ਗੈਂਗਸਟਰ ਗੋਲਡੀ ਬਰਾੜ ਨੇ ਦਿੱਤੀ ਪੰਜਾਬ ਪੁਲਿਸ ਤੇ ਆਪਣੇ ਵਿਰੋਧੀਆਂ ਨੂੰ ਸੋਸ਼ਲ ਮੀਡੀਆ ’ਤੇ ਧਮਕੀ
ਚੰਡੀਗੜ੍ਹ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਲਾਰੈਂਸ ਗੈਂਗ ਦੇ ਗੈਂਗਸਟਰ ਗੋਲਡੀ ਬਰਾੜ ਨੇ ਪੰਜਾਬ ਪੁਲਿਸ ਨੂੰ ਧਮਕੀ ਦਿੱਤੀ ਹੈ। ਗੋਲਡੀ ਨੇ ਕਿਹਾ ਕਿ ਸਾਡੇ ਭਰਾ ਸਾਰਜ ਸੰਧੂ, ਬੌਬੀ ਮਲਹੋਤਰਾ ਅਤੇ ਜਗਰੋਸ਼ਨ ਹੁੰਦਲ ਨੂੰ ਬਠਿੰਡਾ ਜੇਲ੍ਹ ਵਿੱਚ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਡੀਜੀਪੀ ਗੌਰਵ ਯਾਦਵ ਅਤੇ ਜੇਲ੍ਹ ਮੰਤਰੀ ਹਰਜੋਤ ਬੈਂਸ, ਜੇਲ੍ਹ ਦੇ ਡਿਪਟੀ ਸੁਪਰਡੈਂਟ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਜੇਕਰ ਇਸ ਨੂੰ ਨਾ ਰੋਕਿਆ ਗਿਆ ਤਾਂ ਮੂਸੇਵਾਲਾ ਕਤਲ ਵਰਗੀ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਪਵੇਗਾ। ਗੋਲਡੀ ਨੇ ਇਹ ਧਮਕੀ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ।
ਜੋ ਬਦਲਾ ਲੈਣ ਦੀ ਗੱਲ ਕਰਦੇ ਹਨ, ਆਪਣੀ ਜਾਨ ਬਚਾਓ
ਗੋਲਡੀ ਬਰਾੜ ਨੇ ਆਪਣੀ ਪੋਸਟ ’ਚ ਇਹ ਵੀ ਕਿਹਾ ਕਿ ਜੋ ਕੋਈ ਸਾਡੀ ਵਿਰੋਧੀ ਪੋਸਟ ਪਾ ਰਿਹਾ ਹੈ ਕਿ ਅਸੀਂ ਬਦਲਾ ਲਵਾਂਗੇ। ਉਹ ਪਹਿਲਾਂ ਆਪਣੀ ਜਾਨ ਬਚਾ ਲਵੇ, ਬਾਕੀ ਬਾਅਦ ਵਿੱਚ ਵੇਖੇ। ਗੋਲਡੀ ਨੇ ਹੇਠਾਂ ਜੱਗੂ ਭਗਵਾਨਪੁਰੀਆ ਗਰੁੱਪ ਅਤੇ ਲਾਰੈਂਸ ਗਰੁੱਪ ਦਾ ਨਾਂਅ ਲਿਖਿਆ ਹੈ।
ਮੂਸੇਵਾਲਾ ਕਤਲ ਕਾਂਡ ਨੂੰ ਗੋਲਡੀ ਬਰਾੜ ਨੇ ਦਿੱਤਾ ਸੀ ਅੰਜਾਮ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ 29 ਮਈ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜਿਸ ਦੀ ਜ਼ਿੰਮੇਵਾਰੀ ਗੈਂਗਸਟਰ ਗੋਲਡੀ ਬਰਾੜ ਨੇ ਲਈ ਸੀ। ਬਰਾੜ ਨੇ ਇਸ ਨੂੰ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਦੱਸਿਆ। ਵਿੱਕੀ ਦਾ ਮੋਹਾਲੀ ਵਿੱਚ ਬੰਬੀਹਾ ਗੈਂਗ ਦੇ ਸ਼ੂਟਰ ਨੇ ਕਤਲ ਕਰ ਦਿੱਤਾ ਸੀ। ਪੰਜਾਬ ਪੁਲਿਸ ਮੁਤਾਬਕ ਲਾਰੈਂਸ ਦੇ ਕਹਿਣ ’ਤੇ ਗੋਲਡੀ ਬਰਾੜ ਨੇ ਕੈਨੇਡਾ ’ਚ ਬੈਠ ਕੇ ਮੂਸੇਵਾਲਾ ਕਤਲ ਦੀ ਸਾਰੀ ਸਾਜ਼ਿਸ਼ ਨੂੰ ਅੰਜਾਮ ਦਿੱਤਾ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ















