪਟਿਆਲਾ ਦੇ ਧੀਰੂ ਨਗਰ ਵਾਸੀ 53 ਸਾਲਾ ਕੁਕੂ ਰਾਮ ਨੇ ਗਰੀਬੀ ਨਾਲ ਲੜਦਿਆਂ ਬਾਡੀ ਬਿਲਡਿੰਗ ਮੁਕਾਬਲਿਆਂ ਲਈ ਆਪਣਾ ਸਰੀਰ ਅਜਿਹਾ ਤਰਾਸ਼ਿਆ ਕਿ ਅੱਜ ਵੀ ਉਸਦਾ ਵਿੰਨਿਆ ਹੋਇਆ ਸਰੀਰ ਉਸਦੀ ਮਿਹਨਤ ਨੂੰ ਬਿਆਨ ਕਰ ਰਿਹਾ ਹੈ। ਕੁਕੂ ਰਾਮ ਦੱਸਦਾ ਹੈ ਕਿ 18 ਦਸੰਬਰ 2022 ਨੂੰ ਥਾਈਲੈਂਡ ਵਿਖੇ ਕੌਮਾਂਤਰੀ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਮੁਕਾਬਲੇ , ਜੋ ਕਿ ਮਾਸਟਰ ਵਰਗ 40 ਸਾਲ ਤੋਂ ਉੱਪਰ ਵਾਲੇ ਹੋਣੇ ਸਨ, ਭਾਵੇਂ ਕਿ ਉਸਦੀ ਆਰਥਿਕ ਹਾਲਤ ਇਸ ਮੁਕਾਬਲੇ ਵਿੱਚ ਭਾਗ ਲੈਣ ਵਾਲੀ ਨਹੀਂ ਸੀ, ਪਰ ਉਸਦੀ ਜਿੱਦ ਅਤੇ ਜਨੂਨ ਇਹ ਆਖ ਰਿਹਾ ਸੀ ਕਿ ਉਹ ਇਸ ਮੁਕਾਬਲੇ ਦਾ ਹਿੱਸਾ ਬਣੇ। ਇਸੇ ਦੌਰਾਨ ਇਸ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਲਈ ਉਸਦੇ ਸਾਥੀਆਂ ਦਰਜਾ ਚਾਰ ਮੁਲਾਜ਼ਮਾਂ ਆਦਿ ਨੇ ਮਿਲ ਕੇ ਪੈਸੇ ਇਕੱਠੇ ਕੀਤੇ ਪਰ ਫਿਰ ਵੀ ਪੈਸੇ ਘਟ ਗਏ।
ਮੰਨ ਲਿਆ ਸੀ ਕਿ ਕੈਰੀਅਰ ਹੋ ਗਿਆ ਖ਼ਤਮ
ਕੁਕੂ ਰਾਮ ਨੇ ਦੱਸਿਆ ਕਿ ਉਸਦੀ 16 ਦਸੰਬਰ ਨੂੰ ਫਲਾਈਟ ਸੀ ਪਰ 15 ਦਸੰਬਰ ਦੀ ਸਵੇਰ ਤੱਕ ਪੈਸੇ ਦਾ ਕੋਈ ਇੰਤਜ਼ਾਮ ਨਾ ਹੋਇਆ। ਇੰਜ ਲੱਗਾ ਕਿ ਹੁਣ ਉਹ ਇਹ ਮੁਕਾਬਲਾ ਨਹੀਂ ਲੜ ਸਕੇਗਾ, ਪਰ ਅੰਤ ਵਿੱਚ ਉਸਦੀ ਪਤਨੀ ਨੇ ਆਪਣੇ ਗਹਿਣੇ ਗਿਰਵੀ ਰੱਖ ਕੇ ਉਸਨੂੰ ਪੈਸੇ ਦਿੱਤੇ। ਉਸ ਨੇ ਇਸ ਮੁਕਾਬਲੇ ਵਿੱਚ ਆਪਣੀ ਪੂਰੀ ਜਾਨ ਝੋਕ ਦਿੱਤੀ ਅਤੇ ਆਪਣੀ ਪਤਨੀ ਦੀ ਇੱਜ਼ਤ, ਆਪਣੇ ਸ਼ਹਿਰ, ਸੂਬੇ ਅਤੇ ਦੇਸ਼ ਨੂੰ ਝੁਕਣ ਨਹੀਂ ਦਿੱਤਾ ਅਤੇ ਗੋਲਡ ਮੈਡਲ ਜਿੱਤ ਲਿਆ।
ਉਸ ਨੇ ਦੱਸਿਆ ਕਿ ਸਾਲ 2011 ਵਿੱਚ ਪੈਸੇ ਦੀ ਕਮੀ ਕਾਰਨ ਉਹ ਆਪਣੇ ਘਰ ਵਿੱਚ ਸੀਮਿੰਟ ਦੀਆਂ ਪਲੇਟਾਂ ਬਣਾ ਕੇ ਬਸਤੀ ਦੇ ਕੁਝ ਬੱਚਿਆਂ ਨੂੰ ਵੇਟ ਲਿਫਟਿੰਗ ਦੀ ਟਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ, ਕਿਉਂਕਿ ਉਸ ਨੇ ਸਵੀਕਾਰ ਕਰ ਲਿਆ ਸੀ ਕਿ ਉਸਦਾ ਕੈਰੀਅਰ ਖਤਮ ਹੋ ਗਿਆ ਹੈ। ਇਸ ਤੋਂ ਬਾਅਦ ਮੁੜ 2019 ਵਿੱਚ ਦੁਬਾਰਾ ਅਭਿਆਸ ਕਰਨਾ ਸ਼ੁਰੂ ਕੀਤਾ ਅਤੇ ਉਸੇ ਸਾਲ ਜਲੰਧਰ ਵਿੱਚ ਹੋਏ ਮਿਸਟਰ ਪੰਜਾਬ ਮੁਕਾਬਲੇ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਮੁੜ ਹੋਰ ਮਿਹਨਤ ਕੀਤੀ ਅਤੇ ਅਪਰੈਲ 2022 ਵਿੱਚ ਪੁੂਣੇ ਮਹਾਂਰਾਸ਼ਟਰ ਵਿੱਚ ਹੋਏ ਮਿਸਟਰ ਯੂਨੀਵਰਸ ਮੁਕਾਬਲੇ ਵਿੱਚ ਦੁਨੀਆ ਦੇ ਚੋਟੀ ਦੇ 5 ਬਾਡੀ ਬਿਲਡਰਾਂ ਵਿੱਚ ਜਗ੍ਹਾ ਬਣਾਈ।
1988 ਵਿੱਚ ਪਹਿਲਾ ਰਿਹਾ ਸੀ ਚੌਥੇ ਸਥਾਨ ’ਤੇ
ਕੁਕੂ ਰਾਮ ਦੱੱਸਦਾ ਹੈ ਕਿ ਸਭ ਤੋਂ ਪਹਿਲਾਂ ਸਾਲ 1988 ਵਿੱਚ ਉਸ ਨੇ ਕੁਸ਼ਤੀ ਲੜੀ ਅਤੇ ਚੌਥੇ ਸਥਾਨ ’ਤੇ ਰਿਹਾ। ਸਾਲ 1989 ਵਿੱਚ ਉਸ ਨੇ ਸਿਲਵਰ ਮੈਡਲ ਜਿੱਤਿਆ। ਸਾਲ 1992 ਵਿੱਚ ਪਹਿਲੀ ਵਾਰ ਜਲੰਧਰ ਵਿੱਚ ਮਿਸਟਰ ਪੰਜਾਬ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤ ਕੇ ਮਿਸਟਰ ਪੰਜਾਬ ਬਣਿਆ। 1994 ਵਿੱਚ ਆਲ ਇੰਡੀਆ ਚੈਂਪੀਅਨਸ਼ਿਪ ਕੋਇੰਬਟੂਰ ਵਿਖੇ ਆਲ ਓਵਰ ਇੰਡੀਆ ਚੈਂਪੀਅਨ ਬਣਿਆ। 1996 ’ਚ ਕੀਨੀਆ ’ਚ ਏਸ਼ਿਆਈ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ ਪਰ ਇਸ ਦੌਰਾਨ ਉਸਦੇ ਪਿਤਾ ਦੀ ਮੌਤ ਕਾਰਨ ਹਿੱਸਾ ਨਾ ਲੈ ਸਕਿਆ। ਉਸ ਦਾ ਕਹਿਣਾ ਹੈ ਕਿ ਉਹ ਹੁਣ ਅਗਲੇ ਮੁਕਾਬਲੇ ਲਈ ਪ੍ਰੈਕਟਿਸ ਕਰ ਰਿਹਾ ਹੈ।
ਪਤਨੀ ਸਿਲਾਈ ਕਰਕੇ ਡਾਈਟ ਦਾ ਕਰਦੀ ਐ ਪ੍ਰਬੰਧ
ਮੈਡਲਾਂ ਦੀਆਂ ਝੜੀਆਂ ਲਾਉਣ ਵਾਲੇ ਕੁਕੂ ਰਾਮ ਨੂੰ ਅਫ਼ਸੋਸ ਹੈ ਕਿ ਸਰਕਾਰਾਂ ਨੇ ਉਸਦਾ ਮੁੱਲ ਨਹੀਂ ਪਾਇਆ। ਉਸਦਾ ਕਹਿਣਾ ਹੈ ਕਿ ਜੇਕਰ ਸਰਕਾਰ ਉਸ ਦੀ ਮੱਦਦ ਕਰੇ ਤਾਂ ਉਹ ਹੁਣ ਵੀ ਦੇਸ਼ ਲਈ ਅਨੇਕਾਂ ਮੈਡਲ ਲਿਆ ਸਕਦਾ ਹੈ। ਉਸ ਨੇ ਕਿਹਾ ਕਿ ਉਸਦੀ ਪਤਨੀ ਸਿਲਾਈ ਦਾ ਕੰਮ ਕਰਦੀ ਹੈ ਅਤੇ ਉਹ ਹੀ ਉਸਦੀ ਡਾਈਟ ਦਾ ਪ੍ਰਬੰਧ ਕਰਦੀ ਹੈ। ਉਸ ਨੇ ਦੱਸਿਆ ਕਿ ਅੱਜ ਉਸ ਨੂੰ ਪਹਿਲੀ ਵਾਰ ਕਿਸੇ ਸਰਕਾਰੀ ਅਧਿਕਾਰੀ ਪਟਿਆਲਾ ਦੇ ਜ਼ਿਲ੍ਹਾ ਸੈਸ਼ਨ ਜੱਜ ਵੱਲੋਂ 5100 ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ ਹੈ ਅਤੇ ਇਹ ਵੀ ਕਿਹਾ ਕਿ ਅੱਗੇ ਤੋਂ ਜੇਕਰ ਕੋਈ ਦਿੱਕਤ ਆਵੇ ਤਾਂ ਉਸਦੀ ਪੂਰੀ ਮੱਦਦ ਕੀਤੀ ਜਾਵੇਗੀ।