Free Bus Travel for Women: ਪੀਆਰਟੀਸੀ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਅਜੇ ਤੱਕ ਨਸੀਬ ਨਹੀਂ ਹੋਈ ਤਨਖ਼ਾਹ ਤੇ ਪੈਨਸ਼ਨ
- ਔਰਤਾਂ ਦੇ ਮੁਫਤ ਬੱਸ ਸਫ਼ਰ ਦਾ ਸਰਕਾਰ ਵੱਲ 450 ਕਰੋੜ ਰੁਪਏ ਬਕਾਇਆ
Free Bus Travel for Women: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੀਆਰਟੀਸੀ ਨੂੰ ਔਰਤਾਂ ਦੇ ਮੁਫ਼ਤ ਬੱਸ ਸਫ਼ਰ ਨੇ ਖੰੁਗਲ ਬਣਾ ਕੇ ਰੱਖ ਦਿੱਤਾ ਹੈ। ਆਲਮ ਇਹ ਹੈ ਕਿ ਦੀਵਾਲੀ ਦਾ ਤਿਉਹਾਰ ਸਿਰ ’ਤੇ ਹੈ ਪਰ ਅਜੇ ਤੱਕ ਮੁਲਾਜ਼ਮਾਂ ਨੂੰ ਆਪਣੀ ਤਨਖਾਹ ਨਸੀਬ ਨਹੀਂ ਹੋਈ, ਉੱਪਰੋਂ ਪੈਨਸ਼ਨਰ ਵੀ ਤੱਤੇ ਹੋਏ ਫ਼ਿਰਦੇ ਹਨ। ਪੈਨਸ਼ਨਰਜ਼ ਵੱਲੋਂ ਤਾਂ ਇੱਥੋਂ ਤੱਕ ਆਖ ਦਿੱਤਾ ਹੈ ਕਿ ਔਰਤਾਂ ਦੀ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਨੂੰ ਸਰਕਾਰ ਵੱਲੋਂ ਬੰਦ ਕਰ ਦੇਣਾ ਚਾਹੀਦਾ ਹੈ। ਅਜਿਹੇ ਮੁਫ਼ਤ ਬੱਸ ਸਫ਼ਰ ਦਾ ਕੀ ਫਾਇਦਾ ਜਦੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਸਮੇਂ ਸਿਰ ਨਾ ਤਨਖਾਹ ਮਿਲੇ ਅਤੇ ਨਾ ਹੀ ਪੈਨਸ਼ਨ।
ਜਾਣਕਾਰੀ ਮੁਤਾਬਿਕ ਪੀਆਰਟੀਸੀ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਦੀਵਾਲੀ ਦਾ ਤਿਉਹਾਰ ਫਿੱਕਾ ਪੈਂਦਾ ਨਜ਼ਰ ਆ ਰਿਹਾ ਹੈ ਅਤੇ ਉਹ ਸਤੰਬਰ ਮਹੀਨੇ ਦੀ ਤਨਖਾਹ ਤੇ ਪੈਨਸ਼ਨ ਦੀ ਉਡੀਕ ਵਿੱਚ ਹਨ। ਪੀਆਰਟੀਸੀ ਦਾ ਸਰਕਾਰ ਵੱਲ ਮੁਫ਼ਤ ਬੱਸ ਸਫ਼ਰ ਦਾ 450 ਕਰੋੜ ਰੁਪਏ ਬਕਾਇਆ ਹੋ ਗਿਆ ਹੈ ਅਤੇ ਸਰਕਾਰ ਵੱਲੋਂ ਪੀਆਰਟੀਸੀ ਨੂੰ ਮੁਫ਼ਤ ਬੱਸ ਸਫ਼ਰ ਦਾ ਭੁਗਤਾਨ ਕਰਨ ਵਿੱਚ ਲਗਾਤਾਰ ਦੇਰੀ ਕੀਤੀ ਜਾ ਰਹੀ ਹੈ। ਪੀਆਰਟੀਸੀ ਨੂੰ ਔਰਤਾਂ ਦਾ ਰੋਜ਼ਾਨਾ ਮੁਫ਼ਤ ਸਫ਼ਰ ਹੀ ਸਵਾ ਕਰੋੜ ਤੋਂ ਵੱਧ ਢੁਕ ਰਿਹਾ ਹੈ। ਪੀਆਰਟੀਸੀ ਦੀ ਰੋਜ਼ਾਨਾਂ ਦੀ ਕੁੱਲ ਆਮਦਨ 2 ਕਰੋੜ 40 ਲੱਖ ਦੇ ਕਰੀਬ ਹੈ, ਜਿਸ ਵਿੱਚੋਂ ਅੱਧਾ ਤਾਂ ਮੁਫ਼ਤ ਬੱਸ ਸਫ਼ਰ ਦੇ ਲੇਖੇ ਲੱਗ ਰਿਹਾ ਹੈ।
ਪੀਆਰਟੀਸੀ ਦਾ ਰੋਜ਼ਾਨਾ ਦਾ ਡੀਜ਼ਲ ਖਰਚਾ 85 ਲੱਖ ਰੁਪਏ ਦਾ ਹੈ। ਪੀਆਰਟੀਸੀ ਦੀ ਹਾਲਤ ਇੱਥੋਂ ਤੱਕ ਖਸਤਾ ਹੋਈ ਪਈ ਹੈ ਕਿ ਵਰਕਸ਼ਾਪਾਂ ਵਿੱਚ ਬੱਸਾਂ ਲਈ ਸੰਦ ਵੀ ਖਤਮ ਹੋਏ ਪਏ ਹਨ ਅਤੇ ਬੱਸਾਂ ਦੇ ਸਟਾਫ਼ ਵੱਲੋਂ ਆਪਣੇ ਵੱਲੋਂ ਖਰਚਾ ਕਰਕੇ ਲਾਰੀਆਂ ਨੂੰ ਤੋਰਿਆ ਜਾ ਰਿਹਾ ਹੈ। ਪੀਆਰਟੀਸੀ ਦਾ ਤਨਖਾਹਾਂ ਅਤੇ ਪੈਨਸ਼ਨਰਾਂ ਉੱਪਰ ਆਏ ਮਹੀਨੇ 30 ਕਰੋੜ ਤੋਂ ਵੱਧ ਖਰਚ ਹੋ ਰਿਹਾ ਹੈ। ਸਰਕਾਰ ਵੱਲੋਂ ਅਜੇ ਪੀਆਰਟੀਸੀ ਨੂੰ ਰਾਸ਼ੀ ਜਾਰੀ ਨਹੀਂ ਕੀਤੀ ਗਈ, ਜਿਸ ਕਾਰਨ ਹੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।
Free Bus Travel for Women
ਪੀਆਰਟੀਸੀ ਪੈਨਸ਼ਨਰਜ਼ ਐਸੋਸੀਏਸ਼ਨ ਦੀ ਕੇਂਦਰੀ ਬਾਡੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਦਾ ਕਹਿਣਾ ਹੈ ਕਿ 15 ਅਕਤੂਬਰ ਹੋਣ ਦੇ ਬਾਵਜੂਦ ਸਤੰਬਰ ਮਹੀਨੇ ਦੀ ਪੈਨਸ਼ਨ ਅਜੇ ਤੱਕ ਨਾ ਪੈਣ ਅਤੇ ਰਹਿੰਦੇ ਬਕਾਇਆਂ 2016 ਦੇ ਪੇ ਕਮਿਸ਼ਨ ਦੇ ਮੈਡੀਕਲ ਬਿੱਲਾਂ ਦੇ ਅਤੇ ਹੋਰ ਬਕਾਇਆ ਦੀ ਅਦਾਇਗੀ ਨਾ ਹੋਣ ਕਾਰਨ ਉਨ੍ਹਾਂ ਦਾ ਦੀਵਾਲੀ ਦਾ ਤਿਉਹਾਰ ਫਿੱਕਾ ਪੈ ਰਿਹਾ ਹੈ। ਹਰ ਮਹੀਨੇ ਪੈਨਸ਼ਨ ਲੈਣ ਲਈ ਤਰਲੇ ਕਰਨੇ ਪੈਂਦੇ ਹਨ।
Read Also : ਸ਼ਹਿਣਾ ‘ਚ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ
ਸਰਕਾਰ ਵੱਲੋਂ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਲਈ ਕੇਵਲ 450 ਕਰੋੜ ਰੁਪਏ ਰੱਖੇ ਹਨ। ਉਨ੍ਹਾਂ ਰੋਸ ਜਿਤਾਇਆ ਕਿ 80-90 ਹਜਾਰ ਤਨਖਾਹ ਲੈਣ ਵਾਲੀਆਂ ਔਰਤਾਂ ਦਾ ਕਿਰਾਇਆ ਮੁਆਫ ਕੀਤਾ ਗਿਆ ਹੈ ਜਦਕਿ ਸਾਡੀ ਪੈਨਸ਼ਨ ਤੇ ਬਕਾਏ ਰੋਕੇ ਜਾ ਰਹੇ ਹਨ। ਮੁਫ਼ਤ ਸਫ਼ਰ ਸਹੂਲਤ ਨਾਲ ਅਦਾਰੇ ਨੂੰ ਮਹੀਨੇ ਦਾ 40 ਕਰੋੜ ਤੋਂ ਵੱਧ ਦਾ ਨੁਕਸਾਨ ਹੁੰਦਾ ਹੈ। ਇਸੇ ਲਈ ਅਜਿਹੇ ਮੁਫਤ ਬੱਸ ਸਫ਼ਰ ਨੂੰ ਬੰਦ ਕਰ ਦੇਣਾ ਚਾਹੀਦਾ ਹੈ।
ਪੀਆਰਟੀਸੀ ਦੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਦੀਵਾਲੀ ਦੇ ਤਿਉਹਾਰ ਦੇ ਮੱਦੇ ਨਜ਼ਰ ਸਰਕਾਰ ਨੂੰ ਪਹਿਲਾਂ ਪੈਸਾ ਦੇਣਾ ਚਾਹੀਦਾ ਸੀ ਤਾਂ ਜੋ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹ ਮਿਲ ਸਕੇ। ਪੀਆਰਟੀਸੀ ਦੇ ਇੱਕ ਅਧਿਕਾਰੀ ਦਾ ਕਹਿਣਾ ਸੀ ਕਿ ਸਮੇਂ ਸਿਰ ਸਰਕਾਰ ਨੂੰ ਮੁਫਤ ਬੱਸ ਸਫ਼ਰ ਦੇ ਬਿੱਲ ਜਮ੍ਹਾਂ ਕਰਵਾ ਦਿੱਤੇ ਜਾਂਦੇ ਹਨ ਪਰ ਹਰ ਵਾਰ ਬਕਾਇਆ ਰਾਸੀ ਸਮੇਂ ਸਿਰ ਨਹੀਂ ਮਿਲਦੀ।
ਜਲਦ ਮਿਲਣਗੀਆਂ ਤਨਖਾਹਾਂ ਤੇ ਪੈਨਸ਼ਨਾਂ : ਚੇਅਰਮੈਨ ਹਡਾਣਾ
ਇਸ ਸਬੰਧੀ ਜਦੋਂ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅੱਜ ਕੱਲ੍ਹ ’ਚ ਹੀ ਤਨਖਾਹ ਜਾਰੀ ਹੋ ਜਾਵੇਗੀ। ਉਹਨਾਂ ਕਿਹਾ ਕਿ ਕਿਸੇ ਟੈਕਨੀਕਲ ਇਸ਼ੂ ਕਾਰਨ ਉੱਪਰੋਂ ਰਾਸ਼ੀ ਲੇਟ ਹੋਈ ਹੈ। ਉਹਨਾਂ ਕਿਹਾ ਕਿ ਤਿਉਹਾਰਾਂ ਦੇ ਦਿਨ ਹਨ ਜਲਦੀ ਹੀ ਤਨਖਾਹਾਂ ਤੇ ਪੈਨਸ਼ਨਾਂ ਜਾਰੀ ਹੋ ਜਾਣਗੀਆਂ।