ਸਾਡੇ ਨਾਲ ਸ਼ਾਮਲ

Follow us

9.4 C
Chandigarh
Thursday, January 22, 2026
More
    Home Breaking News ਬਹੁਪੱਖੀ ਸ਼ਖਸੀਅ...

    ਬਹੁਪੱਖੀ ਸ਼ਖਸੀਅਤ ਦੇ ਮਾਲਕ, ਗਿਆਨੀ ਸੋਹਣ ਸਿੰਘ ਸੀਤਲ

    ਜਨਮ ਦਿਨ ‘ਤੇ ਵਿਸ਼ੇਸ਼

    ਬਹੁਪਰਤੀ ਸ਼ਖ਼ਸੀਅਤ (ਢਾਡੀ, ਕਵੀ, ਪ੍ਰਚਾਰਕ, ਕਹਾਣੀਕਾਰ, ਗੀਤਕਾਰ, ਨਾਵਲਕਾਰ, ਨਾਟਕਕਾਰ ਅਤੇ ਇੱਕ ਖੋਜੀ ਇਤਿਹਾਸਕਾਰ) ਦੇ ਮਾਲਕ ਗਿਆਨੀ ਸੋਹਣ ਸਿੰਘ ਸੀਤਲ ਦਾ ਜਨਮ 7 ਅਗਸਤ 1909 ਈ. ਨੂੰ ਪਿੰਡ ਕਾਦੀਵਿੰਡ ਤਹਿਸੀਲ ਕਸੂਰ ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿੱਚ ਸ. ਖੁਸ਼ਹਾਲ ਸਿੰਘ ਪੰਨੂ ਅਤੇ ਮਾਤਾ ਦਿਆਲ ਕੌਰ ਦੇ ਗ੍ਰਹਿ ਵਿਖੇ ਹੋਇਆ। ਭਾਵੇਂ ਰਸਮੀ ਤਲੀਮ ਹਾਸਲ ਕਰਨ ਲਈ ਸੀਤਲ ਦੇ ਮਨ ਵਿੱਚ ਤੀਬਰ ਤਾਂਘ ਸੀ ਪਰ ਉਸ ਸਮੇਂ ਸੰਸਥਾਗਤ ਵਿੱਦਿਆ (ਖਾਸ ਕਰਕੇ ਪਿੰਡਾਂ ’ਚ) ਦੀ ਕਾਫੀ ਘਾਟ ਸੀ। ਇਸ ਘਾਟ ਦੇ ਬਾਵਜੂਦ ਉਨ੍ਹਾਂ ਆਪਣੀ ਇਸ ਤਾਂਘ ਨੂੰ ਮੱਠੀ ਨਹੀਂ ਪੈਣ ਦਿੱਤਾ। ਕੁੱਝ ਵਿਸ਼ੇਸ਼ ਯਤਨਾਂ ਸਦਕਾ ਸੀਤਲ ਨੇ ਆਪਣੇ ਪਿੰਡ ਦੇ ਸਾਧੂ/ਗ੍ਰੰਥੀ ਹਰੀ ਦਾਸ ਪਾਸੋਂ ਗੁਰਮੁਖੀ ਵਰਨਾਂ ਦੀ ਪਹਿਚਾਣ ਕਰਨੀ ਸਿੱਖ ਲਈ।

    ਇਸ ਪਹਿਚਾਣ ਨੇ ਉਸ ਦੇ ਹੌਂਸਲੇ ਨੂੰ ਅਜਿਹਾ ਵਧਾਇਆ ਕਿ ਉਹ ਕੁੱਝ ਵਡੇਰੀ (14 ਸਾਲ ਦੀ) ਉਮਰ ਦਾ ਹੋ ਜਾਣ ਦੇ ਬਾਵਜੂਦ ਵੀ ਗੁਆਂਢੀ ਪਿੰਡ ‘ਬਰਨ’ ਦੀ ਪਾਠਸ਼ਾਲਾ ਵਿੱਚ ਪ੍ਰਵੇਸ਼ ਕਰ ਗਿਆ। ਪੜ੍ਹਾਈ ਵਿੱਚ ਉਸ ਦੀ ਲਗਨ ਨੂੰ ਦੇਖਦਿਆਂ ਪਾਠਸ਼ਾਲਾ ਦੇ ਸੰਚਾਲਕਾਂ ਵੱਲੋਂ ਉਸ ਨੂੰ ਕੁਝ ਜਮਾਤਾਂ ਸਾਲਾਂ ਦੀ ਬਜਾਏ ਛਿਮਾਹੀਆਂ ਵਿੱਚ ਹੀ ਪੂਰੀਆਂ ਕਰਵਾ ਦਿੱਤੀਆਂ। ਉਸਤਾਦ ਲੋਕਾਂ ਵੱਲੋਂ ਮਿਲੇ ਵਿਸ਼ੇਸ਼ ਸਹਿਯੋਗ ਸਦਕਾ ਸੀਤਲ ਨੇ ਮੈਟਿ੍ਰਕ ਪੱਧਰ ਦੀ ਪੜ੍ਹਾਈ ਅੱਵਲ ਦਰਜੇ ਵਿੱਚ ਰਹਿ ਕੇ ਪਾਸ ਕਰ ਲਈ। ਉਸ ਸਮੇਂ ਮੈਟਿ੍ਰਕ ਵਿਚ ਇਹ ਦਰਜਾ ਕਿਸੇ ਵਿਰਲੇ-ਟਾਵੇਂ ਵਿਦਿਆਰਥੀ ਨੂੰ ਹੀ ਨਸੀਬ ਹੋਇਆ ਕਰਦਾ ਸੀ।

    ਸਿੱਖਿਆ ਤੇ ਜੀਵਨ

    ਇਸ ਸਿੱਖਿਆ ਪ੍ਰਾਪਤੀ ਦੇ ਦੌਰ (ਅੱਠਵੀਂ ਜਮਾਤ) ਦੌਰਾਨ ਹੀ ਗਿਆਨੀ ਸੋਹਣ ਸਿੰਘ ਸੀਤਲ ਦੇ ਮਾਪਿਆਂ ਵੱਲੋਂ ਉਸ ਨੂੰ ਸਮਾਜਿਕ/ਪਰਿਵਾਰਕ ਜ਼ਿੰਮੇਵਾਰੀ ਦੀ ਪੰਡ ਚੁਕਾਉਂਦੇ ਹੋਏ ਉਸ ਦਾ ਵਿਆਹ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਭੜਾਨਾ ਦੀ ਵਸਨੀਕ ਬੀਬੀ ਕਰਤਾਰ ਕੌਰ ਨਾਲ ਕਰ ਦਿੱਤਾ ਗਿਆ। ਇਨ੍ਹਾਂ ਦੇ ਘਰ ਦੋ ਪੁੱਤਰਾਂ (ਰਘਵੀਰ ਸਿੰਘ ਅਤੇ ਸੁਰਜੀਤ ਸਿੰਘ) ਅਤੇ ਇੱਕ ਪੁੱਤਰੀ ਨੇ ਜਨਮ ਲਿਆ। ਹੁਣ ਪੜ੍ਹਾਈ-ਲਿਖਾਈ ਦੇ ਨਾਲ-ਨਾਲ ਸੀਤਲ ਨੂੰ ਆਪਣੇ ਘਰ-ਪਰਿਵਾਰ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਪੈਂਦਾ। ਇਸ ਧਿਆਨ ਦੇ ਵਧ ਜਾਣ ਕਾਰਨ ਉਨ੍ਹਾਂ ਦਾ ਪੜ੍ਹਾਈ ਵਿਚਲਾ ਧਿਆਨ ਕੁੱਝ ਪਿੱਛੇ ਪੈਣ ਲੱਗ ਪਿਆ। ਇਸ ਪਿਛੇਤਰ ਕਾਰਨ ੳੇੁਹ ਉਚੇਰੀ ਵਿੱਦਿਆ ਦੇ ਤੌਰ ’ਤੇ ਸਿਰਫ ਗਿਆਨੀ ਦਾ ਇਮਤਿਹਾਨ ਹੀ ਪਾਸ ਕਰ ਸਕਿਆ।

    ਮੁੱਖ ਮੰਤਵ

    ਗਿਆਨੀ ਸੋਹਣ ਸਿੰਘ ਸੀਤਲ ਕੁੱਝ ਸਮਾਂ ਆਪਣੇ ਪਿਤਾ-ਪੁਰਖੀ ਕਿੱਤੇ ਖੇਤੀਬਾੜੀ ਨਾਲ ਵੀ ਜੁੜਿਆ ਰਿਹਾ। ਇਸ ਕਿੱਤੇ ਨੂੰ ਕਰਦਿਆਂ ਹੀ ਉਸ ਦੇ ਅੰਦਰ ਕੁੱਝ ਵੱਖਰਾ ਕਰਕੇ ਦਿਖਾਉਣ ਦੀ ਇੱਛਾ ਵੀ ਜਵਾਨ ਹੁੰਦੀ ਗਈ। ਜੋਬਨ ਉੱਤੇ ਆਈ ਉਸ ਦੀ ਇਸ ਇੱਛਾ ਨੇ ਇੱਕ ਦਿਨ ਉਸ ਨੂੰ ਢਾਡੀ ਕਲਾ ਵੱਲ ਨੂੰ ਮੋੜ ਦਿੱਤਾ। ਇਸ ਮੋੜ ਵੱਲ ਮੁੜਦਿਆਂ ਉਸ ਨੇ ਆਪਣਿਆਂ ਸਾਥੀਆਂ ਗੁਰਚਰਨ ਸਿੰਘ, ਅਮਰੀਕ ਸਿੰਘ ਅਤੇ ਹਰਨਾਮ ਸਿੰਘ ਨੂੰ ਨਾਲ ਲੈ ਲਿਆ ਤੇ ਲਲਿਆਣੀ ਦੇ ਭਰਾਈ ਬਾਬਾ ਚਿਰਾਗਦੀਨ ਕੋਲੋਂ ਸਾਰੰਗੀ ਤੇ ਢੱਡ ਵਜਾਉਣੀ ਸਿੱਖਣ ਲੱਗ ਪਏ। ਉਸਤਾਦ ਜੀ ਕੋਲੋਂ ਢਾਡੀ-ਕਲਾ ਦੀਆਂ ਬਰੀਕੀਆਂ ਤੋਂ ਚੰਗੀ ਤਰ੍ਹਾਂ ਗਿਆਤ ਹੋ ਕੇ ਗਿਆਨੀ ਸੋਹਣ ਸਿੰਘ ਸੀਤਲ ਦਾ ਢਾਡੀ ਜਥਾ ਦੂਰ-ਦੁਰਾਡੇ ਦੀਵਾਨਾਂ ਵਿੱਚ ਆਪਣੀ ਹਾਜ਼ਰੀ ਭਰਨ ਲੱਗ ਪਿਆ।

    ਉਸ ਵਕਤ ਢਾਡੀ ਕਲਾ ਦੇ ਖੇਤਰ ਵਿੱਚ ਸੋਹਣ ਸਿੰਘ ਘੁੱਕੇਵਾਲੀਆ, ਬਾਬਾ ਕਿਸ਼ਨ ਸਿੰਘ, ਸੋਹਣ ਸਿੰਘ ਭੀਲ਼ਾ ਤੇ ਨਿਰਵੈਰ ਸਿੰਘ ਦੁਆਬੀਆ ਆਦਿ ਦੇ ਜੱਥੇ ਪ੍ਰਮੁੱਖ ਰੂਪ ਵਿੱਚ ਵਿਚਰ ਰਹੇ ਸਨ। ਇਨ੍ਹਾਂ ਜੱਥਿਆਂ ਦੀ ਚੰਗੀ ਭੱਲ ਸੀ। ਸ੍ਰੋਤਿਆਂ/ਦਰਸ਼ਕਾਂ ਦਾ ਧਿਆਨ ਇਨ੍ਹਾਂ ਜਥਿਆਂ ਵੱਲੋਂ ਹਟਾ ਕੇ ਆਪਣੇ ਵੱਲ ਲਗਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ। ਪਰ ਇਹ ਕੰਮ ਗਿਆਨੀ ਜੀ ਦੇ ਜਥੇ ਨੇ ਥੋੜ੍ਹੇ ਹੀ ਸਮੇਂ ਵਿੱਚ ਕਰ ਦਿਖਾਇਆ।

    ਇਸ ਕਾਮਯਾਬੀ ਦਾ ਕਾਰਨ ਸੀਤਲ ਦਾ ਵਧੇਰੇ ਤਲੀਮ-ਯਾਫ਼ਤਾ ਹੋਣਾ ਤੇ ਵਿਆਖਿਆ ਦੇ ਨਿਵੇਕਲੇ ਅਤੇ ਨਿਰਾਲੇ ਢੰਗ ਅਪਣਾਉਣਾ ਸੀ। ਦੇਸ਼-ਵਿਦੇਸ਼ ਵਿੱਚ ਇਸ ਢਾਡੀ ਜਥੇ ਦੀ ਬਹੁਤ ਵਡਿਆਈ ਹੋਈ ਸੋਹਣ ਸਿੰਘ ਸੀਤਲ ਨੇ ਆਪਣੇ ਢਾਡੀ ਜਥੇ ਨਾਲ ਲਗਭਗ ਛੇ ਦਹਾਕਿਆਂ ਤੱਕ ਧਰਮ ਤੇ ਪੰਜਾਬ ਦੀ ਰੱਜਵੀਂ ਸੇਵਾ ਕੀਤੀ ਅਤੇ ਲੋਕਾਂ ਨੂੰ ਆਪਣੇ ਵਿਰਸੇ ਤੋਂ ਵਾਕਿਫ਼ ਕਰਵਾਇਆ। ਮਨੋਵਿਗਿਆਨੀਆਂ ਨੇ ਕਿਸ਼ੋਰ ਅਵਸਥਾ ਨੂੰ ਇੱਕ ਤੂਫ਼ਾਨੀ ਅਵਸਥਾ ਮੰਨਿਆ ਹੈ। ਇਸ ਅਵਸਥਾ ਵਿੱਚ ਜਵਾਨੀ ਅੱਥਰੀ ਹੋ ਜਾਂਦੀ ਹੈ ਤੇ ਕਈ ਵਾਰ ਲੀਹੋਂ ਵੀ ਲਹਿ ਜਾਂਦੀ ਹੈ।

    ਪਰ ਗਿਆਨੀ ਸੋਹਣ ਸਿੰਘ ਸੀਤਲ ਨੇ ਇਸ ਤੂਫ਼ਾਨੀ ਅਵਸਥਾ ਨੂੰ ਠੱਲ੍ਹ ਪਾਉਣ ਲਈ ਕਲਮ ਦਾ ਸਹਾਰਾ ਲੈ ਲਿਆ। ਇਸ ਕਲਮ ਨੇ ਸੀਤਲ ਦੀਆਂ ਭਾਵਨਾਵਾਂ ਨੂੰ ਕਵਿਤਾ ਵਿੱਚ ਪਰੋ ਦਿੱਤਾ। ਉਸ ਦੀ ਪਹਿਲੀ ਕਵਿਤਾ 1924 ਈ. ਨੂੰ ‘ਅਕਾਲੀ’ ਅਖਬਾਰ ਵਿੱਚ ਛਪ ਗਈ। ਇਸ ਕਵਿਤਾ ਦੇ ਨਾਲ ਹੀ ਸੀਤਲ ਦੇ ਸਾਹਿਤਕ ਸਫ਼ਰ ਦਾ ਆਗਾਜ਼ ਹੋ ਜਾਂਦਾ ਹੈ। ਇਸ ਸਫ਼ਰ ਦੇ ਸਿੱਟੇ ਵਜੋਂ ਉਸ ਨੇ ਇੱਕ ਕਾਵਿ ਸੰਗਿ੍ਰਹ ‘ਸੱਜਰੇ ਹੰਝੂ’ ਪੰਜਾਬੀ ਸਾਹਿਤ ਦੀ ਝੋਲੀ ਪਾ ਦਿੱਤਾ। ਕਵਿਤਾ ਦੇ ਨਾਲ-ਨਾਲ ਸੋਹਣ ਸਿੰਘ ਸੀਤਲ ਨੇ ਕੁੱਝ ਕਹਾਣੀਆਂ ਵੀ ਲਿਖੀਆਂ ਹਨ ਜਿਨ੍ਹਾਂ ਵਿਚ ‘ਕਦਰਾਂ ਬਦਲ ਗਈਆਂ’, ‘ਅਜੇ ਦੀਵਾ ਬਲ਼ ਰਿਹਾ ਸੀ’ ਅਤੇ ‘ਜੇਬ੍ਹ ਕੱਟੀ ਗਈ’ ਕਾਫੀ ਚਰਚਿਤ ਹੋਈਆਂ ਹਨ।

    ਪੰਜਾਬੀ ਸਾਹਿਤ ਅੱਤੇ ਸਭਿਆਚਾਰ ਨੂੰ ਮਹਾਨ ਦੇਣ | Sohan Singh Seetal

    ਇਹ ਸਿਰਜਣਾ ਭਾਵੇਂ ਉਨ੍ਹਾਂ ਦੇ ਸਾਹਿਤਕ ਜੀਵਨ ਦੇ ਮੁੱਢਲੇ ਪੜਾਅ ਦੀ ਹੀ ਸੀ ਪਰ ਉਸ ਦੇ ਚੰਗੇਰੇ ਤੇ ਪਕੇਰੇ ਕੱਲ੍ਹ ਨੂੰ ਤਸਦੀਕ ਕਰਦੀ ਸੀ।ਇੱਕ ਨਾਵਲਕਾਰ ਦੇ ਤੌਰ ’ਤੇ ਵੀ ਗਿਆਨੀ ਸੋਹਣ ਸਿੰਘ ਸੀਤਲ ਦੀ ਪੰਜਾਬੀ ਸਾਹਿਤ ਅੱਤੇ ਸਭਿਆਚਾਰ ਨੂੰ ਮਹਾਨ ਦੇਣ ਰਹੀ ਹੈ। ਉਸ ਦੁਆਰਾ ਲਿਖੇ ਨਾਵਲਾਂ ਦੀ ਤਦਾਦ ਦੋ ਦਰਜ਼ਨਾਂ ਦੇ ਕਰੀਬ ਬਣਦੀ ਹੈ। ਸੈਕੰਡਰੀ ਜਮਾਤਾਂ ਨੂੰ ਸਿਲੇਬਸ ਦੇ ਤੌਰ ’ਤੇ ਪੜ੍ਹਾਇਆ ਗਿਆ ਉਨ੍ਹਾਂ ਦਾ ਨਾਵਲ ‘ਤੂਤਾਂ ਵਾਲਾ ਖੂਹ’ ਆਪਣੀ ਮਿਸਾਲ ਆਪ ਹੈ ਜੋ ਦੇਸ਼ ਦੀ ਵੰਡ ਨੂੰ ਕੁਰਣਾਮਈ ਢੰਗ ਨਾਲ ਬਿਆਨ ਕਰਦਾ ਹੈ। ‘ਜੁੱਗ ਬਦਲ ਗਿਆ’ ਸੀਤਲ ਦਾ ਇੱਕ ਹੋਰ ਚਰਿਚਤ ਨਾਵਲ ਹੈ ਜਿਸ ਨੂੰ 1974 ਈ. ਵਿਚ ਭਾਰਤੀ ਸਾਹਿਤ ਅਕਾਦਮੀ ਵੱਲੋਂ ਸਨਮਾਨਿਤ ਕੀਤਾ ਗਿਆ ਸੀ।

    ਇਨ੍ਹਾਂ ਦੋ ਨਾਵਲਾਂ ਤੋਂ ਛੁੱਟ, ‘ਜੰਗ ਜਾਂ ਅਮਨ, ‘ਈਚੋਗਿਲ ਦੀ ਨਹਿਰ ਤੱਕ’, ‘ਵਿਯੋਗਣ’, ਅਤੇ ‘ਅੰਨੀ ਸੁੰਦਰਤਾ’ ਆਦਿ ਸੀਤਲ ਦੁਆਰਾ ਰਚਿਤ ਨਾਵਲ ਹਨ ਜਿਨ੍ਹਾਂ ਨੇ ਪੰਜਾਬੀ ਬੋਲੀ ਅਤੇ ਸਾਹਿਤ ਦਾ ਮਾਣ ਵਧਾਇਆ ਹੈ। ਸੀਤਲ ਦੇ ਨਾਵਲਾਂ ਦੀ ਇਹ ਵੀ ਇੱਕ ਵਿਸ਼ੇਸ਼ਤਾ ਰਹੀ ਹੈ ਕਿ ਉਸ ਦੇ ਨਾਵਲਾਂ ਦੇ ਪਾਤਰ ਕਿਸੇ ਕਲਪਨਾ ਦੇ ਕਾਰਖਾਨੇ ਵਿੱਚ ਤਿਆਰ ਨਾ ਹੋ ਕੇ ਹਕੀਕੀ ਹਲਾਤਾਂ ’ਚੋਂ ਉਪਜਦੇ ਹਨ। ਇੱਕ ਖੋਜੀ (ਸਿੱਖ) ਇਤਿਹਾਸਕਾਰ ਦੇ ਤੌਰ ’ਤੇ ਸੋਹਣ ਸਿੰਘ ਸੀਤਲ ਦਾ ਇੱਕ ਅਹਿਮਤਰੀਨ ਸਥਾਨ ਹੈ। ਉਸ ਨੇ ਪਹਿਲਾਂ ਆਪ ਨਿੱਠ ਕੇ ਸਿੱਖ ਇਤਿਹਾਸ ਦਾ ਵਿਸ਼ਲੇਸ਼ਣ ਕੀਤਾ ਅਤੇ ਬਾਦ ਵਿੱਚ ਕੁਝ ਨਵੀਆਂ ਛੋਹਾਂ ਦੇ ਕੇ ਕਿਤਾਬੀ ਰੂਪ ਵਿਚ ਮੁੜ ਪ੍ਰਕਾਸ਼ਿਤ ਕਰਵਾਇਆ।

    ਵਰਣਨਯੋਗ ਇਤਿਹਾਸਕ ਕਿਤਾਬਾਂ | Sohan Singh Seetal

    ਉਸ ਦੇ ਇਸ ਉਪਰਾਲੇ ਨੇ ਜਿੱਥੇ ਸਿੱਖ ਇਤਿਹਾਸ ਬਾਰੇ ਪਾਏ ਜਾਂਦੇ ਕੁਝ ਭਰਮ-ਭੁਲੇਖਿਆਂ ਨੂੰ ਦੂਰ ਕੀਤਾ, ਉੱਥੇ ਸਿੱਖ ਇਤਿਹਾਸ ਲੇਖਣ ਨੂੰ ਨਵੀਂ ਦਿੱਖ ਵੀ ਪ੍ਰਦਾਨ ਕੀਤੀ। ਸੀਤਲ ਦੀਆਂ ਇਤਿਹਾਸਕ ਲਿਖਤਾਂ ਵਿੱਚ ‘ਸਿੱਖ ਰਾਜ ਕਿਵੇਂ ਗਿਆ’ ਇੱਕ ਸ਼ਾਹਕਾਰ ਰਚਨਾ ਮੰਨੀ ਜਾਂਦੀ ਹੈ। ‘ਦੁਖੀਏ ਮਾਂ ਦੇ ਪੁੱਤ’ ‘ਬੰਦਾ ਸਿੰਘ ਸ਼ਹੀਦ’, ‘ਸਿੱਖ ਮਿਸਲਾਂ ਦੇ ਸਰਦਾਰ ਘਰਾਣੇ’, ‘ਸਿੱਖ ਰਾਜ ਅਤੇ ਸ਼ੇਰੇ ਪੰਜਾਬ’ ਅਤੇ ‘ਸਿੱਖ ਸ਼ਹੀਦ ਅਤੇ ਯੋਧੇ’ ਉਸ ਦੀਆਂ ਵਰਣਨਯੋਗ ਇਤਿਹਾਸਕ ਕਿਤਾਬਾਂ ਹਨ।ਸੋਹਣ ਸਿੰਘ ਸੀਤਲ ਦਾ ਵਧੇਰੇ ਤਪੱਸਵੀ ਅਤੇ ਖੋਜ ਭਰਪੂਰ ਕੰਮ ‘ਸਿੱਖ ਇਤਿਹਾਸ ਦੇ ਸੋਮੇ’, ਪੰਜ ਜਿਲਦਾਂ ਵਿੱਚ ਤਿਆਰ ਕਰਨੇ ਹਨ।

    ਇਹ ਵੀ ਪੜ੍ਹੋ : ਰੇਲਵੇ ’ਚ ਵੱਡੇ ਸੁਧਾਰ ਦੀ ਆਸ

    ਸੀਤਲ ਦੀ ਇਸ ਤੱਪਸਿਆ ਨੇ ਸਿੱਖ ਇਤਿਹਾਸ ਨੂੰ ਕਾਫੀ ਹੱਦ ਤੱਕ ਸਰਲਤਾ ਅਤੇ ਸ਼ੁੱਧਤਾ ਪ੍ਰਦਾਨ ਕੀਤੀ ਹੈ। ਗਿਆਨੀ ਸੋਹਣ ਸਿੰਘ ਸੀਤਲ ਵਰਗੇ ਬਹੁਪੱਖੀ ਪ੍ਰਤਿਭਾ ਦੇ ਮਾਲਿਕ ਅਤੇ ਨੇਕ ਦਿਲ ਵਿਅਕਤੀ ਵਿਰਲੇ ਹੀ ਪੈਦਾ ਹੁੰਦੇ ਹਨ। ਕੌਮ ਦਾ ਅਮੋਲਕ ਢਾਡੀ ਤੇ ਪੰਜਾਬੀ ਸਾਹਿਤ ਦਾ ਅਮਿੱਟ ਹਸਤਾਖ਼ਰ ਗਿਆਨੀ ਸੋਹਣ ਸਿੰਘ ਸੀਤਲ ਆਪਣਾ ਨੌਂ ਦਹਾਕਿਆਂ ਦਾ ਜੀਵਨ ਪੰਧ ਮੁਕਾ ਕੇ ਅਖੀਰ 23 ਸਤੰਬਰ 1998 ਈ. ਵਾਲੇ ਦਿਨ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਸੀਤਲ ਦੇ ਆਪਣੇ ਬੋਲ ਸਨ:-

    ‘ਸੀਤਲ ਸਦਾ ਜਹਾਨ ਜੀਂਵਦਾ ਏ, ਜੀਹਦਾ ਮਰ ਗਿਆਂ ਦੇ ਪਿੱਛੋਂ ਜੱਸ ਹੋਵੇ’।

    ਰਮੇਸ਼ ਬੱਗਾ ਚੋਹਲਾ
    ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ)
    ਮੋ. 94631-32719

    LEAVE A REPLY

    Please enter your comment!
    Please enter your name here