ਸਾਡੇ ਨਾਲ ਸ਼ਾਮਲ

Follow us

10 C
Chandigarh
Thursday, January 22, 2026
More
    Home Breaking News ਸੰਗਰੂਰ ਦੇ ਸਾਬ...

    ਸੰਗਰੂਰ ਦੇ ਸਾਬਕਾ ਐਸ.ਐਸ.ਪੀ. ਸਣੇ ਚਾਰ ਅਧਿਕਾਰੀਆਂ ਖ਼ਿਲਾਫ਼ ਹੋਵੇਗੀ ਵਿਜੀਲੈਂਸ ਜਾਂਚ

    Vigilance Bureau

    ਚੰਡੀਗੜ੍ਹ (ਅਸ਼ਵਨੀ ਚਾਵਲਾ) । ਕਿਸਾਨਾਂ ਪਾਸੋਂ ਜ਼ਬਰੀ ਵਸੂਲੀ ਕਰਨ ਦੇ ਦੋਸ਼ਾਂ ਵਿੱਚ ਘਿਰੇ ਸੰਗਰੂਰ ਦੇ ਸਾਬਕਾ ਪੁਲਿਸ ਮੁਖੀ ਇੰਦਰਬੀਰ ਸਿੰਘ ਸਮੇਤ ਪੰਜ ਪੁਲਿਸ ਅਧਿਕਾਰੀਆਂ ਖ਼ਿਲਾਫ਼ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵਿਜ਼ੀਲੈਂਸ ਜਾਂਚ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਨ੍ਹਾਂ ਆਦੇਸ਼ਾਂ ਤੋਂ ਤੁਰੰਤ ਬਾਅਦ ਸਾਰੇ ਪੁਲਿਸ ਅਧਿਕਾਰੀਆਂ ਨੂੰ ਜਾਂਚ ਮੁਕੰਮਲ ਹੋਣ ਤੱਕ ਪੁਲਿਸ ਲਾਈਨ ‘ਚ ਬਦਲਣ ਦੇ ਹੁਕਮ ਵੀ ਜਾਰੀ ਕੀਤੇ ਹਨ। ਇਨਾਂ ਪੁਲਿਸ ਅਧਿਕਾਰੀਆਂ ਨੂੰ ਪੈਸੇ ਦੇਣ ਲਈ ਕਿਸਾਨਾਂ ਦੇ ਪਰਿਵਾਰਾਂ ਨੂੰ ਆਪਣੀ ਜ਼ਮੀਨ ਵੇਚਣੀ ਪਈ ਸੀ। ਜਿਸ ਤੋਂ ਬਾਅਦ ਇਨਾਂ ਕਿਸਾਨਾਂ ਨੇ ਪੁਲਿਸ ਅਧਿਕਾਰੀਆਂ ਦੇ ਨਾਂਵਾਂ ਦਾ ਖ਼ੁਲਾਸਾ ਤਾਂ ਕਰ ਦਿੱਤਾ ਪਰ ਹੁਣ ਇਹ ਕਿਸਾਨ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ। ਜਿਸ ਨੂੰ ਦੇਖਦੇ ਹੋਏ ਮੁੱਖ ਮੰਤਰੀ ਨੇ ਸਬੰਧਿਤ ਅਧਿਕਾਰੀਆਂ ਨੂੰ ਕਿਸਾਨਾਂ ਦੀ ਹਿਫ਼ਾਜ਼ਤ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।

    ਮੁੱਖ ਮੰਤਰੀ ਨੇ ਇਹ ਹੁਕਮ ਮੁੱਢਲੀ ਜਾਂਚ ਉਪਰੰਤ ਦਿੱਤੇ ਹਨ ਜਿਸ ਵਿੱਚ ਸੰਗਰੂਰ ਦੇ ਸਾਬਕਾ ਪੁਲੀਸ ਮੁਖੀ ਇੰਦਰਬੀਰ ਸਿੰਘ ਅਤੇ ਇਕ ਡੀ.ਐਸ.ਪੀ. ਸਮੇਤ ਚਾਰ ਪੁਲੀਸ ਅਧਿਕਾਰੀਆਂ ਦੀ ਦੋ ਕਿਸਾਨਾਂ ਨੂੰ ਕਤਲ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ ਉਨ੍ਹਾਂ ਪਾਸੋਂ ਵਸੂਲੀ ਲੈਣ ਵਿੱਚ ਸ਼ਮੂਲੀਅਤ ਦਾ ਜ਼ਿਕਰ ਕੀਤਾ ਗਿਆ ਹੈ। ਸੰਗਰੂਰ ਦੇ ਜ਼ਿਲਾ ਪੁਲੀਸ ਮੁਖੀ ਨੇ ਇਸ ਮਾਮਲੇ ਵਿੱਚ ਐਫ.ਆਈ.ਆਰ. ਅਤੇ ਵਿਜੀਲੈਂਸ ਬਿਊਰੋ ਪਾਸੋਂ ਜਾਂਚ ਕਰਵਾਉਣ ਦੀ ਸਿਫਾਰਸ਼ ਕੀਤੀ ਹੈ।

    ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਸੀਨੀਅਰ ਅਧਿਕਾਰੀਆਂ ਨੂੰ ਢੁਕਵੇਂ ਕਦਮ ਚੁੱਕਣ ਦੀ ਹਦਾਇਤ ਕੀਤੀ ਹੈ ਤਾਂ ਕਿ ਇਸ ਮਾਮਲੇ ਨੂੰ ਕਾਨੂੰਨੀ ਤਹਿ ਤੱਕ ਲਿਜਾਉਣ ਲਈ ਯਕੀਨੀ ਬਣਾਇਆ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਜੇਕਰ ਕੋਈ ਅਧਿਕਾਰੀ ਕਿਸੇ ਕਿਸਮ ਦੀ ਅਣਗਹਿਲੀ ਜਾਂ ਸਾਜ਼ਿਸ਼ ਦਾ ਜ਼ਿੰਮੇਵਾਰ ਨਾ ਪਾਇਆ ਗਿਆ ਤਾਂ ਉਸ ਨੂੰ ਸਾਫ ਬਰੀ ਕੀਤਾ ਜਾਵੇਗਾ।

    ਰਿਪੋਰਟ ਮੁਤਾਬਕ ਦਵਿੰਦਰ ਸਿੰਘ ਉਰਫ ਬਬਲੀ ਰੰਧਾਵਾ ਦੀ ਅਗਵਾਈ ਵਿੱਚ ਪੰਜ ਗੈਂਗਸਟਰਾਂ ਨੇ ਫਰਵਰੀ ਮਹੀਨੇ ਵਿੱਚ 25 ਸਾਲਾ ਫਾਈਨਾਂਸਰ ਹਰਦੇਵ ਸਿੰਘ ਦੀ ਹੱਤਿਆ ਕਰ ਦਿੱਤੀ ਸੀ। ਇਸ ਘਟਨਾ ਮਗਰੋਂ ਉਨਾਂ ਨੇ ਕਤਲ ਦਾ ਜਸ਼ਨ ਮਨਾਉਂਦਿਆਂ ਦੀ ਵੀਡੀਓ ਵੀ ਅਪਲੋਡ ਕੀਤੀ ਸੀ। ਪਿੰਡ ਕੋਟਰਾ ਅਮਰੂ ਦੇ ਧਨਵੰਤ ਸਿੰਘ ਅਤੇ ਪਿੰਡ ਧੁੱਗਾ ਦੇ ਹਰਜਿੰਦਰ ਸਿੰਘ ਨੇ ਦੋਸ਼ ਲਾਏ ਸਨ ਕਿ ਉਨਾਂ ਨੂੰ ਗੈਰ-ਕਾਨੂੰਨੀ ਹਿਰਾਸਤ ਵਿੱਚ ਰੱਖਿਆ ਗਿਆ ਕਿਉਂਕਿ ਉਹ ਰੰਧਾਵਾ ਨੂੰ ਗੈਂਗਸਟਰ ਬਣਨ ਤੋਂ ਪਹਿਲਾਂ ਜਾਣਦੇ ਸਨ। ਕਿਸਾਨਾਂ ਨੇ ਦੋਸ਼ ਲਾਇਆ ਕਿ ਪੁਲੀਸ ਨੇ ਉਨਾਂ ਦੇ ਪਰਿਵਾਰਾਂ ਤੋਂ ਵਸੂਲੀ ਹਾਸਲ ਕੀਤੀ।

    ਕਿਸਾਨਾਂ ਨੇ ਹੋਰ ਪਰੇਸ਼ਾਨੀ ਹੋਣ ਦੇ ਡਰੋ ਸੁਰੱਖਿਆ ਦੀ ਮੰਗ ਕੀਤੀ ਹੈ। ਸੰਗਰੂਰ ਦੇ ਜ਼ਿਲਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਵੱਲੋਂ ਪਟਿਆਲਾ ਜ਼ੋਨ ਦੇ ਆਈ.ਜੀ. ਏ.ਐਸ.ਰਾਏ ਅਤੇ ਡੀ.ਆਈ.ਜੀ ਸੁਖਚੈਨ ਸਿੰਘ ਗਿੱਲ ਨੂੰ ਭੇਜੀ ਮੁੱਢਲੀ ਜਾਂਚ ਰਿਪੋਰਟ ਦਾ ਸਖ਼ਤ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਇਹ ਹੁਕਮ ਜਾਰੀ ਕੀਤੇ। ਇਸ ਰਿਪੋਰਟ ਵਿੱਚ ਸ੍ਰੀ ਸਿੱਧੂ ਨੇ ਸੰਗਰੂਰ ਦੇ ਸਾਬਕਾ ਪੁਲੀਸ ਮੁਖੀ ਇੰਦਰਬੀਰ ਸਿੰਘ, ਸੁਨਾਮ ਦੇ ਡੀ.ਐਸ.ਪੀ ਜਸ਼ਨਦੀਪ ਗਿੱਲ, ਲੌਂਗੋਵਾਲ ਥਾਣੇ ਦੇ ਮੁਖੀ ਇੰਸਪੈਕਟਰ ਸਿਕੰਦਰ ਸਿੰਘ, ਸੰਗਰੂਰ ਸਿਟੀ ਪੁਲੀਸ ਪੋਸਟ ਦੇ ਇਨਚਾਰਜ ਏ.ਐਸ.ਆਈ ਬਲਜਿੰਦਰ ਸਿੰਘ ਅਤੇ ਬਡਰੁੱਖਾਂ ਪੋਸਟ ਦੇ ਇਨਚਾਰਜ ਏ.ਐਸ.ਆਈ. ਗੁਰਮੇਲ ਸਿੰਘ ਦੇ ਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ।

    ਸੰਗਰੂਰ ਦੇ ਸਾਬਕਾ ਐਸ.ਐਸ.ਪੀ. ਇੰਦਰਬੀਰ ਸਿੰਘ ਦਾ ਨਾਂਅ ਚੰਡੀਗੜ੍ਹ ‘ਚ ਬਤੌਰ ਐਸ.ਐਸ.ਪੀ. ਤੈਨਾਤ ਕਰਨ ਲਈ ਪੰਜਾਬ ਸਰਕਾਰ ਨੇ ਪੈਨਲ ਵਿੱਚ ਭੇਜਿਆ ਹੋਇਆ ਸੀ। ਇਸ 3 ਮੈਂਬਰੀ ਆਈ.ਪੀ.ਐਸ. ਅਧਿਕਾਰੀਆਂ ਦੇ ਪੈਨਲ ‘ਚ ਇੰਦਰਬੀਰ ਸਿੰਘ ਦਾ ਨਾਂਅ ਲਗਭਗ ਫਾਈਨਲ ਕਰਕੇ ਚੰਡੀਗੜ੍ਹ ਪ੍ਰਸ਼ਾਸਨ ਨੇ ਦਿੱਲੀ ਗ੍ਰਹਿ ਮੰਤਰਾਲੇ ਨੂੰ ਵੀ ਫਾਈਲ ਭੇਜ ਦਿੱਤੀ ਸੀ, ਹੁਣ ਉਨ੍ਹਾਂ ‘ਤੇ ਜ਼ਬਰੀ ਵਸੂਲੀ ਦੇ ਦੋਸ਼ ਲੱਗਣ ਤੋਂ ਬਾਅਦ ਮੁੱਖ ਮੰਤਰੀ ਨੇ ਉਨ੍ਹਾਂ ਦਾ ਨਾਂਅ ਚੰਡੀਗੜ੍ਹ ਦੇ ਐੱਸ.ਐਸ.ਪੀ. ਵਾਲੇ ਪੈਨਲ ਤੋਂ ਹਟਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here