ਰੈਲੀ ਦੌਰਾਨ ਪਾਕਿ ਦੇ ਸਾਬਕਾ ਪੀਐਮ ਇਮਰਾਨ ਖਾਨ ਦੇ ਲੱਤ ‘ਤੇ ਵੱਜੀ ਗੋਲੀ, ਹਸਪਤਾਲ ’ਚ ਭਰਤੀ

(ਪਾਕਿਸਤਾਨ) ਵਜ਼ੀਰਾਬਾਦ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਦੀ ਰੈਲੀ ‘ਚ ਗੋਲੀਬਾਰੀ ਦੀ ਖਬਰ ਹੈ। ਪਾਕਿ ਮੀਡੀਆ ਦੀ ਰਿਪੋਰਟ ਮੁਤਾਬਕ ਗੋਲੀਬਾਰੀ ‘ਚ ਇਮਰਾਨ ਸਮੇਤ ਘੱਟੋ-ਘੱਟ 4 ਲੋਕ ਜ਼ਖਮੀ ਹੋ ਗਏ ਹਨ। ਇਮਰਾਨ ਦੀ ਸੱਜੀ ਲੱਤ ਵਿੱਚ ਗੋਲੀ ਲੱਗੀ ਹੈ। ਉਹਨਾਂ ਨੂੰ ਜਖਮੀ ਹਾਲਤ ’ਚ ਤੁਰੰਤ ਹਸਪਤਾਲ ਭੇਜ ਦਿੱਤਾ ਗਿਆ ਹੈ। ਉਨਾਂ ਦੀ ਹਾਲਤ ਸਥਿਰ ਹੈ। ਇਸ ਘਟਨਾ ‘ਚ ਇਮਰਾਨ ਦੇ ਇਕ ਸੰਸਦ ਮੈਂਬਰ ਫੈਜ਼ਲ ਜਾਵੇਦ ਸਮੇਤ ਚਾਰ ਸਮਰਥਕ ਜ਼ਖਮੀ ਹੋ ਗਏ। ਅਣਪਛਾਤੇ ਹਮਲਾਵਰਾਂ ਨੇ ਵਜ਼ੀਰਾਬਾਦ ਦੇ ਅੱਲ੍ਹਾ ਹੋ ਚੌਕ ਨੇੜੇ ਪੀਟੀਆਈ ਪ੍ਰਧਾਨ ਇਮਰਾਨ ਖਾਨ ਦੇ ਕੰਟੇਨਰ ‘ਤੇ ਗੋਲੀਬਾਰੀ ਕੀਤੀ। ਹਾਲਾਂਕਿ ਇਮਰਾਨ ਖਾਨ ਇਸ ਹਮਲੇ ‘ਚ ਵਾਲ-ਵਾਲ ਬਚ ਗਏ ਹਾਲਾਂਕਿ ਪੈਰ ’ਚ ਗੋਲੀ ਜ਼ਰੂਰੀ ਲੱਗੀ ਹੈ। ਪੁਲਿਸ ਨੇ ਗੋਲੀ ਚਲਾਉਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੀਟੀਆਈ ਆਗੂ ਇਮਰਾਨ ਇਸਮਾਈਲ ਨੇ ਦੱਸਿਆ ਕਿ ਇਮਰਾਨ ਖ਼ਾਨ ਦੀ ਲੱਤ ਵਿੱਚ ਤਿੰਨ ਤੋਂ ਚਾਰ ਗੋਲੀਆਂ ਲੱਗੀਆਂ ਹਨ। ਜਦੋਂ ਹਮਲਾ ਹੋਇਆ ਤਾਂ ਉਹ ਇਮਰਾਨ ਦੇ ਨਾਲ ਸੀ। ਉਨ੍ਹਾਂ ਦੱਸਿਆ ਕਿ ਹਮਲਾਵਰ ਨੇ ਏ.ਕੇ.-47 ਤੋਂ ਗੋਲੀਬਾਰੀ ਕੀਤੀ ਅਤੇ ਉਹ ਕੰਟੇਨਰ ਦੇ ਬਿਲਕੁਲ ਨੇੜੇ ਸੀ।

 

ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਘਟਨਾ ਦੀ ਜਾਂਚ ਦੇ ਦਿੱਤੇ ਨਿਰਦੇਸ਼

ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਵਜ਼ੀਰਾਬਾਦ ਵਿੱਚ ਗੋਲੀਬਾਰੀ ਦੀ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਪਾਕਿਸਤਾਨ ਸਰਕਾਰ ਦੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਕੀਤੇ ਗਏ ਟਵੀਟ ਦੇ ਅਨੁਸਾਰ, ਉਸਨੇ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੂੰ ਆਈਜੀਪੀ ਅਤੇ ਪੰਜਾਬ ਦੇ ਮੁੱਖ ਸਕੱਤਰ ਤੋਂ ਘਟਨਾ ਦੀ ਤੁਰੰਤ ਰਿਪੋਰਟ ਲੈਣ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਸ਼ਾਹਬਾਜ਼ ਸ਼ਰੀਫ ਨੇ ਅੱਜ ਹੋਣ ਵਾਲੀ ਆਪਣੀ ਪ੍ਰੈੱਸ ਕਾਨਫਰੰਸ ਮੁਲਤਵੀ ਕਰ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ