ਗਾਜੀਆਬਾਦ (ਰਵਿੰਦਰ)। ਮੇਰਠ ਦੇ ਇੱਕ ਪਰਿਵਾਰ ’ਤੇ ਮੰਗਲਵਾਰ ਬਹੁਤ ਭਾਰੀ ਸੀ। ਗਾਜੀਆਬਾਦ ਐਕਸਪ੍ਰੈਸ ਵੇਅ ’ਤੇ ਸਵੇਰੇ ਵਾਪਰੇ ਭਿਆਨਕ ਸੜਕ ਹਾਦਸੇ ’ਚ 3 ਬੱਚਿਆਂ ਸਮੇਤ ਪਰਿਵਾਰ ਦੇ 6 ਮੈਂਬਰਾਂ ਦੀ ਦਰਦਨਾਕ ਮੌਤ ਹੋ ਗਈ। ਹਾਦਸੇ ਵਿੱਚ ਦੋ ਵਿਅਕਤੀ ਵੀ ਗੰਭੀਰ ਹਨ, ਜਿਨ੍ਹਾਂ ਦੀ ਹਾਲਤ ਨਾਜੁਕ ਬਣੀ ਹੋਈ ਹੈ। (Ghaziabad Road Accident)
ਪ੍ਰਾਪਤ ਜਾਣਕਾਰੀ ਅਨੁਸਾਰ ਮੰਗਲਵਾਰ ਸਵੇਰੇ 7 ਵਜੇ ਮੇਰਠ ਦੇ ਇੰਚੋਲੀ ਥਾਣਾ ਖੇਤਰ ਦੇ ਧਨਪੁਰ ਪਿੰਡ ਦਾ ਰਹਿਣ ਵਾਲਾ ਇੱਕ ਪਰਿਵਾਰ ਆਪਣੀ ਟੀਯੂਵੀ ਕਾਰ ਵਿੱਚ ਖਾਟੂ ਸ਼ਿਆਮ ਜਾ ਰਿਹਾ ਸੀ। ਕਾਰ ਵਿੱਚ 4 ਬੱਚਿਆਂ ਸਮੇਤ 8 ਜਣੇ ਸਵਾਰ ਸਨ। ਇਸ ਦੌਰਾਨ ਦਿੱਲੀ-ਮੇਰਠ ਐਕਸਪ੍ਰੈੱਸ ਵੇਅ ’ਤੇ ਵਿਜੇ ਨਗਰ ਫਲਾਈਓਵਰ ’ਤੇ ਗਲਤ ਸਾਈਡ ਤੋਂ ਆ ਰਹੀ ਇੱਕ ਸਕੂਲੀ ਬੱਸ ਨੇ ਕਾਰ ਨੂੰ ਟੱਕਰ ਮਾਰ ਦਿੱਤੀ।
ਟੱਕਰ ਇੰਨੀ ਜਬਰਦਸਤ ਸੀ ਕਿ ਕਾਰ ’ਚ ਸਵਾਰ ਵਿਅਕਤੀ ਬੁਰੀ ਤਰ੍ਹਾਂ ਫਸ ਗਏ, ਜਿਨ੍ਹਾਂ ਨੂੰ ਪੁਲਿਸ ਨੇ ਕਾਫੀ ਮੁਸ਼ੱਕਤ ਨਾਲ ਬਾਹਰ ਕੱਢਿਆ। ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਭਿਆਨਕ ਹਾਦਸੇ ’ਚ ਨਰਿੰਦਰ ਯਾਦਵ, ਉਸ ਦੀ ਪਤਨੀ ਅਨੀਤਾ ਅਤੇ ਦੋ ਬੇਟੇ ਹਿਮਾਂਸੂ ਅਤੇ ਕਾਰਕੀਤ ਦੇ ਨਾਲ-ਨਾਲ ਨਰਿੰਦਰ ਯਾਦਵ ਦੇ ਭਰਾ ਧਰਮਿੰਦਰ ਯਾਦਵ ਦੀ ਪਤਨੀ ਬਬੀਤਾ ਅਤੇ ਉਨ੍ਹਾਂ ਦੀ ਬੇਟੀ ਵੰਸ਼ਿਕਾ ਦੀ ਮੌਤ ਹੋ ਗਈ। ਹਾਦਸੇ ’ਚ ਨਰਿੰਦਰ ਦਾ ਭਰਾ ਧਰਮਿੰਦਰ ਯਾਦਵ ਅਤੇ ਉਸ ਦਾ ਬੇਟਾ ਆਰੀਅਨ ਗੰਭੀਰ ਰੂਪ ’ਚ ਜਖਮੀ ਹਨ, ਉਨ੍ਹਾਂ ਦੀ ਹਾਲਤ ਵੀ ਨਾਜੁਕ ਬਣੀ ਹੋਈ ਹੈ।
ਇਹ ਵੀ ਪੜ੍ਹੋ : ਦੇਸ਼ ਅਨੁਸਾਰ ਤੈਅ ਹੋਣ ਵਸਤੂਆਂ ਦੀਆਂ ਕੀਮਤਾਂ
ਪੁਲਿਸ ਮੁਤਾਬਕ ਨੋਇਡਾ ਦੇ ਬਾਲ ਭਾਰਤੀ ਸਕੂਲ ਦਾ ਬੱਸ ਡਰਾਈਵਰ ਪ੍ਰੇਮਪਾਲ ਦਿੱਲੀ ਤੋਂ ਵਾਪਸ ਆ ਰਿਹਾ ਸੀ। ਉਹ ਗਾਜੀਪੁਰ ਤੋਂ ਸੀਐਨਜੀ ਭਰ ਕੇ ਗਲਤ ਦਿਸ਼ਾ ਵਿੱਚ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਉਹ ਨਸ਼ੇ ਦੀ ਹਾਲਤ ’ਚ ਸੀ। ਉਹ ਕਰੀਬ 8 ਕਿਲੋਮੀਟਰ ਤੱਕ ਗਲਤ ਦਿਸ਼ਾ ’ਚ ਚੱਲਦਾ ਰਿਹਾ ਅਤੇ ਇਸ ਦੌਰਾਨ ਇਹ ਭਿਆਨਕ ਹਾਦਸਾ ਵਾਪਰ ਗਿਆ। ਪੁਲਿਸ ਨੇ ਬੱਸ ਡਰਾਈਵਰ ਨੂੰ ਗਿ੍ਰਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।