ਦੋ ਵਾਰ ਵਿਧਾਨ ਸਭਾ ਚੋਣਾਂ ਲੜੇ ਅਤੇ ਦੋਵੇਂ ਵਾਰ ਹਾਰ ਦਾ ਮੂੰਹ ਦੇਖਣਾ ਪਿਆ
(ਗੁਰਪ੍ਰੀਤ ਸਿੰਘ) ਸੰਗਰੂਰ। ਆਖ਼ਿਰ ਭਗਵੰਤ ਸਿੰਘ ਮਾਨ (Bhagwant Mann) ਨੂੰ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਦੇ ਜ਼ਿਲ੍ਹਾ ਸੰਗਰੂਰ ਦੇ ਵਿਧਾਨ ਸਭਾ ਹਲਕਾ ਧੂਰੀ ਤੋਂ ਚੋਣ ਲੜਾਉਣ ਦਾ ਫੈਸਲਾ ਕਰ ਹੀ ਲਿਆ ਗਿਆ ਅੱਜ ਪਾਰਟੀ ਹਾਈਕਮਾਂਡ ਵੱਲੋਂ ਉਨ੍ਹਾਂ ਨੂੰ ਪੇਂਡੂ ਹਲਕੇ ਧੂਰੀ ਤੋਂ ਚੋਣ ਲੜਨ ਦੀ ਪ੍ਰਵਾਨਗੀ ਦੇ ਦਿੱਤੀ ਗਈ।
ਭਗਵੰਤ ਮਾਨ (Bhagwant Mann) ਨੂੰ ਬੇਸ਼ੱਕ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਗਿਆ ਹੈ ਜਿਸ ਕਾਰਨ ਉਨ੍ਹਾਂ ਦੇ ਸਮੱਰਥਕਾਂ ਵਿੱਚ ਭਾਰੀ ਉਤਸ਼ਾਹ ਵੀ ਪਾਇਆ ਜਾ ਰਿਹਾ ਹੈ ਪਰ ਦੂਜੇ ਪਾਸੇ ਵੇਖਿਆ ਜਾਵੇ ਤਾਂ ਭਗਵੰਤ ਮਾਨ ਨੇ ਜਦੋਂ ਹੀ ਵਿਧਾਨ ਸਭਾ ਚੋਣਾਂ ਵਿੱਚ ਐਂਟਰੀ ਮਾਰੀ ਹੈ ਤਾਂ ਉਨ੍ਹਾਂ ਦੇ ਹੱਥ ਸਫ਼ਲਤਾ ਨਹੀਂ ਲੱਗੀ ਜਿਸ ਕਾਰਨ ਉਨ੍ਹਾਂ ਨੇ ਸਿਰਫ਼ ਦੋ ਵਾਰ ਲੋਕ ਸਭਾ ਚੋਣਾਂ ਤੱਕ ਹੀ ਆਪਣਾ ਧਿਆਨ ਕੇਂਦਰਿਤ ਰੱਖਿਆ ਸੀ ਭਗਵੰਤ ਮਾਨ ਵੱਲੋਂ 2012 ਵਿੱਚ ਸਿਆਸਤ ਵਿੱਚ ਪੈਰ ਰੱਖਿਆ ਗਿਆ ਸੀ ਜਦੋਂ ਮਨਪ੍ਰੀਤ ਬਾਦਲ ਦੀ ਅਗਵਾਈ ਵਾਲੀ ਪੀਪੀਪੀ ’ਚ ਲੋਕਾਂ ਨੂੰ ਬਦਲਾਅ ਦੇ ਸੁਪਨੇ ਦਿਖਾ ਕੇ ਚੋਣਾਂ ਵਿੱਚ ਹਿਸਾ ਲਿਆ ਸੀ, ਇਸ ਪਾਰਟੀ ਨੇ ਚਾਹੇ ਪੂਰੇ ਸੂਬੇ ਵਿੱਚ 7 ਫੀਸਦੀ ਵੋਟਾਂ ਹਾਸਲ ਕੀਤੀਆਂ ਸਨ ਪਰ ਇਨ੍ਹਾਂ ਦਾ ਕੋਈ ਵੀ ਮੈਂਬਰ ਚੋਣ ਜਿੱਤਣ ਵਿੱਚ ਕਾਮਯਾਬ ਨਹੀਂ ਰਿਹਾ ਸੀ ਪਾਰਟੀ ਦੇ ਪ੍ਰਧਾਨ ਮਨਪ੍ਰੀਤ ਬਾਦਲ ਗਿੱਦੜਬਾਹਾ ਅਤੇ ਦੂਜੇ ਸੀਨੀਅਰ ਆਗੂ ਭਗਵੰਤ ਸਿੰਘ ਮਾਨ ਹਲਕਾ ਲਹਿਰਾਗਾਗਾ ਤੋਂ ਬੁਰੀ ਤਰ੍ਹਾਂ ਚੋਣ ਹਾਰ ਗਏ ਸਨ।
ਜੇਕਰ ਭਗਵੰਤ ਮਾਨ (Bhagwant Mann) ਦੀ ਗੱਲ ਕੀਤੀ ਜਾਵੇ ਤਾਂ 2012 ਦੀ ਲਹਿਰਾਗਾਗਾ ਦੀ ਵਿਧਾਨ ਸਭਾ ਚੋਣ ਵਿੱਚ ਮਾਨ ਨੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਖਿਲਾਫ਼ ਚੋਣ ਲੜੀ ਸੀ ਚੋਣ ਮੁਹਿੰਮ ਦੌਰਾਨ ਉਨ੍ਹਾਂ ਵੱਲੋਂ ਕੀਤੀਆਂ ਰੈਲੀਆਂ ਵਿੱਚ ਭਾਰੀ ਭੀੜ ਇਕੱਠੀ ਹੁੰਦੀ ਰਹੀ ਅਤੇ ਲੋਕ ਉਨ੍ਹਾਂ ਦੇ ਚੁਟਕਲਿਆਂ ’ਤੇ ਠਹਾਕੇ ਲਾਉਂਦੇ ਰਹੇ ਪਰ ਲਹਿਰਾਗਾਗਾ ਦੇ ਵੋਟਰਾਂ ਨੇ ਭਗਵੰਤ ਮਾਨ ਨੂੰ ਆਪਣਾ ਨੁਮਾਇੰਦਾ ਬਣਾਉਣ ਤੋਂ ਕੋਰੀ ਨਾਂਹ ਕਰ ਦਿੱਤੀ ਹਲਕਾ ਲਹਿਰਾਗਾਗਾ ਦੀ ਚੋਣ ਵਿੱਚ ਭਗਵੰਤ ਸਿੰਘ ਮਾਨ ਨੂੰ ਮਹਿਜ 26,136 ਵੋਟਾਂ ਹੀ ਪਈਆਂ ਜਦੋਂ ਕਿ ਇਸ ਹਲਕੇ ਤੋਂ ਜੇਤੂ ਰਹੀ ਕਾਂਗਰਸ ਦੀ ਬੀਬੀ ਰਾਜਿੰਦਰ ਕੌਰ ਭੱਠਲ ਨੂੰ 44,706 ਵੋਟਾਂ ਮਿਲੀਆਂ ਅਤੇ ਦੂਜੇ ਸਥਾਨ ’ਤੇ ਰਹਿਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਵੰਤ ਸਿੰਘ ਸਰਾਓ ਨੂੰ 41,335 ਵੋਟਾਂ ਮਿਲੀਆਂ।
ਭਗਵੰਤ ਮਾਨ ਵੱਲੋਂ ਦੂਜੀ ਵਾਰ ਵਿਧਾਨ ਸਭਾ ਦੀ ਚੋਣ 2017 ਵਿੱਚ ਹਲਕਾ ਜਲਾਲਾਬਾਦ ਤੋਂ ਲੜੀ ਗਈ ਖ਼ਾਸ ਗੱਲ ਇਹ ਸੀ ਕਿ ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਚੋਣ ਲੜੇ ਸਨ ਤੇ ਕਾਂਗਰਸ ਵੱਲੋਂ ਰਵਨੀਤ ਸਿੰਘ ਬਿੱਟੂ ਨੂੰ ਉਤਾਰਿਆ ਗਿਆ ਸੀ ਇਸ ਹਲਕੇ ਵਿੱਚ ਭਗਵੰਤ ਮਾਨ ਦੀ ਚੋਣ ਮੁਹਿੰਮ ਵੀ ਲਹਿਰਾਗਾਗਾ ਵਾਂਗ ਹੀ ਰੈਲੀਆਂ ਵਿੱਚ ਲੋਕਾਂ ਦਾ ਭਾਰੀ ਇਕੱਠ ਰਿਹਾ ਪਰ ਵੋਟਾਂ ਨਹੀਂ ਪਈਆਂ ਜਦੋਂ ਨਤੀਜਾ ਆਇਆ ਤਾਂ ਸੁਖਬੀਰ ਬਾਦਲ ਵੱਡੀ ਲੀਡ ’ਤੇ ਜੇਤੂ ਰਹੇ ਉਨ੍ਹਾਂ ਨੂੰ 75 ਹਜ਼ਾਰ ਤੋਂ ਵੱਧ ਵੋਟਾਂ ਮਿਲੀਆਂ ਜਦੋਂ ਕਿ ਭਗਵੰਤ ਮਾਨ ਨੂੰ ਸਿਰਫ਼ 56, 771 ਵੋਟਾਂ ’ਤੇ ਹੀ ਸਬਰ ਕਰਨਾ ਪਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ