ਸੰਗਰੂਰ (ਗੁਰਪ੍ਰੀਤ ਸਿੰਘ)। ਸੰਗਰੂਰ ਪੁਲਿਸ ਨੇ ਇੱਕ ਕਥਿਤ ਗੈਂਗਸਟਰ ਬੀਰ ਬਹਾਦਰ ਸਿੰਘ ਉਰਫ਼ ਕਾਲਾ ਵਾਸੀ ਭਾਠੂਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ ਉਸ ਦੇ ਨਾਲ ਇੱਕ ਔਰਤ ਨੂੰ ਵੀ ਕਾਬੂ ਕੀਤਾ ਗਿਆ ਪੁਲਿਸ ਵੱਲੋਂ ਉਸ ਕੋਲੋਂ ਪਿਸਤੌਲ ਤੇ ਗੋਲੀ ਸਿੱਕਾ ਵੀ ਬਰਾਮਦ ਕਰਨ ਬਾਰੇ ਦੱਸਿਆ ਗਿਆ ਹੈ ਅੱਜ ਪੁਲਿਸ ਲਾਈਨਜ਼ ਸੰਗਰੂਰ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਐਸ.ਪੀ. (ਡੀ) ਹਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾਮੀ ਗੈਂਗਸਟਰ ਬੀਰ ਬਹਾਦਰ ਸਿੰਘ ਉਰਫ਼ ਕਾਲਾ ਵਾਸੀ ਭਾਠੂਆਂ ਵੱਲੋਂ ਆਪਣੇ ਸਾਥੀਆਂ ਬਲਕਾਰ ਸਿੰਘ ਪੀਪਲੀ ਥਾਣਾ ਮਾਨਸਾ, ਲੀਲਾ ਸਿੰਘ ਮੂਣਕ, ਸੰਦੀਪ ਮੂਣਕ ਅਤੇ ਹਰਵਿੰਦਰ ਸਿੰਘ ਵਾਸੀ ਭਾਠੂਆਂ ਅਤੇ ਇੱਕ ਔਰਤ ਸੰਗੀਤਾ ਉਰਫ਼ ਸੰਤੋਸ਼ ਨਾਲ ਸਾਜਿਸ਼ ਰਚ ਕੇ ਹਰੀਸ਼ ਕੁਮਾਰ ਵਾਸੀ ਫਰੀਦਾਬਾਦ ਨੂੰ 22 ਅਗਸਤ 2019 ਨੂੰ ਅਗ਼ਵਾ ਕਰ ਲਿਆ ਸੀ।
ਇਹ ਵੀ ਪੜ੍ਹੋ : ਚੋਰਾਂ ਨੇ ਫਿਲਮੀ ਸਟਾਇਲ ’ਚ ਗਹਿਣਿਆਂ ਦੀ ਦੁਕਾਨ ਤੋਂ ਕੀਤੀ 25 ਕਰੋੜ ਦੀ ਚੋਰੀ
ਉਸ ਦੇ ਪਰਿਵਾਰ ਕੋਲੋਂ ਇੱਕ ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ ਜਦੋਂ ਉਕਤ ਮਾਮਲੇ ਵਿੱਚ ਬੀਰ ਬਹਾਦਰ ਆਪਣੇ ਇੱਕ ਹੋਰ ਸਾਥੀ ਨਾਹਰ ਸਿੰਘ ਨਾਲ ਫਿਰੌਤੀ ਦੀ ਰਕਮ ਵਸੂਲਣ ਗਏ ਤਾਂ ਇਨ੍ਹਾਂ ਵਿੱਚੋਂ ਨਾਹਰ ਸਿੰਘ ਨੂੰ ਹਰਿਆਣਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ ਇਸ ਪਿਛੋਂ ਅਗਵਾਕਾਰਾਂ ਨੇ ਹਰੀਸ਼ ਕੁਮਾਰ ਨੂੰ ਛੱਡ ਦਿੱਤਾ ਅਤੇ ਕਥਿਤ ਦੋਸ਼ੀਆਂ ਦੇ ਖਿਲਾਫ਼ ਥਾਣਾ ਖੇੜੀਪੁਲ ਜ਼ਿਲ੍ਹਾ ਫਰੀਦਾਬਾਦ ਵਿਖੇ ਅਗਵਾ ਤੇ ਹੋਰ ਧਾਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਸੀ ਉਨ੍ਹਾਂ ਦੱਸਿਆ ਕਿ ਇਸ ਪਿੱਛੋਂ ਸੰਗਰੂਰ ਪੁਲਿਸ ਨੇ ਗਸ਼ਤ ਦੌਰਾਨ ਪਿੰਡ ਸੂਲਰ ਘਰਾਟ ਪਿੰਡ ਮੌੜਾਂ ਕੋਲੋਂ ਬੀਰ ਬਹਾਦਰ ਸਿੰਘ ਅਤੇ ਮਹਿਲਾ ਸੰਗੀਤਾ ਨੂੰ ਗ੍ਰਿਫ਼ਤਾਰ ਕਰ ਲਿਆ ਪੁਲਿਸ ਨੇ ਦਾਅਵਾ ਕੀਤਾ ਕਿ ਇਨ੍ਹਾਂ ਕੋਲੋਂ ਇੱਕ ਪਿਸਤੌਲ ਦੇਸੀ ਤੇ ਗੋਲੀ ਸਿੱਕਾ ਵੀ ਬਰਾਮਦ ਹੋਇਆ ਅਤੇ ਇਨ੍ਹਾਂ ਖਿਲਾਫ਼ ਥਾਣਾ ਛਾਜਲੀ ਵਿਖੇ ਅਸਲਾ ਐਕਟ ਤੇ ਹੋਰ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ। (Gangster Bir Bahadur)
ਉਨ੍ਹਾਂ ਦੱਸਿਆ ਕਿ ਬੀਰ ਬਹਾਦਰ ਸਿੰਘ ਉਰਫ਼ ਕਾਲਾ ਜੋ ਨਾਮੀ ਗੈਂਗਸਟਰ ਹੈ ਅਤੇ ਇਸ ਖਿਲਾਫ਼ ਹਰਿਆਣਾ ਦੇ ਨਰਵਾਣਾ, ਮਾਨਸਾ, ਮੂਣਕ, ਦਿੜ੍ਹਬਾ, ਲਹਿਰਾ, ਭਵਾਨੀਗੜ੍ਹ, ਪਟਿਆਲਾ, ਸੰਗਰੂਰ ਵਿਖੇ ਵੱਖ-ਵੱਖ ਧਾਰਾਵਾਂ ਹੇਠ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚੋਂ ਇਹ ਜ਼ਮਾਨਤ ‘ਤੇ ਬਾਹਰ ਆਇਆ ਹੋਇਆ ਸੀ ਕਥਿਤ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਕੇ ਅਦਾਲਤ ਤੋਂ ਇਸ ਦਾ ਰਿਮਾਂਡ ਹਾਸਲ ਕੀਤਾ ਗਿਆ ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਤੋਂ ਇਸ ਮਾਮਲੇ ਦੀ ਬਾਰੀਕੀ ਨਾਲ ਪੁੱਛ ਗਿੱਛ ਕੀਤੀ ਜਾਵੇਗੀ। (Gangster Bir Bahadur)