ਕੋਰੋਨਾ ਮਰੀਜ਼ਾਂ ਦਾ ਹੋਵੇ ਮੁਫ਼ਤ ਇਲਾਜ
ਦਿੱਲੀ ਦੀ ਆਮ ਆਦਮੀ ਪਾਰਟੀ ਤੇ ਪੰਜਾਬ ਦੀ ਕਾਂਗਰਸ ਸਰਕਾਰ ਨੇ ਕੋਰੋਨਾ ਕਾਰਨ ਮਾਰੇ ਗਏ ਵਿਆਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਪੈਨਸ਼ਨ ਤੇ ਹੋਰ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਹ ਐਲਾਨ ਠੀਕ ਹਨ ਪਰ ਇਸ ਤੋਂ ਵੀ ਜ਼ਰੂਰੀ ਹੈ ਕਿ ਕੇਂਦਰ ਤੇ ਸੂਬਾ ਸਰਕਾਰਾਂ ਮਿਲ ਕੇ ਕੋਰੋਨਾ ਪੀੜਤਾਂ ਦੇ ਮੁਫ਼ਤ ਇਲਾਜ ਦੀ ਸੁਵਿਧਾ ਦੇਣ ਜਿਹੜੇ ਮਰੀਜ਼ ਬਿਮਾਰੀ ਦੇ ਸ਼ੁਰੂਆਤੀ ਲੱਛਣਾਂ ਨੂੰ ਵੇਖ ਕੇ ਘਰ ’ਚ ਇਲਾਜ ਸ਼ੁਰੂ ਕਰਵਾ ਲੈਂਦੇ ਹਨ। ਉਹ ਤਾਂ ਭਾਰੀ ਆਰਥਿਕ ਬੋਝ ਤੋਂ ਬਚ ਜਾਂਦੇ ਹਨ ਪਰ ਜਿਹੜੇ ਮਰੀਜ਼ ਹਸਪਤਾਲ ’ਚ ਆਕਸੀਜਨ ਜਾਂ ਵੈਂਟੀਲੇਟਰ ’ਤੇ ਪਹੁੰਚ ਜਾਂਦੇ ਹਨ। ਉਹਨਾਂ ’ਤੇ ਆਰਿਥਕ ਮੁਸੀਬਤ ਦਾ ਪਹਾੜ ਟੁੱਟ ਪੈਂਦਾ ਹੈ। ਗਰੀਬ ਤਾਂ ਕੀ ਮੱਧ ਵਰਗ ਵੀ ਇੰਨੇ ਭਾਰੀ ਖਰਚ ਨੂੰ ਸਹਿਣ ਨਹੀਂ ਕਰਦਾ।
ਕੇਂਦਰ ਸਰਕਾਰ ਨੇ ਦੇਸ਼ ਭਰ ’ਚ ਆਯੂਸ਼ਮਾਨ ਸਕੀਮ ਚਲਾਈ ਹੈ, ਜਿਸ ਦੇ ਤਹਿਤ 10 ਕਰੋੜ ਪਰਿਵਾਰਾਂ ਨੂੰ 5 ਲੱਖ ਦੇ ਮੈਡੀਕਲ ਬੀਮੇ ਦੀ ਸਹੂਲਤ ਦਿੱਤੀ ਹੈ। ਜਿੱਥੋਂ ਤੱਕ ਮਹਾਂਮਾਰੀ ਦਾ ਸਬੰਧ ਹੈ ਕੇਂਦਰ ਸਰਕਾਰ ਨੂੰ ਹਰ ਕੋਰੋਨਾ ਮਰੀਜ਼ ਦਾ ਇਲਾਜ ਮੁਫ਼ਤ ਕਰਨਾ ਚਾਹੀਦਾ ਹੈ। ਕਿਉਂਕਿ ਮਹਾਂਮਾਰੀ ਕਿਸੇ ਇੱਕ ਵਿਅਕਤੀ ਜਾਂ ਸ਼ਹਿਰ ਦੀ ਸਮੱਸਿਆ ਨਹੀਂ ਇਹ ਪੂਰੇ ਦੇਸ਼ ਦੀ ਸਮੱਸਿਆ ਹੈ ਜੇਕਰ ਇਲਾਜ ਮੁਫ਼ਤ ਹੋਵੇਗਾ ਤਾਂ ਲੋਕ ਟੈਸਟ ਕਰਾਉਣ ਜਾਂ ਹਸਪਤਾਲ ਭਰਤੀ ਹੋਣ ਤੋਂ ਸੰਕੋਚ ਨਹੀਂ ਕਰਨਗੇ ।
ਮੱਧ ਵਰਗ ਦਾ ਵੱਡਾ ਹਿੱਸਾ ਤੇ ਗਰੀਬ ਵਰਗ ਹਸਪਤਾਲ ਦੇ ਖਰਚਿਆਂ ਨੂੰ ਸਹਿਣ ਕਰਨ ਦੇ ਸਮਰੱਥ ਨਹੀਂ। ਖਾਸ ਕਰ ਨਿੱਜੀ ਹਸਪਤਾਲਾਂ ਦਾ ਖਰਚਾ ਸਹਿਣ ਕਰਨਾ ਹੋਰ ਵੀ ਔਖਾ ਹੈ। ਰੋਜ਼ਾਨਾ ਹੀ ਕੁਝ ਨਿੱਜੀ ਹਸਪਤਾਲਾਂ ਵੱਲੋਂ ਮਰੀਜ਼ਾਂ ਦੀ ਲੁੱਟ-ਖਸੁੱਟ ਦੀਆਂ ਖ਼ਬਰਾਂ ਆਉਂਦੀਆਂ ਹਨ ਜੇਕਰ ਇਲਾਜ ਮੁਫ਼ਤ ਹੋਵੇ ਤਾਂ ਬਹੁਤ ਸਾਰੇ ਵਿਵਾਦ ਵੀ ਖ਼ਤਮ ਹੋਣਗੇ ਤੇ ਮਰੀਜ਼ ਬੇਝਿਜਕ ਹੋ ਕੇ ਇਲਾਜ ਕਰਵਾਉਣਗੇ। ਇਸ ਦੇ ਨਾਲ ਹੀ ਵੈਕਸੀਨ ਵੀ ਮੁਫ਼ਤ ਹੋਣੀ ਚਾਹੀਦੀ ਹੈ। ਪ੍ਰਾਈਵੇਟ ਹਸਪਤਾਲਾਂ ਨੂੰ ਦਿੱਤੀ ਜਾਣ ਵਾਲੀ ਵੈਕਸੀਨ ਦਾ ਖਰਚਾ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਮਿਲ ਕੇ ਚੁੱਕਣਾ ਚਾਹੀਦਾ ਹੈ।
ਦੇਸ਼ ਇੱਕ ਹੈ ਤੇ ਸਾਰੇ ਨਾਗਰਿਕ ਇੱਕ ਹੀ ਮੁਲਕ ਦੇ ਹਨ। ਇਸ ਮਾਮਲੇ ’ਚ ਨਾਗਰਿਕਾਂ ਨੂੰ ਸਿਰਫ਼ ਸੂਬਿਆਂ ਦੀਆਂ ਸਰਕਾਰਾਂ ਦੇ ਆਸਰੇ ਨਹੀਂ ਛੱਡਣਾ ਚਾਹੀਦਾ। ਵੈਕਸੀਨ ਕੇਂਦਰ ਸਰਕਾਰ ਵੱਲੋਂ ਹੀ ਮੁਫ਼ਤ ਹੋਣੀ ਚਾਹੀਦੀ ਹੈ ਤਾਂ ਕਿ ਇਹ ਕੋਰੋਨਾ ਖਿਲਾਫ਼ ਲੜਾਈ ਰਾਸ਼ਟਰੀ ਭਾਵਨਾ ਨਾਲ ਲੜੀ ਜਾ ਸਕ। ਮਰੀਜ਼ ਦਾ ਜ਼ਰੂਰਤ ਪੈਣ ’ਤੇ ਹਸਪਤਾਲ ਜਾਣਾ ਕੋਰੋਨਾ ਨਾਲ ਲੜਾਈ ਦਾ ਇੱਕ ਅਹਿਮ ਪੜਾਅ ਹੈ। ਕੇਂਦਰ ਤੇ ਸੂਬਾ ਸਰਕਾਰਾਂ ਨੂੰ ਗੱਲ ’ਤੇ ਗੌਰ ਕਰਨ ਦੀ ਸਖ਼ਤ ਜ਼ਰੂਰਤ ਹੈ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।