ਕਿਸਾਨਾਂ ਨੇ ਕੋਲੇ ਸਬੰਧੀ ਐਮਰਜੈਂਸੀ ਮੀਟਿੰਗ ਸੱਦੀ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪਾਵਰਕੌਮ ਵੱਲੋਂ ਕਿਸਾਨਾਂ ਨੂੰ ਖੇਤੀਬਾੜੀ ਮੋਟਰਾਂ ਲਈ ਦਿੱਤੀ ਜਾ ਰਹੀ ਬਿਜਲੀ ਤੇ ਅਚਾਨਕ ਕੱਟ ਲਗਾ ਕੇ ਦੋ ਘੰਟੇ ਹੀ ਕਰ ਦਿੱਤੀ ਗਈ ਹੈ, ਜਿਸ ਕਾਰਨ ਕਿਸਾਨਾਂ ਵਿੱਚ ਗੁੱਸਾ ਪਾਇਆ ਜਾ ਰਿਹਾ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਇਹ ਸਿਰਫ਼ ਕਿਸਾਨਾਂ ਦੇ ਕੀਤੇ ਜਾ ਰਹੇ ਸੰਘਰਸ ਨੂੰ ਤਾਰਪੀਡੋ ਕਰਨ ਦਾ ਪੈਂਤੜਾ ਖੇਡਿਆ ਗਿਆ ਹੈ। ਇੱਧਰ ਪਾਵਰਕੌਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਲੇ ਦੀ ਘਾਟ ਕਾਰਨ ਹੀ ਬਿਜਲੀ ਵਿੱਚ ਕਟੌਤੀ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਪਾਵਰਕੌਮ ਵੱਲੋਂ ਪਿਛਲੇ ਦਿਨਾਂ ਤੋਂ 8-10 ਘੰਟੇ ਬਿਜਲੀ ਕਿਸਾਨਾਂ ਨੂੰ ਬਿਜਲੀ ਸਪਲਾਈ ਦਿੱਤੀ ਜਾ ਰਹੀ ਸੀ, ਪਰ ਬੀਤੇ ਕੱਲ ਅਚਾਨਕ ਹੀ ਪਾਵਰਕੌਮ ਵੱਲੋਂ ਇਹ ਬਿਜਲੀ ਸਪਲਾਈ ਸਿਰਫ਼ 2 ਘੰਟੇ ਹੀ ਕਰ ਦਿੱਤੀ ਗਈ ਹੈ। ਇੱਧਰ ਕਿਸਾਨਾਂ ਵੱਲੋਂ ਝੋਨਾ ਨੂੰ ਅੰਤਲਾ ਪਾਣੀ ਦਿੱਤਾ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਸਬਜੀ ਆਦਿ ਲਈ ਬਿਜਲੀ ਦੀ ਜ਼ਰੂਰਤ ਹੈ। ਅਚਾਨਕ ਹੀ ਦੋਂ ਘੰਟੇ ਬਿਜਲੀ ਸਪਲਾਈ ਦੇਣ ਪਿੱਛੇ ਕਿਸਾਨਾਂ ਵੱਲੋਂ ਸਰਕਾਰ ਦੀ ਸਾਜਿਸ਼ ਸਮਝੀ ਜਾ ਰਹੀ ਹੈ ਤਾਂ ਜੋ ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕੀਤਾ ਜਾ ਸਕੇ। ਕਿਸਾਨਾਂ ਵੱਲੋਂ ਅੱਜ ਦੋਂ ਘੰਟਿਆਂ ਲਈ ਲਾਏ ਜਾਮ ਦੌਰਾਨ ਪੂਪੂਰੇ ਪੰਜਾਬ ਅੰਦਰ ਖੇਤੀਬਾੜੀ ਮੋਟਰਾਂ ਲਈ ਦੋਂ ਘੰਟੇ ਬਿਜਲੀ ਦੇਣ ਦਾ ਮੁੱਦਾ ਭਾਰੂ ਰਿਹਾ।
ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਦੀ ਖੜ੍ਹੀ ਫ਼ਸਲ ਨੂੰ ਅਜੇ ਅੰਤਲਾ ਪਾਣੀ ਦਿੱਤਾ ਜਾ ਰਿਹਾ ਹੈ ਅਤੇ ਪਹਿਲਾ 8-10 ਘੰਟੇ ਬਿਜਲੀ ਮਿਲ ਰਹੀ ਸੀ। ਪਾਰਵਕੌਮ ਦਾ ਆਨਲਾਈਨ ਸਡਿਊਲ ਵੀ 8-10 ਘੰਟ ਬਿਜਲੀ ਸਪਲਾਈ ਦਰਸਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਢਕੌਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਅਤੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਦਾ ਕਹਿਣਾ ਹੈ ਕਿ ਇਹ ਸਿਰਫ਼ ਕਿਸਾਨੀ ਸੰਘਰਸ਼ ਨੂੰ ਖਿਡਾਉਣ ਦਾ ਯਤਨ ਹੈ ਤਾ ਜੋਂ ਕਿ ਆਮ ਲੋਕਾਂ ਜਾ ਹੋਰਨਾ ਕਿਸਾਨਾਂ ਨੂੰ ਵਿਰੁੱਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਕਾਂਗਰਸ ਦੇ ਆਗੂਆਂ ਖਿਲਾਫ਼ ਵੀ ਸੰਘਰਸ ਦਾ ਅਲਟੀਮੈਟਮ ਦਿੱਤਾ ਗਿਆ ਹੈ,
ਜਿਸ ਕਾਰਨ ਹੀ ਕਾਂਗਰਸ ਸਰਕਾਰ ਅਜਿਹੇ ਹੱਥਕੇਡੇ ਅਪਣਾ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਸੂਬਾ ਆਗੂ ਸੁਖਦੇਵ ਸਿੰਘ ਕੋਕਰੀ ਕਲਾ ਦਾ ਕਹਿਣਾ ਹੈ ਕਿ ਜੋਂ ਕੋਲੇ ਸੰਕਟ ਨੂੰ ਉਭਾਰਿਆ ਜਾ ਰਿਹਾ ਹੈ, ਇਸ ਸਰਕਾਰ ਦਾ ਕਿਸਾਨੀ ਸੰਘਰਸ਼ ਨੂੰ ਬਦਨਾਮ ਕਰਨ ਦਾ ਡਰਾਮ ਵੀ ਹੋ ਸਕਦਾ ਹੈ। ਉਂਜ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਸ ਮਸਲੇ ਦੇ ਹੱਲ ਲਈ ਕੱਲ ਨੂੰ ਐਮਰਜੈਂਸੀ ਮੀਟਿੰਗ ਬਰਨਾਲਾ ਵਿਖੇ ਸੱਦ ਲਈ ਗਈ ਹੈ। ਦੱਸਣਯੋਗ ਹੈ ਕਿ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਵਿਰੁੱਧ ਵਿੱਢਿਆ ਸੰਘਰਸ਼ ਹੋਰ ਤੇਜ ਹੁੰਦਾ ਜਾ ਰਿਹਾ ਹੈ ਜੋ ਕਿ ਕੇਂਦਰ ਦੇ ਨਾਲ ਹੀ ਪੰਜਾਬ ਸਰਕਾਰ ਲਈ ਵੀ ਚਿੰਤਾ ਦਾ ਕਾਰਨ ਬਣ ਗਿਆ ਹੈ, ਕਿਉਂਕਿ ਕਿਸਾਨਾਂ ਵੱਲੋਂ ਕੇਂਦਰ ਦੇ ਨਾਲ ਹੀ ਹੁਣ ਪੰਜਾਬ ਸਰਕਾਰ ਨੂੰ ਵੀ ਘੇਰਨਾ ਸ਼ੁਰੂ ਕਰ ਦਿੱਤਾ ਹੈ।
ਬਿਜਲੀ ਦੀ ਕੋਈ ਕਿੱਲਤ ਨਹੀਂ : ਡਾਇਰੈਕਟਰ ਜਨਰੇਸ਼ਨ
ਇਸ ਮਸਲੇ ਸਬੰਧੀ ਜਦੋਂ ਪਾਵਰਕੌਮ ਦੇ ਡਾਇਰੈਕਟਰ ਜਨਰੇਸ਼ਨ ਜਤਿੰਦਰ ਗੋਇਲ ਨਾਲ ਗੱਲ ਕੀਤੀ ਗਈ ਤਾ ਉਨ੍ਹਾਂ ਕਿਹਾ ਕਿ ਬਿਜਲੀ ਦੀ ਲੈਸ ਡਿਮਾਂਡ ਕਾਰਨ ਸਰਕਾਰੀ ਥਰਮਲ ਬੰਦ ਕੀਤੇ ਹੋਏ ਹਨ। ਜਦੋਂ ਉਨ੍ਹਾਂ ਤੋਂ ਕੋਲੇ ਦੀ ਘਾਟ ਕਾਰਨ ਬਿਜਲੀ ਦੀ ਕਿੱਲਤ ਸਬੰਧੀ ਪੁੱÎਛਿਆ ਤਾਂ ਉਨ੍ਹਾਂ ਕਿਹਾ ਕਿ ਬਿਜਲੀ ਦੀ ਕਿੱਲਤ ਵਾਲੀ ਕੋਈ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਵਰਕੌਮ ਵੱਲੋਂ ਬਿਜਲੀ ਦੀ ਖਰੀਦ ਕੀਤੀ ਜਾ ਰਹੀ ਹੈ।
ਕੋਲੇ ਦੀ ਘਾਟ ਕਾਰਨ ਕੀਤੀ ਗਈ ਕਟੌਤੀ : ਡਾਇਰੈਕਟਰ ਡ੍ਰਿਸਟੀਬਿਊਸ਼ਨ
ਜਦੋਂ ਪਾਵਰਕੌਮ ਦੇ ਡਾਇਰਕੈਟਰ ਡ੍ਰਿਸਟੀਬਿਊਸ਼ਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੋਲੇ ਦੀ ਘਾਟ ਕਾਰਨ ਹੀ ਖੇਤੀਬਾੜੀ ਮੋਟਰਾਂ ਲਈ ਬਿਜਲੀ ਵਿੱਚ ਕਟੌਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦੋ ਦਿਨਾਂ ਦਾ ਹੀ ਕੋਲਾ ਰਹਿ ਗਿਆ ਹੈ ਨਹੀਂ ਤਾਂ ਪੰਜਾਬ ਵਿੱਚ ਬਲੈਕ ਆਉਟ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਰੇਲ ਪਟੜੀਆਂ ‘ਤੇ ਬੈਠੇ ਹਨ ਜਿਸ ਕਾਰਨ ਕੋਲਾ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਕਿਸਾਨ ਰੇਲ ਪਟੜੀਆਂ ਤੋਂ ਧਰਨਾ ਚੁੱਕ ਕੇ ਹੋਰ ਥਾਵਾਂ ‘ਤੇ ਬੈਠ ਜਾਣ ਤਾਂ ਜੋ ਕੋਲਾ ਆ ਸਕੇ। ਉਂਜ ਦੋਹਾਂ ਅਧਿਕਾਰੀਆਂ ਦਾ ਜਵਾਬ ਆਪਸ ਵਿੱਚ ਮੇਲ ਨਹੀਂ ਖਾ ਰਹੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.