ਬੰਦ ਬਜਾਰਾਂ ‘ਚ ਰਹੀ ਸੁੰਨ, ਛਿੱਟ-ਪੁੱਟ ਘਟਨਾਵਾਂ, ਆਪਸੀ ਤਕਰਾਰਬਾਜੀ ਵੀ ਹੋਈ
ਖੁਸ਼ਵੀਰ ਸਿੰਘ ਤੂਰ, ਪਟਿਆਲਾ: ਸ੍ਰੀ ਅਮਰਨਾਥ ਯਾਤਰਾ ਦੌਰਾਨ ਸ਼ਰਧਾਲੂਆਂ ‘ਤੇ ਹੋਏ ਅੱਤਵਾਦੀ ਹਮਲੇ ਦੇ ਵਿਰੋਧ ‘ਚ ਅੱਜ ਪੰਜਾਬ ਬੰਦ ਨੂੰ ਲੈ ਕੇ ਪਟਿਆਲਾ ਵਿਖੇ ਸਮੂਹ ਹਿੰਦੂ ਸੰਗਠਨ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ। ਇੱਧਰ ਕੁਝ ਨੌਜਵਾਨਾਂ ਵੱਲੋਂ ਜਬਰੀ ਦੁਕਾਨਾਂ ਬੰਦ ਕਰਵਾਉਣ ਸਮੇਂ ਛਿੱਟ-ਪੁੱਟ ਘਟਨਾਵਾਂ ਵੀ ਵਾਪਰੀਆਂ ਅਤੇ ਆਪਸੀ ਤਕਰਾਰਬਾਜੀ ਵੀ ਹੋਈ।
ਜਾਣਕਾਰੀ ਅਨੁਸਾਰ ਸਥਾਨਕ ਆਰਿਆ ਸਮਾਜ ਚੌਂਕ ਤੋਂ ਪਟਿਆਲਾ ਬੰਦ ਦੀ ਸ਼ੁਰੂਆਤ ਕੀਤੀ ਗਈ। ਪਟਿਆਲਾ ਅੰਦਰ ਹਿੰਦੂਆਂ ਦਾ ਗੜ੍ਹ ਮੰਨੇ ਜਾਣ ਵਾਲੇ ਕਈਂ ਥਾਵਾਂ ‘ਤੇ ਬਜ਼ਾਰ ਪੁਰੀ ਤਰ੍ਹਾਂ ਬੰਦ ਰਹੇ ਅਤੇ ਲੋਕਾਂ ਨੇ ਅਮਰਨਾਥ ਯਾਤਰਾ ਵਿਖੇ ਅੱਤਵਾਦੀਆਂ ਵੱਲੋਂ ਕੀਤੇ ਹਮਲੇ ਦੀ ਨਿੰਦਾ ਕੀਤੀ। ਅੱਜ ਦੇ ਇਸ ਬੰਦ ‘ਚ ਅਖਿਲ ਭਾਰਤੀਯ ਹਿੰਦੂ ਕ੍ਰਾਂਤੀ ਦਲ ਤੋਂ ਲਖਵਿੰਦਰ ਸਰੀਨ, ਸ਼ਿਵਸੇਨਾ ਹਿੰਦੂਸਤਾਨ ਤੋਂ ਪਵਨ ਗੁਪਤਾ, ਅਖਿਲ ਭਾਰਤੀਯ ਹਿੰਦੂ ਸੁਰੱਖਿਆ ਸਮਿਤੀ ਤੋਂ ਰਾਜੇਸ਼ ਕੇਹਰ, ਹਿੰਦੂ ਵੈਲਫੇਅਰ ਬੋਰਡ ਮਹੰਤ ਰਵੀਕਾਂਤ, ਸਮਾਜ ਸੇਵਾ ਸੁਸਾਇਟੀ ਤੋਂ ਰਾਜੀਵ ਦੀਕਸ਼ਿਤ, ਖੱਤਰੀ ਸਭਾ ਤੋਂ ਕੁਲਦੀਪ ਸਾਗਰ ਸਮੇਤ ਵੱਡੀ ਗਿਣਤੀ ‘ਚ ਹਿੰਦੂ ਕਾਰਕੁਨ ਸ਼ਾਮਲ ਹੋਏ।
ਇਸ ਦੌਰਾਨ ਕਈਂ ਸਕੂਲ ਵੀ ਬੰਦ ਕਰਵਾਏ ਗਏ। ਇਸ ਮੌਕੇ ਪਾਕਿਸਤਾਨ ਮੁਰਦਾਬਾਦ, ਅੱਤਵਾਦ ਮੁਰਦਾਬਾਦ ਆਦਿ ਨਾਅਰੇ ਲਗਾਏ ਗਏ। ਇਸ ਮੌਕੇ ਹਿੰਦੂ ਆਗੂ ਰਾਜ ਪਾਸੀ, ਚਰਨਜੀਤ ਚੌਹਾਨ, ਸੰਜੈ ਸ਼ਰਮਾ, ਰਾਕੇਸ਼ ਕਿੰਗਰ, ਸੰਜੈ ਸੂਦ, ਭੁਪਿੰਦਰ ਦੀਕਸ਼ਿਤ, ਬਿਨਤੀ ਗਿਰੀ, ਸੰਜੀਵ ਸ਼ਰਮਾ, ਮਨੋਜ ਕਰਨ, ਸੱਜਣ ਕੁਮਾਰ ਜੋਇਆ, ਡਿੰਪਲ, ਰਿੰਗੂ, ਸੌਰਭ ਮਹਿਤਾ, ਸੋਨੂੰ ਪੰਡਿਤ, ਮੁਕੇਸ਼ ਆਦਿ ਤੋਂ ਇਲਾਵਾ ਹੋਰ ਵੀ ਜੱਥੇਬੰਦੀਆਂ ਦੇ ਮੈਂਬਰ ਹਾਜਰ ਸਨ।
ਧੱਕੇ ਨਾਲ ਦੁਕਾਨਾਂ ਬੰਦ ਕਰਾਉਣ ਸਮੇਂ ਹੋਏ ਆਪਸੀ ਤਕਰਾਰਬਾਜੀ
ਅੱਜ ਹਿੰਦੂ ਸੰਗਠਨਾਂ ਵੱਲੋਂ ਦਿੱਤੇ ਬੰਦ ਦੇ ਸੱਦੇ ਦੌਰਾਨ ਕੁਝ ਨੌਜਵਾਨਾਂ ਵੱਲੋਂ ਜਬਰੀ ਦੁਕਾਨਾਂ ਬੰਦ ਕਰਵਾਉਣ ਦੇ ਮਾਮਲੇ ਨੂੰ ਲੈ ਕੇ ਝੜਪਾਂ ਵੀ ਹੋਈਆਂ। ਇਸ ਮੌਕੇ ਸ਼ੇਰੇ ਪੰਜਾਬ ਮਾਰਕੀਟ ਵਿਖੇ ਇੱਕ ਦੁਕਾਨ ਨੂੰ ਬੰਦ ਕਰਵਾਉਣ ਸਮੇਂ ਕਹਾਸੁਣੀ ਹੋਈ ਅਤੇ ਉਸਦੇ ਦੁਕਾਨ ਦੇ ਸ਼ੀਸੇ ਉਪਰ ਰੋੜਾ ਮਾਰ ਦਿੱਤਾ ਗਿਆ। ਇਸ ਤੋਂ ਇਲਾਵਾ ਇੱਕ ਹੇਅਰ ਕਟਿੰਗ ਦੀ ਦੁਕਾਨ ਬੰਦ ਕਰਵਾਉਣ ਮੌਕੇ ਵੀ ਉਸਦੀ ਦੁਕਾਨ ਦੇ ਬਾਹਰ ਰੋੜੇ ਆਦਿ ਮਾਰਨ ਦੀ ਘਟਨਾ ਸਾਹਮਣੇ ਆਈ ਹੈ, ਜਿਸ ‘ਤੇ ਦੁਕਾਨ ਮਾਲਕ ਵੱਲੋਂ ਧੱਕੇ ਨਾਲ ਦੁਕਾਨ ਬੰਦ ਕਰਵਾਉਣ ਦਾ ਵਿਰੋਧ ਜਤਾਇਆ ਗਿਆ ਹੈ।
ਇਸ ਤੋਂ ਇਲਾਵਾ ਇੱਕ ਸ਼ਰਾਬ ਦੇ ਠੇਕੇ ਸਮੇਤ ਹੋਰ ਦੁਕਾਨਾਂ ਨੂੰ ਵੀ ਧੱਕੇ ਨਾਲ ਬੰਦ ਕਰਵਾਉਣ ਮੌਕੇ ਆਪਸੀ ਤਕਰਾਰਬਾਜੀ ਹੋਈ। ਪੁਲਿਸ ਵੱਲੋਂ ਬੰਦ ਨੂੰ ਵੇਖਦਿਆਂ ਭਾਵੇਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ ਅਤੇ ਹੁੱਲੜਬਾਜੀ ਕਰਨ ਵਾਲੇ ਕੁਝ ਨੌਜਵਾਨਾਂ ਨੂੰ ਪੁਲਿਸ ਵੱਲੋਂ ਕਾਬੂ ਵੀ ਕੀਤਾ ਗਿਆ। ਇੱਧਰ ਹਿੰਦੂ ਸੰਗਠਨਾਂ ਦੇ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੰਦ ਦਾ ਸੱਦਾ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਰਿਹਾ ਹੈ ਅਤੇ ਕਿਸੇ ਨਾਲ ਵੀ ਧੱਕਾ ਆਦਿ ਨਹੀਂ ਕੀਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।