ਪਿੰਡ ਭੜੋਲੀ ਵਾਲਾ ਵਿਖੇ ਲੜਕੀਆਂ ਦੀ ਇਕਾਈ ਦਾ ਗਠਨ
ਜਲਾਲਾਬਾਦ (ਰਜਨੀਸ਼ ਰਵੀ) । ਸਰਵ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਜ਼ਿਲ੍ਹਾ ਕੌਂਸਲ ਫਾਜ਼ਿਲਕਾ ਵੱਲੋਂ ਸਭ ਲਈ ਰੁਜ਼ਗਾਰ ਦੀ ਪ੍ਰਾਪਤੀ ਲਈ “ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ” (ਬਨੇਗਾ) ਕਾਨੂੰਨ ਪਾਸ ਕਰਵਾਉਣ ਲਈ ਪਿੰਡਾਂ ਤੋਂ ਜਿਲਾ ਹੈੱਡਕੁਆਰਟਰ ਵੱਲ ਪੈਦਲ ਮਾਰਚ ਕਰਨ ਦੀਆਂ ਤਿਆਰੀਆਂ ਪੂਰੀ ਤਰਾਂ ਜ਼ੋਰ ਫੜ ਲਿਆ ਹੈ ਅਤੇ ਪਿੰਡਾਂ ਕਸਬਿਆਂ ਵਿੱਚ ਇਸ ਸਬੰਧੀ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਮਾਰਚ ਸ਼ਾਮਲ ਹੋਣ ਲਈ ਤਿਆਰ ਕੀਤਾ ਜਾ ਰਿਹਾ ਹੈ।
ਇਸੇ ਤਹਿਤ ਅੱਜ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੀ ਮੀਟਿੰਗ ਭੜੋਲੀ ਵਾਲਾ ਵਿਖੇ ਕੀਤੀ ਹੈ,ਜਿੱਥੇ ਵੱਡੀ ਗਿਣਤੀ ਵਿੱਚ ਹਾਜਰ ਲੜਕੀਆਂ ਅਤੇ ਨੌਜਵਾਨ ਲੜਕਿਆਂ ਨੂੰ ਸੰਬੋਧਨ ਕਰਦਿਆਂ ਵਿਦਿਆਰਥਣ ਲੜਕੀਆਂ ਦੀ ਪੰਜਾਬ ਦੀ ਕੋ-ਕਨਵੀਨਰ ਸੰਜਨਾ ਢਾਬਾਂ ਨੇ ਕਿਹਾ ਕਿ ਸਭ ਲਈ ਮੁਫ਼ਤ ਅਤੇ ਲਾਜਮੀ ਵਿਦਿਆ ਦੀ ਪ੍ਰਾਪਤੀ ਅਤੇ ਸਭ ਲਈ ਰੁਜ਼ਗਾਰ ਦੀ ਗਰੰਟੀ ਲਈ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਏ ਆਈ ਐਸ ਐਫ ਦੀ ਸੂਬਾਈ ਆਗੂ ਨੇ ਕਿਹਾ ਕਿ ਸਾਡੀਆਂ ਸਰਕਾਰਾਂ ਦੇ ਚੁਣੇ ਜਾਂਦੇ ਨੁਮਾਇੰਦਿਆਂ ਵੱਲੋਂ ਵੋਟਾਂ ਤੋਂ ਪਹਿਲਾਂ ਸਿੱਖਿਆ ਅਤੇ ਰੁਜ਼ਗਾਰ ਸਬੰਧੀ ਅਨੇਕਾਂ ਵਾਅਦੇ ਕੀਤੇ ਜਾਂਦੇ ਹਨ, ਪ੍ਰੰਤੂ ਸੱਤਾ ਹਥਿਆਉਣ ਤੋਂ ਬਾਅਦ ਲੋਕਾਂ ਵੱਲੋਂ ਚੁਣੇ ਜਾਂਦੇ ਸਿਆਸੀ ਆਗੂ ਸਭ ਵਾਅਦਿਆਂ ਤੋਂ ਮੁੱਕਰ ਜਾਂਦੇ ਹਨ।
ਇਹ ਵੀ ਪੜ੍ਹੌ : ਸ਼ਾਹ ਸਤਿਨਾਮ ਜੀ ਗਰਲਜ਼ ਅਤੇ ਬੁਆਇਜ਼ ਸਕੂਲ ਸ੍ਰੀ ਗੁਰੂਸਰ ਮੋਡੀਆ ਦਾ ਪ੍ਰੀਖਿਆ ਨਤੀਜਾ ਰਿਹਾ 100 ਫੀਸਦੀ
ਉਨ੍ਹਾਂ ਕਿਹਾ ਕਿ ਸਭ ਲਈ ਰੁਜ਼ਗਾਰ ਅਤੇ ਵਿਦਿਆ ਦੀ ਪ੍ਰਾਪਤੀ ਲਈ ਦੇਸ਼ ਦੀ ਪਾਰਲੀਮੈਂਟ ਬਣੇ ਇਸ ਲਈ ਨੌਜਵਾਨ ਚੇਤੰਨ ਹੋ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਦੇਸ਼ ਦੀ ਪਾਰਲੀਮੈਂਟ ਵਿੱਚ ਸਭ ਲਈ ਰੁਜ਼ਗਾਰ ਦੀ ਗਾਰੰਟੀ ਲਈ “ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ” “ਬਨੇਗਾ” ਬਣਨਾ ਚਾਹੀਦਾ ਹੈ,ਜਿਸ ਲਈ ਵਿਦਿਆਰਥੀਆਂ ਅਤੇ ਨੌਜਵਾਨਾਂ ਵੱਲੋਂ ਲਗਾਤਾਰ ਸਰਗਰਮੀ ਕੀਤੀ ਜਾ ਰਹੀ ਹੈ। ਬਨੇਗਾ ਕਾਨੂੰਨ ਬਾਰੇ ਵਿਸਤਾਰ ਨਾਲ ਬੋਲਦਿਆਂ ਆਗੂਆਂ ਨੇ ਕਿਹਾ ਕਿ ਇਸ ਕਾਨੂੰਨ ਤਹਿਤ ਹਰੇਕ ਅਣਪੜ੍ਹ ਅਤੇ ਅਣਸਿੱਖਿਅਤ ਲਈ ਘੱਟੋ-ਘੱਟ 25 ਹਜ਼ਾਰ ਰੁਪਏ, ਅਰਧ-ਸਿੱਖਿਅਤ ਲਈ 30 ਹਜ਼ਾਰ ਰੁਪਏ, ਸਿਖਿਅਤ ਲਈ 35 ਹਜ਼ਾਰ ਰੁਪਏ ਅਤੇ 45 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦੀ ਗਾਰੰਟੀ ਹੋਵੇ ਅਤੇ ਕੰਮ/ ਰੁਜ਼ਗਾਰ ਨਾ ਮਿਲਣ ਦੀ ਸੂਰਤ ਵਿੱਚ ਤਨਖਾਹ ਦਾ ਅੱਧ ਦਿੱਤਾ ਜਾਵੇ।
ਰੁਜ਼ਗਾਰ ਦੀ ਪ੍ਰਾਪਤੀ ਲਈ ਵੱਖ-ਵੱਖ ਪਿੰਡਾਂ ਤੋਂ ਸ਼ੁਰੂ ਹੋ ਕੇ ਤਿੰਨ ਕਾਫ਼ਲੇ 28 ਮਈ ਨੂੰ ਲਾਧੂਕਾ ਵਿਖੇ ਪਹੁੰਚਣਗੇ ਅਤੇ ਅਗਲੇ ਦਿਨ 29 ਮਈ ਨੂੰ ਪੈਦਲ ਰਵਾਨਾ ਹੋ ਕੇ ਫਾਜ਼ਿਲਕਾ ਪਹੁੰਚਣਗੇ। ਇਸ ਮੌਕੇ ਸ਼ਿਮਲਾ ਰਾਣੀ ਨੂੰ ਪਿੰਡ ਭੜੋਲੀ ਵਾਲਾ ਇਕਾਈ ਦੀ ਪ੍ਰਧਾਨ,ਅਮਨਦੀਪ ਕੌਰ ਸਕੱਤਰ, ਪ੍ਰਿਅੰਕਾ ਮੀਤ ਪ੍ਰਧਾਨ,ਅਨੀਤਾ ਰਾਣੀ ਮੀਤ ਸਕੱਤਰ ਅਤੇ ਕਮਲਦੀਪ ਕੌਰ ਨੂੰ ਖ਼ਜ਼ਾਨਚੀ ਚੁਣਿਆ ਗਿਆ।