ਪੁਲਿਸ ’ਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ 5 ਲੱਖ ਦੀ ਮਾਰੀ ਠੱਗੀ, ਸਿਪਾਹੀ ਸਮੇਤ ਦੋ ਵਿਰੁੱਧ ਮਾਮਲਾ ਦਰਜ਼

Case of Fraud

ਲੁਧਿਆਣਾ (ਜਸਵੀਰ ਸਿੰਘ ਗਹਿਲ)। ਪੰਜਾਬ ਪੁਲਿਸ ਮਹਿਕਮੇ ਵਿੱਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਸਿਪਾਹੀ ਨੇ ਸਾਥੀ ਨਾਲ ਮਿਲ ਕੇ ਇੱਕ ਵਿਅਕਤੀ ਪਾਸੋਂ 5 ਲੱਖ ਰੁਪਏ ਹੜੱਪ ਲਏ। ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਮਾਮਲਾ ਦਰਜ਼ ਕਰਕੇ ਪੜਤਾਲ ਆਰੰਭ ਦਿੱਤੀ ਹੈ। ਸ਼ਿਕਾਇਤਕਰਤਾ ਜਰਨੈਲ ਸਿੰਘ ਵਾਸੀ ਗੋਬਿੰਦਗੜ ਨੇ ਦੱਸਿਆ ਕਿ ਸੀਨੀਅਰ ਸਿਪਾਹੀ ਰਾਮ ਗੋਪਾਲ ਨੰਬਰ 13- 452 ਪੁੱਤਰ ਰਜਿੰਦਰ ਕੁਮਾਰ ਵਾਸੀ ਪਿੰਡ ਪਜੇਟਾ ਅਤੇ ਕਰਮਜੀਤ ਸਿੰਘ ਪੁੱਤਰ ਰਾਮ ਦਾਸ ਵਾਸੀ ਬਿਲਾਸਪੁਰ ਨੇ ਹਮ ਮਸ਼ਵਰਾ ਹੋ ਕੇ ਉਸਦੇ ਲੜਕੇ ਨੂੰ ਪੰਜਾਬ ਪੁਲਿਸ ਮਹਿਕਮੇ ’ਚ ਭਰਤੀ ਕਰਵਾਉਣ ਦਾ ਝਾਂਸਾ ਦਿੱਤਾ।

ਇਸ ਦੇ ਲਈ ਉਕਤਾਨ ਦੋਵਾਂ ਨੇ ਉਨਾਂ ਪਾਸੋਂ ਵੱਖ ਵੱਖ ਤਰੀਕਾਂ ਨੂੰ 5 ਲੱਖ ਰੁਪਏ ਹਾਸਲ ਕਰ ਲਏ ਪਰ ਉਨਾਂ ਦੇ ਲੜਕੇ ਨੂੰ ਪੁਲਿਸ ਵਿੱਚ ਭਰਤੀ ਨਹੀਂ ਕਰਵਾਇਆ ਤੇ ਨਾ ਹੀ ਉਨਾਂ ਦੇ ਪੈਸੇ ਵਾਪਸ ਕੀਤੇ। ਪੀੜਤ ਨੇ ਦੱਸਿਆ ਕਿ ਉਕਤ ਨੇ ਅਜਿਹਾ ਕਰਕੇ ਉਨਾਂ ਨਾਲ ਧੋਖਾਧੜੀ ਕੀਤੀ ਹੈ। ਇਸ ਲਈ ਮਾਮਲਾ ਦਰਜ਼ ਕਰਕੇ ਦੋਵਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸਹਾਇਕ ਥਾਣੇਦਾਰ ਦਲਬੀਰ ਸਿੰਘ ਦਾ ਕਹਿਣਾ ਹੈ ਕਿ ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਸ਼ਿਕਾਇਤਕਰਤਾ ਜਰਨੈਲ ਸਿੰਘ ਦੇ ਬਿਆਨਾਂ ’ਤੇ ਉਕਤ ਦੋਵਾਂ ਵਿਰੁੱਧ ਮਾਮਲਾ ਦਰਜ਼ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਮੌਸਮ : IMD ਨੇ ਜਾਰੀ ਕੀਤਾ ਅਲਰਟ, ਕਿਨੇ ਦਿਨਾਂ ਤੱਕ ਪਵੇਗਾ ਮੀਂਹ