ਆਖਿਰੀ 2 ਓਵਰਾਂ ’ਚ ਭਾਰਤੀ ਗੇਂਦਾਬਾਜ਼ਾਂ ਨੇ 43 ਦੌੜਾਂ ਦਿੱਤੀਆਂ | Ruturaj Gaikwad
ਗੁਵਾਹਾਟੀ। ਰਿਤੂਰਾਜ਼ ਗਾਇਕਵਾੜ ਨੇ ਅਸਟਰੇਲੀਆ ਖਿਲਾਫ ਤੀਜੇ ਟੀ-20 ਮੈਚ ’ਚ ਤੂਫਾਨੀ ਸੈਂਕੜਾ ਜੜਿਆ। ਗਾਇਕਵਾੜ ਨੇ 57 ਗੇਂਦਾਂ ’ਚ 123 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਪਾਰੀ ’ਚ 13 ਚੌਕੇ ਅਤੇ 7 ਛੱਕੇ ਜੜੇ। ਭਾਰਤ ਲਈ ਟੀ-20 ਫਾਰਮੈਟ ’ਚ ਰਿਤੁਰਾਜ ਗਾਇਕਵਾੜ ਦਾ ਇਹ ਪਹਿਲਾ ਸੈਂਕੜਾ ਹੈ। ਇਸ ਸੈਂਕੜੇ ਨਾਲ ਰਿਤੂਰਾਜ ਗਾਇਕਵਾੜ ਨੇ ਕਈ ਰਿਕਾਰਡ ਆਪਣੇ ਨਾਂਅ ਕੀਤੇ। ਪਰ ਗਾਇਕਵਾੜ ਦੇ ਸੈਂਕੜੇ ਦੇ ਬਾਵਜ਼ੂਦ ਵੀ ਭਾਰਤ ਇਹ ਮੈਚ ਹਾਰ ਗਿਆ। (Ruturaj Gaikwad)
ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 222 ਦੌੜਾਂ ਬਣਾਇਆਂ ਸਨ, ਜਵਾਬ ’ਚ ਅਸਟਰੇਲੀਆ ਦੇ ਗਲੇਨ ਮੈਕਸਵੈੱਲ ਦਾ ਸੈਂਕੜਾ ਭਾਰੀ ਪੈ ਗਿਆ ਅਤੇ ਅਸਟਰੇਲੀਆ ਨੇ ਇਹ ਮੈਚ ਆਖਿਰੀ ਗੇਂਦ ’ਤੇ ਜਿੱਤ ਲਿਆ। ਅਸਟਰੇਲੀਆ ਵੱਲੋਂ ਮੈਕਸਵੈੱਲ ਨੇ ਤੂਫਾਨੀ ਸੈਂਕੜਾ ਜੜਿਆ। ਭਾਰਤੀ ਗੇਂਦਬਾਜ਼ਾਂ ਨੇ ਆਖਿਰੀ ਦੋ ਓਵਰਾਂ ’ਚ 43 ਦੌੜਾਂ ਦਿੱਤੀਆਂ। ਰਿਤੂਰਾਜ਼ ਗਾਇਕਵਾੜ ਟੀ-20 ਫਾਰਮੈਟ ’ਚ ਭਾਰਤ ਲਈ ਦੂਜੇ ਸਭ ਤੋਂ ਵੱਧ ਸਕੋਰਰ ਬਣ ਗਏ ਹਨ। ਭਾਰਤ ਲਈ ਇਸ ਫਾਰਮੈਟ ’ਚ ਸਭ ਤੋਂ ਜ਼ਿਆਦਾ ਵਿਅਕਤੀਗਤ ਸਕੋਰ ਸ਼ੁਭਮਨ ਗਿੱਲ ਦੇ ਨਾਂਅ ਹੈ। ਸ਼ੁਭਮਨ ਗਿੱਲ ਨੇ ਨਿਊਜੀਲੈਂਡ ਖਿਲਾਫ 126 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ। (Ruturaj Gaikwad)
ਅਸਟਰੇਲੀਆ ਖਿਲਾਫ ਟੀ-20 ’ਚ ਸੈਂਕੜਾ ਜੜਨ ਵਾਲੇ ਪਹਿਲੇ ਭਾਰਤੀ
ਰਿਤੂਰਾਜ ਗਾਇਕਵਾੜ ਦੇ ਸੈਂਕੜੇ ਦੀ ਖਾਸ ਗੱਲ ਇਹ ਰਹੀ ਕਿ ਇਸ ਬੱਲੇਬਾਜ ਨੇ ਪਹਿਲੀਆਂ 22 ਗੇਂਦਾਂ ’ਤੇ 22 ਦੌੜਾਂ ਬਣਾਈਆਂ, ਭਾਵ ਉਨ੍ਹਾਂ 100 ਦੇ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ ਪਰ ਆਖਰੀ 35 ਗੇਂਦਾਂ ’ਤੇ ਉਸ ਨੇ 101 ਦੌੜਾਂ ਬਣਾਈਆਂ। ਰਿਤੁਰਾਜ ਗਾਇਕਵਾੜ ਨੇ ਆਖਰੀ 35 ਗੇਂਦਾਂ ’ਤੇ 288.57 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ। ਇਸ ਨਾਲ ਗਾਇਕਵਾੜ ਅਸਟਰੇਲੀਆ ਖਿਲਾਫ ਟੀ-20 ਫਾਰਮੈਟ ’ਚ ਸੈਂਕੜਾ ਜੜਨ ਵਾਲੇ ਪਹਿਲੇ ਭਾਰਤੀ ਬੱਲੇਬਾਜ ਬਣੇ ਹਨ। ਇਸ ਤੋਂ ਪਹਿਲਾਂ ਨਿਊਜੀਲੈਂਡ ਦੇ ਬ੍ਰੈਂਡਨ ਮੈਕੁਲਮ, ਸ਼੍ਰੀਲੰਕਾ ਦੇ ਤਿਲਕਰਤਨੇ ਦਿਲਸ਼ਾਨ ਅਤੇ ਮਾਰਟਿਨ ਗੁਪਟਿਲ ਅਸਟਰੇਲੀਆ ਖਿਲਾਫ ਟੀ-20 ਫਾਰਮੈਟ ’ਚ ਸੈਂਕੜੇ ਲਾ ਚੁੱਕੇ ਹਨ।
ਟੀ-20 ਫਾਰਮੈਟ ’ਚ ਭਾਰਤ ਲਈ ਦੂਜਾ ਸਭ ਤੋਂ ਵੱਧ ਵਿਅਕਤੀਗਤ ਸਕੋਰ
ਭਾਰਤ ਲਈ ਟੀ-20 ਫਾਰਮੈਟ ’ਚ ਸਭ ਤੋਂ ਵੱਧ ਵਿਅਕਤੀਗਤ ਸਕੋਰ ਦਾ ਰਿਕਾਰਡ ਸ਼ੁਭਮਨ ਗਿੱਲ ਦੇ ਨਾਂਅ ਦਰਜ਼ ਹੈ। ਸ਼ੁਭਮਨ ਗਿੱਲ ਨੇ ਨਿਊਜੀਲੈਂਡ ਖਿਲਾਫ 126 ਦੌੜਾਂ ਦੀ ਪਾਰੀ ਖੇਡੀ ਸੀ। ਇਸ ਦੇ ਨਾਲ ਹੀ ਹੁਣ ਰਿਤੁਰਾਜ ਗਾਇਕਵਾੜ 123 ਦੌੜਾਂ ਬਣਾ ਕੇ ਟੀ-20 ਫਾਰਮੈਟ ’ਚ ਭਾਰਤ ਲਈ ਦੂਜੇ ਸਭ ਤੋਂ ਵੱਧ ਵਿਅਕਤੀਗਤ ਸਕੋਰਰ ਬਣ ਗਏ ਹਨ। ਇਸ ਸੂਚੀ ’ਚ ਵਿਰਾਟ ਕੋਹਲੀ ਤੀਜੇ ਨੰਬਰ ’ਤੇ ਹਨ। ਵਿਰਾਟ ਕੋਹਲੀ ਨੇ ਅਫਗਾਨਿਸਤਾਨ ਖਿਲਾਫ 122 ਦੌੜਾਂ ਦੀ ਪਾਰੀ ਖੇਡੀ ਸੀ। ਉਥੇ ਹੀ ਰੋਹਿਤ ਸ਼ਰਮਾ ਨੇ ਸਾਲ 2022 ’ਚ ਸ਼੍ਰੀਲੰਕਾ ਖਿਲਾਫ ਇੰਦੌਰ ’ਚ 118 ਦੌੜਾਂ ਬਣਾਈਆਂ ਸਨ। ਸੂਰਿਆਕੁਮਾਰ ਯਾਦਵ ਨੇ ਸਾਲ 2022 ’ਚ ਨਾਟਿੰਘਮ ’ਚ ਇੰਗਲੈਂਡ ਖਿਲਾਫ 117 ਦੌੜਾਂ ਬਣਾਈਆਂ ਸਨ। (Ruturaj Gaikwad)