ਵੱਖ-ਵੱਖ ਮਾਮਲਿਆਂ ‘ਚ ਲੋੜੀਂਦਾ ਗੈਂਗਸਟਰ ਸੁੱਖਾ ਬਾੜੇਵਾਲੀਆ ਗ੍ਰਿਫਤਾਰ

ਰਘਬੀਰ ਸਿੰਘ, ਲੁਧਿਆਣਾ, 23 ਜੂਨ: ਸਪੈਸ਼ਲ ਟਾਸਕ ਯੂਨਿਟ ਅਤੇ ਸੀਆਈਏ-1 ਨੇ ਸਾਂਝੇ ਤੌਰ ਤੇ ਵਾਈ-ਬਲਾਕ ਕੱਟ ਹੰਬੜਾ ਰੋਡ ਤੋਂ ਸਵਿਫਟ ਡਿਜ਼ਾਇਰ ਕਾਰ ਵਿੱਚੋਂ ਗੈਂਗਸਟਰ ਸੁੱਖਾ ਬਾੜੇਵਾਲੀਆ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।

ਕਾਰ, ਪਿਸਤੌਲ  ਅਤੇ ਕਾਰਤੂਸ ਬਰਾਮਦ

ਪੁਲਿਸ ਨੇ ਉਸ ਕੋਲੋਂ ਪਿਸਤੌਲ ਸਮੇਤ ਕਾਰਤੂਸ ਅਤੇ ਕਾਰ ਬ੍ਰਾਮਦ ਕੀਤੀ। ਸੁੱਖੇ ਦਾ ਅਸਲ ਨਾਂਅ ਸੁਖਪ੍ਰੀਤ ਸਿੰਘ ਉਰਫ ਸੁੱਖਾ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਬਾੜੇਵਾਲ ਫਤਿਹਪੁਰ ਅਵਾਨਾ ਹੈ। ਉਸ ਦੇ ਖਿਲਾਫ ਪਹਿਲਾਂ ਵੀ 18 ਮੁਕੱਦਮੇ ਕਤਲ, ਜਾਨੋ ਮਾਰਨ ਦੀ ਕੋਸ਼ਿਸ਼, ਲੁੱਟਾਂ ਖੋਹਾਂ, ਧੋਖਾਧੜੀ ਅਤੇ ਲੜਾਈ ਝਗੜੇ ਦੇ ਦਰਜ਼ ਹਨ। ਥਾਣਾ ਪੀਏਯੂ ਦੀ ਪੁਲਿਸ ਨੇ ਉਸ ਦੇ ਖਿਲਾਫ ਆਰਮਜ਼ ਐਕਟ ਤਹਿਤ ਮੁਕੱਦਮਾ ਦਰਜ਼ ਕਰ ਲਿਆ ਹੈ।

ਪੱਤਰਕਾਰ ਸੰਮੇਲਨ ਦੌਰਾਨ ਅੱਜ ਪੁਲਿਸ ਕਮਿਸ਼ਨਰ ਆਰ. ਐਨ. ਢੋਕੇ ਨੇ ਦੱਸਿਆ ਕਿ ਸਪੈਸ਼ਲ ਟਾਸਕ ਯੂਨਿਟ ਅਤੇ ਸੀਆਈਏ-1 ਦੀ ਟੀਮ ਹੰਬੜ ਰੋਡ ਤੇ ਵਾਈ-ਬਲਾਕ ਕੱਟ ਤੇ ਮੌਜੂਦ ਸੀ। ਇੱਕ ਸਵਿਫਟ ਡਿਜ਼ਾਇਰ ਕਾਰ ਨੰਬਰ ਪੀਬੀ-10 ਈਵਾਈ-5970 ਪੁਲਿਸ ਨੂੰ ਵੇਖ ਕੇ ਵਾਪਸ ਮੁੜਨ ਲੱਗੀ। ਸ਼ੱਕ ਹੋਣ ਤੇ ਪੁਲਿਸ ਨੇ ਕਾਰ ਨੂੰ ਘੇਰ ਲਿਆ ਅਤੇ ਕਾਰ ਚਲਾ ਰਹੇ ਡਰਾਈਵਰ ਦੀ ਤਲਾਸ਼ੀ ਲਈ। ਪੁਲਿਸ ਨੂੰ ਉਸ ਕੋਲੋਂ ਇੱਕ ਪਿਸਤੌਲ 32 ਬੋਰ ਅਤੇ 4 ਰੌਂਦ 32 ਬੋਰ ਜਿੰਦਾ ਬ੍ਰਾਮਦ ਹੋਏ ਜਿਸ ਦਾ ਉਹ ਕੋਈ ਲਾਇਸੰਸ ਪੇਸ਼ ਨਹੀਂ ਕਰ ਸਕਿਆ। ਪੁਲਿਸ ਪਿਸਤੌਲ, ਰੌਂਦ ਅਤੇ ਕਾਰ ਸਮੇਤ ਉਸ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਵਿਅਕਤੀ ਨੇ ਆਪਣਾ ਨਾਂਅ ਸੁਖਪ੍ਰੀਤ ਸਿੰਘ ਉਰਫ ਸੁੱਖਾ ਬੜੇਵਾਲੀਆ ਦੱਸਿਆ।

ਸੁੱਖਾ ਖਿਲਾਫ਼ ਪਹਿਲਾਂ ਵੀ ਦਰਜ਼ ਹਨ 18 ਮੁਕੱਦਮੇ ਦਰਜ਼

ਸ੍ਰੀ ਢੋਕੇ ਨੇ ਦੱਸਿਆ ਕਿ ਸੁੱਖਾ ਬਾੜੇਵਾਲੀਆ ਖਿਲਾਫ ਪਹਿਲਾ ਵੀ 2 ਮੁਕੱਦਮੇ ਕਤਲ, 9 ਮੁਕੱਦਮੇ ਜਾਨੋ ਮਾਰਨ ਦੀ ਕੋਸ਼ਿਸ਼, 5 ਮੁਕੱਦਮੇ ਲੁੱਟ ਖੋਹ, ਇੱਕ ਮੁਕੱਦਮਾ ਲੜਾਈ ਝਗੜਾ ਅਤੇ ਇੱਕ ਮੁਕੱਦਮਾ ਧੋਖਾਧੜੀ ਦੇ ਦਰਜ਼ ਹਨ। ਉਨਾਂ ਦੱਸਿਆ ਕਿ ਗੈਂਗਸਟਰ ਸੁੱਖਾ ਬਾੜੇਵਾਲੀਆ ਨੇ ਲੋਕਾਂ ਨੂੰ ਡਰਾ ਧਮਕਾ ਕੇ ਕਈ ਲੋਕਾਂ ਦੀ ਜਾਇਦਾਦ ਤੇ ਕਬਜ਼ੇ ਕੀਤੇ ਹੋਏ ਹਨ। ਉਨਾਂ ਦੱਸਿਆ ਕਿ ਇਸ ਨੂੰ ਨਾਜਾਇਜ਼ ਕਬਜ਼ੇ ਕਰਨ ਲਈ ਵਰਤਣ ਵਾਲੇ ਲੋਕਾਂ ਤੇ ਵੀ ਪਰਚੇ ਦਰਜ਼ ਕੀਤੇ ਜਾਣਗੇ। ਕਤਲ ਅਤੇ ਹੋਰ ਮੁਕੱਦਮਿਆਂ ਤੋਂ ਬਾਦ ਜਿਸ ਨੇ ਵੀ ਉਸ ਨੂੰ ਪਨਾਹ ਦਿੱਤੀ ਹੈ ਜਾਂ ਉਸ ਦੀ ਆਰਥਿਕ ਮਦਦ ਕੀਤੀ ਹੈ ਉਹਨਾਂ ਤੇ ਵੀ ਵੱਖਰੀ ਕਾਰਵਾਈ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਕੇਂਦਰੀ ਜ਼ੇਲ ਲੁਧਿਆਣਾ ਵਿੱਚ ਬੰਦ ਸੁੱਖਾ ਬਾੜੇਵਾਲੀਆ ਦੇ ਸਾਥੀ ਤੀਰਥ ਸਿੰਘ ਉਰਫ ਕਾਲਾ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਪੁੱਛ ਗਿੱਛ ਕੀਤੀ ਜਾ ਰਹੀ ਹੈ।