ਗੈਂਗਵਾਰ ਕਾਰਨ ਮਰ ਰਹੇ ਕੈਨੇਡਾ ‘ਚ ਪੰਜਾਬੀ ਨੌਜਵਾਨ

ਕੈਨੇਡਾ ਤੋਂ ਹਰ ਦੂਸਰੇ-ਚੌਥੇ ਹਫਤੇ ਕਿਸੇ ਨਾ ਕਿਸੇ ਪੰਜਾਬੀ ਨੌਜਵਾਨ ਦੇ ਗੈਂਗਵਾਰ ਵਿੱਚ ਮਰਨ ਦੀ ਖ਼ਬਰ ਆ ਰਹੀ ਹੈ। 6 ਜੂਨ ਨੂੰ ਸਰੀ ਸ਼ਹਿਰ ਵਿੱਚ 16 ਅਤੇ 17 ਸਾਲ ਦੇ ਦੋ ਪੰਜਾਬੀ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦੁਨੀਆਂ ਵਿੱਚ ਭਰਾ ਮਾਰੂ ਜੰਗ ਕਾਰਨ ਸਭ ਤੋਂ ਵੱਧ ਪੰਜਾਬੀ ਅੱਤਵਾਦ ਦੌਰਾਨ ਪੰਜਾਬ ਵਿੱਚ ਮਰੇ ਸਨ, ਦੂਸਰੇ ਨੰਬਰ ‘ਤੇ ਫਿਲਪਾਈਨ ਵਿੱਚ ਵਿਆਜ਼ ‘ਤੇ ਪੈਸਾ ਦੇਣ ਵਾਲੇ ਪੰਜਾਬੀ ਤੇ ਤੀਸਰੇ ਨੰਬਰ ‘ਤੇ ਮਰਨ ਵਾਲੇ ਕੈਨੇਡਾ ਦੇ ਕਥਿਤ ਨਸ਼ਿਆਂ ਦੇ ਕਾਰੋਬਾਰੀ ਹਨ। ਕੈਨੇਡਾ ਵਿੱਚ ਹੁਣ ਤੱਕ 200 ਤੋਂ ਵੱਧ ਪੰਜਾਬੀ ਨੌਜਵਾਨ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ। ਇਹ ਮੌਤਾਂ ਕੈਨੇਡਾ ਵਿੱਚ ਗੈਂਗ ਹਿੰਸਾ ਕਾਰਨ ਹੋਣ ਵਾਲੀਆਂ ਕੁੱਲ ਮੌਤਾਂ ਦਾ 26 ਫੀਸਦੀ ਬਣਦੀਆਂ ਹਨ।

ਪੰਜਾਬੀ ਕੈਨੇਡਾ ਦੀ ਧਰਤੀ ਉੱਪਰ ਕਰੀਬ 100 ਸਾਲ ਪਹਿਲਾਂ ਵੱਸਣੇ ਸ਼ੁਰੂ ਹੋਏ ਸਨ। ਇੱਥੇ ਆ ਕੇ ਪੰਜਾਬੀਆਂ ਨੇ ਭਾਰੀ ਤਰੱਕੀ ਕੀਤੀ ਤੇ ਵਪਾਰ, ਖੇਤੀਬਾੜੀ, ਸਰਕਾਰੀ ਨੌਕਰੀਆਂ ਅਤੇ ਵਿੱਦਿਅਕ ਖੇਤਰ ਵਿੱਚ ਅਹਿਮ ਸਥਾਨ ਪ੍ਰਾਪਤ ਕੀਤੇ। ਸਿਆਸਤ ਵਿੱਚ ਤਾਂ ਕਮਾਲ ਹੀ ਕਰ ਦਿੱਤੀ ਹੈ। ਟਰੂਡੋ ਸਰਕਾਰ ਵਿੱਚ 18 ਐਮ.ਪੀ. ਤੇ 4 ਪੰਜਾਬੀ ਕੈਬਨਿਟ ਮੰਤਰੀ ਬਣਨਾ ਵੀ ਇੱਕ ਚਮਤਕਾਰ ਹੀ ਹੈ। ਪਰ ਇਸ ਦੇ ਨਾਲ-ਨਾਲ ਪੰਜਾਬੀ ਸਮਾਜ ਵਿੱਚ ਕੁਝ ਅੱਤ ਦਰਜ਼ੇ ਦੀਆਂ ਬੁਰੀਆਂ ਆਦਤਾਂ ਵੀ ਘਰ ਕਰ ਗਈਆਂ ਹਨ। ਅੱਜ ਤੋਂ 35-40 ਸਾਲ ਪਹਿਲਾਂ ਨਸ਼ੇ ਵੇਚਣ (ਡਰੱਗਜ਼) ਵਰਗੇ ਮਨਹੂਸ ਧੰਦੇ ਵਿੱਚ ਪੰਜਾਬੀਆਂ ਦਾ ਕਿਧਰੇ ਨਾਮੋ-ਨਿਸ਼ਾਨ ਵੀ ਨਹੀਂ ਸੀ, ਇਹ ਕੰਮ ਚੀਨੇ, ਗੋਰੇ ਅਤੇ ਅਫਰੀਕਨ ਕਰਦੇ ਸਨ। 1980ਵਿਆਂ ਵਿੱਚ ਕੁਝ ਪੰਜਾਬੀ ਨੌਜਵਾਨਾਂ ਨੇ ਇਸ ਕੰਮ ‘ਚ ਅਜਿਹਾ ਕਦਮ ਰੱਖਿਆ ਕਿ ਅੱਜ ਇਸ ਅਰਬਾਂ-ਖਰਬਾਂ ਦੇ ਕਾਰੋਬਾਰ ਵਿੱਚ ਅਨੇਕਾਂ ਛੋਟੇ-ਵੱਡੇ ਪੰਜਾਬੀ ਗੈਂਗ ਲੱਗੇ ਹੋਏ ਹਨ।

ਪਹਿਲਾਂ ਪੰਜਾਬੀ ਗੈਂਗਾਂ ਦਾ ਮੁੱਖ ਅੱਡਾ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦਾ ਸਰੀ-ਵੈਨਕੂਵਰ ਸ਼ਹਿਰ ਸੀ, ਪਰ ਹੁਣ ਇਹਨਾਂ ਦਾ ਗਲਬਾ ਓਂਟਾਰੀਉ, ਐਲਬਰਟਾ ਅਤੇ ਅਮਰੀਕਾ ਵਿੱਚ ਕੈਲੀਫੋਰਨੀਆ, ਨਿਊ ਜਰਸੀ, ਨਿਊਯਾਰਕ ਅਤੇ ਪੰਜਾਬ ਤੱਕ ਫੈਲ ਗਿਆ ਹੈ। ਸਮਗਲਿੰਗ ਕਰਨ ਲਈ ਮੁੱਖ ਤੌਰ ‘ਤੇ ਟਰੱਕ ਵਰਤੇ ਜਾਂਦੇ ਹਨ ਤੇ ਡਰੱਗਜ਼, ਹਥਿਆਰਾਂ ਦੀ ਸਮਗਲਿੰਗ, ਡਾਕੇ, ਸੁਪਾਰੀ ਕਿਲਿੰਗ, ਫਰਾਡ, ਹਵਾਲਾ, ਜਾਅਲੀ ਕਰੰਸੀ, ਫਿਰੌਤੀਆਂ ਅਤੇ ਜੂਏ ਦੇ ਧੰਦੇ ਕੀਤੇ ਜਾਂਦੇ ਹਨ। ਪੰਜਾਬੀ ਗੈਂਗ ਕੈਨੇਡਾ ਦੇ ਸੰਗਠਿਤ ਅਪਰਾਧ ਜਗਤ ਵਿੱਚ ਤੀਸਰੇ ਨੰਬਰ ‘ਤੇ ਹਨ। ਪਹਿਲੇ ਨੰਬਰ ‘ਤੇ ਗੈਰਕਾਨੂੰਨੀ ਮੋਟਰਸਾਈਕਲ ਕਲੱਬ ਤੇ ਦੂਸਰੇ ਨੰਬਰ ‘ਤੇ ਚੀਨੀ-ਵੀਅਤਨਾਮੀ ਗੈਂਗ ਹਨ। ਪਰ ਜਿਵੇਂ ਨਵੇਂ ਨੌਜਵਾਨ ਇਸ ਧੰਦੇ ਵਿੱਚ ਕੁੱਦ ਰਹੇ ਹਨ, ਲੱਗਦਾ ਹੈ ਕਿ ਪੰਜਾਬੀ ਇਸ ਕੰਮ ਵਿੱਚ ਵੀ ਸਭ ਨੂੰ ਪਛਾੜ ਦੇਣਗੇ। ਪੰਜਾਬੀ ਗੈਂਗ ਸ਼ੁਰੂ-ਸ਼ੁਰੂ ਵਿੱਚ ਮਾੜੇ-ਮੋਟੇ ਅਪਰਾਧ ਕਰਦੇ ਸਨ।

ਪਰ 1980 ਵਿਆਂ ਵਿੱਚ ਕੈਨੇਡਾ-ਅਮਰੀਕਾ ਵਿੱਚ ਆਏ ਨਸ਼ਿਆਂ ਦੇ ਹੜ੍ਹ ਨੇ ਉਹਨਾਂ ਨੂੰ ਵੀ ਇਸ ਵਗਦੀ ਗੰਗਾ ਵਿੱਚ ਹੱਥ ਰੰਗਣ ਲਈ ਲਲਚਾ ਦਿੱਤਾ। ਕਹਿੰਦੇ ਹਨ ਕਿ ਪੈਸਾ ਆਪਣੇ ਨਾਲ ਹਜ਼ਾਰਾਂ ਐਬ ਲੈ ਕੇ ਆਉਂਦਾ ਹੈ। ਇਹਨਾਂ ਨਾਲ ਵੀ ਅਜਿਹਾ ਹੀ ਹੋਇਆ। ਹੌਲੀ-ਹੌਲੀ ਇਲਾਕੇ ‘ਤੇ ਕਬਜ਼ੇ ਨੂੰ ਲੈ ਕੇ ਝਗੜੇ ਸ਼ੁਰੂ ਹੋ ਗਏ ਤੇ ਗੱਲ ਮਾਰ-ਕਾਟ ਤੱਕ ਪਹੁੰਚ ਗਈ ਜੋ ਲਗਾਤਾਰ ਜਾਰੀ ਹੈ। ਕੈਨੇਡੀਅਨ ਮੀਡੀਆ ਇਸ ਨੂੰ ਬਹੁਤ ਹਵਾ ਦੇ ਰਿਹਾ ਹੈ ਤੇ ਇਹਨਾਂ ਗੈਂਗਾਂ ਨੂੰ ਇੰਡੋ-ਕੈਨੇਡੀਅਨ ਗੈਂਗ ਕਹਿ ਕੇ ਖੂਬ ਭੰਡਿਆ ਜਾ ਰਿਹਾ ਹੈ।

ਪੰਜਾਬੀ ਡਰੱਗ ਗੈਂਗਾਂ ਵਿੱਚ ਕਤਲੋ-ਗਾਰਤ ਸ਼ੁਰੂ ਕਰਨ ਵਾਲੇ ਸਨ ਦੋਸਾਂਝ ਭਰਾ, ਰਣਜੀਤ (ਰੌਨ) ਦੋਸਾਂਝ ਅਤੇ ਜਮਸ਼ੇਰ ਸਿੰਘ (ਜਿੰਮੀ) ਦੋਸਾਂਝ। ਇਹਨਾਂ ਦੀ ਮਸ਼ਹੂਰ ਗੈਂਗਸਟਰ ਭੁਪਿੰਦਰ ਸਿੰਘ (ਬਿੰਦੀ ਜੌਹਲ) ਨਾਲ ਦੁਸ਼ਮਣੀ ਨੇ ਅਜਿਹੀ ਖੂਨੀ ਖੇਡ ਸ਼ੁਰੂ ਕੀਤੀ ਜੋ ਹੁਣ ਤੱਕ ਬਾਦਸਤੂਰ ਜਾਰੀ ਹੈ। ਦੋਸਾਂਝ ਭਰਾ ਕੈਨੇਡਾ ਦੇ ਪਹਿਲੇ ਪੰਜਾਬੀ ਗੈਂਗਸਟਰ ਮੰਨੇ ਜਾਂਦੇ ਹਨ। ਬਿੰਦੀ ਜੌਹਲ ਉਹਨਾਂ ਦੇ ਹੀ ਗੈਂਗ ਵਿੱਚ ਕੰਮ ਕਰਦਾ ਸੀ। ਜਦੋਂ ਦੋਸਾਂਝ ਭਰਾਵਾਂ ਨੂੰ ਕਿਸੇ ਕੇਸ ਵਿੱਚ ਜੇਲ੍ਹ ਜਾਣਾ ਪਿਆ ਤਾਂ ਬਿੰਦੀ ਜੌਹਲ ਨੇ ਉਹਨਾਂ ਦੇ ਡਰੱਗਜ਼ ਧੰਦੇ ‘ਤੇ ਕਬਜ਼ਾ ਜਮਾ ਲਿਆ।

ਜੇਲ੍ਹ ਤੋਂ ਬਾਹਰ ਆ ਕੇ ਜਦੋਂ ਦੋਸਾਂਝ ਭਰਾਵਾਂ ਨੇ ਬਿੰਦੀ ਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਲਟ ਬਿੰਦੀ ਜੌਹਲ ਨੇ ਭਾੜੇ ਦੇ ਕਾਤਲਾਂ ਰਾਹੀਂ ਫਰਵਰੀ 1994 ਨੂੰ ਜਿੰਮੀ ਦੋਸਾਂਝ ਅਤੇ ਅਪਰੈਲ 1994 ਵਿੱਚ ਰਣਜੀਤ ਦੋਸਾਂਝ ਨੂੰ ਹੀ ਕਤਲ ਕਰਵਾ ਦਿੱਤਾ। ਇਸ ਤੋਂ ਬਾਅਦ ਬਿੰਦੀ ਜੌਹਲ ਡਰੱਗਜ਼ ਦੇ ਧੰਦੇ ‘ਤੇ ਛਾ ਗਿਆ। ਇਸ ਦੇ ਸ਼ਾਹੀ ਰਹਿਣ-ਸਹਿਣ ਅਤੇ ਟੌਹਰ-ਟਪੱਕੇ ਤੋਂ ਪ੍ਰਭਾਵਿਤ ਹੋ ਕੇ ਸੈਂਕੜੇ ਪੰਜਾਬੀ ਨੌਜਵਾਨ ਇਸ ਧੰਦੇ ਵਿੱਚ ਕੁੱਦ ਪਏ। ਪਰ ਬੁਰੇ ਕੰਮ ਦਾ ਨਤੀਜਾ ਵੀ ਆਖਰ ਬੁਰਾ ਹੀ ਹੁੰਦਾ ਹੈ। 20 ਦਸੰਬਰ 1998 ਨੂੰ ਵੈਨਕੂਵਰ ਦੇ ਇੱਕ ਨਾਈਟ ਕਲੱਬ ਵਿੱਚ ਕਿਸੇ ਭਾੜੇ ਦੇ ਕਾਤਲ ਦੀਆਂ ਗੋਲੀਆਂ ਨੇ ਬਿੰਦੀ ਜੌਹਲ ਦੀ ਖੇਡ ਵੀ ਖਤਮ ਕਰ ਦਿੱਤੀ।

ਇਸ ਤੋਂ ਬਾਅਦ ਤਾਂ ਪੰਜਾਬੀ ਗੈਂਗਾਂ ਦਾ ਹੜ ਆ ਗਿਆ। ਰੋਜ਼ ਨਵੇਂ ਤੋਂ ਨਵੇਂ ਗੈਂਗ ਬਣ ਜਾਂਦੇ ਹਨ। ਜੌਹਲ, ਆਦੀਵਾਲ, ਚੀਮਾ, ਬੁੱਟਰ, ਢੱਕ, ਦੂਹੜੇ ਅਤੇ ਗਰੇਵਾਲ ਆਦਿ ਦਰਜ਼ਨਾਂ ਗੈਂਗ ਕੰਮ ਕਰ ਰਹੇ ਹਨ। ਇਹ ਗੈਂਗ ਕੈਨੇਡਾ ਪੁਲਿਸ ਲਈ ਵੱਡੀ ਸਿਰਦਰਦੀ ਬਣੇ ਹੋਏ ਹਨ। ਵੈਸੇ ਪੁਲਿਸ ਇਹਨਾਂ ਦੇ ਕਤਲਾਂ ਨੂੰ ਕੋਈ ਬਹੁਤੀ ਗੰਭੀਰਤਾ ਨਾਲ ਨਹੀਂ ਲੈਂਦੀ।

ਜਦੋਂ ਕੋਈ ਗੈਂਗਸਟਰ ਜ਼ਿਆਦਾ ਅੱਤ ਚੁੱਕ ਲੈਂਦਾ ਹੈ ਤਾਂ ਪੁਲਿਸ ਵੱਧ ਤੋਂ ਵੱਧ ਇੱਕ ਘੋਸ਼ਣਾ ਜਾਰੀ ਕਰ ਦਿੰਦੀ ਹੈ ਕਿ ਇਸ ‘ਤੇ ਖੂਨੀ ਹਮਲਾ ਹੋਣ ਦੀ ਉਮੀਦ ਹੈ, ਜੋ ਵੀ ਵਿਅਕਤੀ ਇਸ ਨਾਲ ਸਬੰਧ ਰੱਖੇਗਾ, ਉਸ ਦਾ ਵੀ ਜਾਨੀ-ਮਾਲੀ ਨੁਕਸਾਨ ਹੋ ਸਕਦਾ ਹੈ। ਅਜਿਹੇ ਗੈਂਗਸਟਰਾਂ ਦੇ ਬੱਚਿਆਂ ਨੂੰ ਬਚਾਉਣ ਲਈ ਪੁਲਿਸ ਚਾਈਲਡ ਵੈਲਫੇਅਰ ਵਿਭਾਗ ਨੂੰ ਸੌਂਪ ਦਿੰਦੀ ਹੈ। ਪੁਲਿਸ ਵੀ ਚਾਹੁੰਦੀ ਹੈ ਕਿ ਸਮਾਜ ਲਈ ਸਿਰਦਰਦੀ ਬਣੇ ਹੋਏ ਇਹ ਲੋਕ ਆਪਸੀ ਲੜਾਈ ਵਿੱਚ ਖਤਮ ਹੋ ਜਾਣ। ਵੈਸੇ ਵੀ ਪੰਜਾਬੀ ਗੈਂਗਸਟਰਾਂ ਦੇ ਕਤਲਾਂ ਦੇ 100 ਤੋਂ ਵੱਧ ਕੇਸ ਅਣਸੁਲਝੇ ਪਏ ਹਨ।

ਕਈ ਪਰਿਵਾਰ ਤਾਂ ਅਜਿਹੇ ਹਨ ਜਿਹਨਾਂ ਦੇ ਇੱਕ ਤੋਂ ਵੱਧ ਮੈਂਬਰ ਇਸ ਕੰਮ ਵਿੱਚ ਮਾਰੇ ਜਾ ਚੁੱਕੇ ਹਨ, ਪਰ ਉਹ ਫਿਰ ਵੀ ਡਰੱਗਜ਼ ਦਾ ਕੰਮ ਕਰ ਰਹੇ ਹਨ। ਕਈ ਕੈਨੇਡੀਅਨ ਗੈਂਗਸਟਰ ਆਪਣੇ ਪੰਜਾਬ ਵਿਚਲੇ ਰਿਸ਼ਤੇਦਾਰਾਂ ਦੀ ਮੱਦਦ ਭਾਰਤ ਤੋਂ ਹੈਰੋਇਨ ਮੰਗਵਾਉਣ ਲਈ ਕਰਦੇ ਹਨ। ਇਸੇ ਕਾਰਨ ਭੋਲਾ ਡਰੱਗ ਕੇਸ ਵਿੱਚ ਕਈ ਪੰਜਾਬੀ ਸਲਾਖਾਂ ਪਿੱਛੇ ਪਹੁੰਚ ਚੁੱਕੇ ਹਨ। ਕੋਕੀਨ ਦੱਖਣੀ ਅਮਰੀਕਾ ਦੇ ਕੋਲੰਬੀਆ ਆਦਿ ਦੇਸ਼ਾਂ ਵਿੱਚ ਪੈਦਾ ਹੁੰਦੀ ਤੇ ਮੈਕਸੀਕੋ ਰਾਹੀਂ ਅਮਰੀਕਾ ਪਹੁੰਚਦੀ ਹੈ।

ਅਮਰੀਕਾ ਤੋਂ ਗੈਂਗਸਟਰ ਇਸ ਨੂੰ ਵੈਨਕੂਵਰ ਆਦਿ ਸ਼ਹਿਰਾਂ ਵਿੱਚ ਟਰੱਕਾਂ ਰਾਹੀਂ ਮੰਗਵਾਉਂਦੇ ਹਨ। ਵੈਨਕੂਵਰ, ਅਮਰੀਕਨ ਸਰਹੱਦ ਦੇ ਬਿਲਕੁਲ ਨਜ਼ਦੀਕ ਪੈਂਦਾ ਹੈ। ਇੱਥੋਂ ਇਹ ਸਮਾਨ ਸਾਰੇ ਕੈਨੇਡਾ ਵਿੱਚ ਫੈਲਾ ਦਿੱਤਾ ਜਾਂਦਾ ਹੈ। ਪਿਛਲੇ ਸਾਲ ਕੈਨੇਡਾ-ਅਮਰੀਕਾ ਸਰਹੱਦ ‘ਤੇ ਇੱਕ ਪੰਜਾਬੀ 15 ਕਰੋੜ ਅਮਰੀਕਨ ਡਾਲਰ (ਕਰੀਬ 10 ਅਰਬ ਰੁਪਏ) ਦੀ ਕੋਕੀਨ ਸਮੇਤ ਫੜ੍ਹਿਆ ਗਿਆ ਸੀ। ਇਹ ਨਿਊਯਾਰਕ ਸਟੇਟ ਦੇ ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ ਸੀ। ਪੰਜਾਬੀ ਟਰੱਕ ਚਾਲਕ ਇਹਨਾਂ ਕਾਰਨਾਮਿਆਂ ਕਾਰਨ ਐਨੇ ਬਦਨਾਮ ਹੋ ਚੁੱਕੇ ਹਨ ਕਿ ਇਹਨਾਂ ਦੀ ਹੁਣ ਕੈਨੇਡਾ-ਅਮਰੀਕਾ ਸਰਹੱਦ ‘ਤੇ ਸਪੈਸ਼ਲ ਸਕੈਨਰਾਂ ਰਾਹੀਂ ਸਖ਼ਤ ਚੈਕਿੰਗ ਹੁੰਦੀ ਹੈ।

ਕੈਨੇਡੀਅਨ ਪੰਜਾਬੀ ਡਰੱਗ ਗੈਂਗਸਟਰ ਵੀ ਜੱਟਵਾਦ ਦੇ ਡੰਗੇ ਹੋਏ ਹਨ। ਕੈਨੇਡਾ ਵਿੱਚ ਅਨੇਕਾਂ ਕੌਮਾਂ ਦੇ ਭਾਰਤੀ ਵੱਸਦੇ ਹਨ ਪਰ 90 ਫੀਸਦੀ ਗੈਂਗਸਟਰ ਕਿਸਾਨ ਪਿਛੋਕੜ ਦੇ ਹਨ। ਇਹਨਾਂ ਵਿੱਚ ਵੀ ਜਿਆਦਾ ਕੈਨੇਡਾ ਦੇ ਜੰਮਪਲ਼ ਹਨ। ਪੰਜਾਬ ਤੋਂ ਆਈਲੈਟਸ ਕਰ ਕੇ ਗਏ ਬੱਚੇ ਇਹਨਾਂ ਗੈਂਗਾਂ ਵਿੱਚ ਘੱਟ ਫਸਦੇ ਹਨ ਤੇ ਮਿਹਨਤ-ਮਜ਼ਦੂਰੀ ਕਰ ਕੇ ਆਪਣਾ ਗੁਜ਼ਾਰਾ ਕਰਦੇ ਹਨ। ਪੱਕੇ ਕੈਨੇਡੀਅਨਾਂ ਨੂੰ ਕਿਉਂਕਿ ਕੈਨੇਡਾ ਤੋਂ ਕੱਢੇ ਜਾਣ ਦਾ ਖਤਰਾ ਨਹੀਂ ਹੁੰਦਾ, ਇਸ ਲਈ ਉਹ ਕਾਨੂੰਨ ਦੀ ਪ੍ਰਵਾਹ ਘੱਟ ਕਰਦੇ ਹਨ।

ਕੈਨੇਡਾ ਵਿੱਚ ਹੋਰ ਵੀ ਕਈ ਕੌਮਾਂ ਦੇ ਗੈਂਗਸਟਰ ਹਨ ਪਰ ਉਹ ਮਾਰ-ਕਾਟ ਕਰਨ ਦੀ ਬਜਾਏ ਆਪਣੇ ਕੰਮ ਨਾਲ ਮਤਲਬ ਰੱਖਦੇ ਹਨ। ਪਰ ਪੰਜਾਬੀ ਇੱਕ-ਦੂਸਰੇ ਨੂੰ ਬਰਦਾਸ਼ਤ ਨਹੀਂ ਕਰਦੇ। ਗਾਹਕ ਖਿੱਚਣ, ਇਲਾਕੇ ‘ਤੇ ਕਬਜ਼ਾ ਜਮਾਉਣ, ਆਕੜ ਅਤੇ ਫੋਕੀ ਹੈਂਕੜਬਾਜ਼ੀ ਕਾਰਨ ਕਤਲ ਹੋ ਰਹੇ ਹਨ। ਹੈਰਾਨੀ ਵਾਲੀ ਗੱਲ ਹੈ ਕਿ ਸਮਾਜਿਕ ਸ਼ਰਮਿੰਦਗੀ ਤੋਂ ਬਚਣ ਲਈ ਮਰਨ ਵਾਲੇ ਦੇ ਮਾਪੇ ਵੀ ਇਹ ਨਹੀਂ ਮੰਨਦੇ ਕਿ ਸਾਡਾ ਬੱਚਾ ਗੈਂਗਸਟਰ ਸੀ ਜਾਂ ਇਸ ਦਾ ਕਤਲ ਫਲਾਣੇ ਨੇ ਕੀਤਾ ਹੈ।

ਸਰੀ, ਐਬਸਫੋਰਡ ਅਤੇ ਵੈਨਕੂਵਰ ਸ਼ਹਿਰਾਂ ਵਿੱਚ ਤਾਂ ਪੰਜਾਬੀਆਂ ਦੀ ਆਪਸੀ ਮਾਰ-ਕਾਟ ਐਨਾ ਭਿਆਨਕ ਰੂਪ ਧਾਰਨ ਕਰ ਗਈ ਹੈ ਕਿ ਅੱਧੀ ਰਾਤ ਨੂੰ ਐਂਬੂਲੈਂਸਾਂ ਦੇ ਵੱਜਦੇ ਹੂਟਰ ਸੁਣ ਕੇ ਮਾਪੇ ਉੱਠ ਕੇ ਬੈਠ ਜਾਂਦੇ ਹਨ ਕਿ ਕਿਤੇ ਸਾਡੇ ਪੁੱਤਰ ਦੀ ਲਾਸ਼ ਨਾ ਆਉਂਦੀ ਹੋਵੇ। ਅਜਿਹੇ ਹਾਲਾਤ ਵਿੱਚ ਮਾਪਿਆਂ ਨੂੰ ਹੀ ਆਪਣੇ ਬੱਚਿਆਂ ਦਾ ਆਪ ਹੀ ਖਿਆਲ ਰੱਖਣਾ ਪਵੇਗਾ ਤੇ ਉਹਨਾਂ ਨੂੰ ਇਸ ਲਾਹਨਤ ਤੋਂ ਬਚਾਉਣਾ ਪਵੇਗਾ।

LEAVE A REPLY

Please enter your comment!
Please enter your name here