ਪੁਲਿਸ ਵੱਲੋਂ ਮਾਮਲੇ ਸਬੰਧੀ ਕਾਰਵਾਈ ਜਾਰੀ
ਪਟਿਆਲਾ, ਖੁਸ਼ਵੀਰ ਸਿੰਘ ਤੂਰ
ਪਟਿਆਲਾ ਦੇ ਆਨੰਦ ਨਗਰ ਇਲਾਕੇ ਵਿੱਚ ਰਹਿਣ ਵਾਲੇ ਕਾਊਟਰ ਇੰਟੈਲੀਜੈਂਸ ਵਿੰਗ ਦੇ ਸਾਬਕਾ ਇੰਸਪੈਕਟਰ ਜਗਦੇਵ ਸਿੰਘ ਨੇ ਭੇਦਭਰੇ ਹਾਲਤਾਂ ‘ਚ ਬੀਤੀ ਦੇਰ ਰਾਤ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਜਾਣਕਾਰੀ ਅਨੁਸਾਰ ਸਾਬਕਾ ਇੰਸਪੈਕਟਰ ਜਗਦੇਵ ਸਿੰਘ (62) ਨੇ ਲੰਘੀ ਦੇਰ ਰਾਤ ਲਗਭਗ 11 ਵਜੇ ਆਪਣੀ ਪਿਸਤੋਲ ਨਾਲ ਭੇਦਭਰੇ ਹਾਲਤਾਂ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਲਈ। ਗੋਲੀ ਦੀ ਆਵਾਜ ਸੁਣਦਿਆਂ ਹੀ ਪਰਿਵਾਰਕ ਮੈਂਬਰ ਜਦੋਂ ਘਟਨਾ ਸਥਾਨ ‘ਤੇ ਪੁੱਜੇ ਤਾਂ ਜਗਦੇਵ ਸਿੰਘ ਦੀ ਲਾਸ਼ ਖੂਨ ਨਾਲ ਲੱਥਪੱਥ ਹੋਈ ਪਈ ਸੀ।
ਜਦੋਂ ਪਰਿਵਾਰਕ ਮੈਂਬਰਾਂ ਵੱਲੋਂ ਉਸਨੂੰ ਜਖਮੀ ਹਾਲਤ ਵਿੱਚ ਰਜਿੰਦਰਾ ਹਸਪਤਾਲ ਵਿਖੇ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇੱਧਰ ਸੂਚਨਾ ਮਿਲਦਿਆਂ ਹੀ ਡੀ. ਐਸ. ਪੀ. ਕਮ ਇੰਚਾਰਜ ਥਾਣਾ ਤ੍ਰਿਪੜੀ ਮੋਹਿਤ ਅਗਰਵਾਲ ਘਟਨਾ ਸਥਾਨ ‘ਤੇ ਪੁੱਜੇ ਅਤੇ ਘਟਨਾ ਦਾ ਬਰੀਕੀ ਨਾਲ ਨਿਰੀਖਣ ਕੀਤਾ। ਉਨ੍ਹਾਂ ਇਸ ਦੌਰਾਨ ਜਗਦੇਵ ਸਿੰਘ ਦੇ ਪਰਿਵਾਰ ਨਾਲ ਵੀ ਘਟਨਾ ਸਬੰਧੀ ਗੱਲਬਾਤ ਕੀਤੀ।
ਇਸ ਦੌਰਾਨ ਮ੍ਰਿਤਕ ਜਗਦੇਵ ਸਿੰਘ ਦੇ ਬੇਟੇ ਅਵਤਾਰ ਸਿੰਘ ਅਤੇ ਜਗਤਾਰ ਸਿੰਘ ਜੋ ਕਿ ਪੁਲਿਸ ਵਿੱਚ ਹੌਲਦਾਰ ਵਜੋਂ ਡਿਊਟੀ ਨਿਭਾ ਰਹੇ ਹਨ, ਨੇ ਦੱਸਿਆ ਕਿ ਪਰਿਵਾਰ ਅੰਦਰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਜਾਂ ਕਲੇਸ ਨਹੀਂ ਸੀ। ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਨ੍ਹਾਂ ਦੇ ਪਿਤਾ ਨੇ ਅਜਿਹਾ ਕਦਮ ਕਿਉਂ ਉਠਾਇਆ। ਡੀ. ਐਸ. ਪੀ. ਮੋਹਿਤ ਅਗਰਵਾਲ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਕਾਨੂੰਨੀ ਕਰਵਾਈ ਪੂਰੀ ਕਰਕੇ ਲਾਸ਼ ਵਾਰਸ਼ਾਂ ਹਵਾਲੇ ਕਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸੱਚਾਈ ਸਾਹਮਣੇ ਆਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।