ਸਾਡੇ ਨਾਲ ਸ਼ਾਮਲ

Follow us

17.1 C
Chandigarh
Sunday, January 18, 2026
More
    Home ਵਿਚਾਰ ਸੱਭਿਆਚਾਰ ਦਾ ਅ...

    ਸੱਭਿਆਚਾਰ ਦਾ ਅਨਿੱਖੜਵਾਂ ਅੰਗ ਪੰਜਾਬ ਦੇ ਲੋਕ-ਗੀਤ

    Folk Song,  Punjab, ,Integral part , Culture

    ਪੰਜਾਬ ਵਿੱਚ ਜੰਮਣ ਤੋਂ ਲੈ ਕੇ ਮਰਨ ਤੱਕ ਦੀਆਂ ਸਾਰੀਆਂ ਪਰੰਪਰਾਵਾਂ/ਕਿਰਿਆਵਾਂ ਗੀਤ-ਸੰਗੀਤ ਨਾਲ ਹੀ ਨਿਭਾਈਆਂ ਜਾਂਦੀਆਂ ਹਨ ਲੋਕ ਗੀਤਾਂ ਦੀ ਰਚਨਾ ਕਿਸੇ ਵਿਅਕਤੀ ਵਿਸ਼ੇਸ਼ ਨੇ ਨਹੀਂ ਕੀਤੀ, ਇਹ ਤਾਂ ਆਮ ਸਾਧਾਰਨ ਲੋਕਾਂ ਦੇ ਦਿਲਾਂ ਦੀਆਂ ਭਾਵਨਾਵਾਂ ਗੀਤਾਂ ਦੇ ਰੂਪ ਵਿੱਚ ਫੁੱਟ ਕੇ ਨਿੱਕਲੀਆਂ ਹਨ।

    ਪੰਜਾਬ ਦੀ ਧਰਤੀ ਅਮੀਰ ਵਿਰਸੇ ਨਾਲ ਵਰੋਸਾਈ ਧਰਤੀ ਹੈ ਪੰਜਾਬੀ ਮਾਂ-ਬੋਲੀ ਦਾ ਦੁਨੀਆਂ ਦੀਆਂ ਬੋਲੀਆਂ ਵਿੱਚ ਵਿਲੱਖਣ ਤੇ ਅਹਿਮ ਸਥਾਨ ਹੈ ਸਾਡਾ ਅਮੀਰ ਸੱਭਿਆਚਾਰਕ ਵਿਰਸਾ ਅਤੇ ਲੋਕ ਗੀਤ ਦੁਨੀਆਂ ਵਿੱਚ ਆਪਣੀ ਵੱਖਰੀ ਟੌਹਰ ਰੱਖਦੇ ਹਨ ਰੁੱਤ, ਮੌਸਮ, ਤਿਉਹਾਰਾਂ, ਸਮਾਜਿਕ, ਰਾਜਨੀਤਕ, ਧਾਰਮਿਕ ਸਥਿਤੀ, ਰਿਸ਼ਤੇ-ਨਾਤੇ, ਖੁਸ਼ੀ, ਗਮੀ ਆਦਿ ਨੂੰ ਦਰਸਾਉਂਦੇ ਲੇਖ, ਕਵਿਤਾਵਾਂ, ਗੀਤ, ਨਾਟਕ ਆਦਿ ਸਾਡੇ ਸਾਹਿਤਕਾਰਾਂ ਰਚੇ ਹਨ।

    ਪੰਜਾਬ ਵਿੱਚ ਜੰਮਣ ਤੋਂ ਲੈ ਕੇ ਮਰਨ ਤੱਕ ਦੀਆਂ ਸਾਰੀਆਂ ਪਰੰਪਰਾਵਾਂ/ਕਿਰਿਆਵਾਂ ਗੀਤ-ਸੰਗੀਤ ਨਾਲ ਹੀ ਨਿਭਾਈਆਂ ਜਾਂਦੀਆਂ ਹਨ ਲੋਕ ਗੀਤਾਂ ਦੀ ਰਚਨਾ ਕਿਸੇ ਵਿਅਕਤੀ ਵਿਸ਼ੇਸ਼ ਨੇ ਨਹੀਂ ਕੀਤੀ, ਇਹ ਤਾਂ ਆਮ ਸਾਧਾਰਨ ਲੋਕਾਂ ਦੇ ਦਿਲਾਂ ਦੀਆਂ ਭਾਵਨਾਵਾਂ ਗੀਤਾਂ ਦੇ ਰੂਪ ਵਿੱਚ ਫੁੱਟ ਕੇ ਨਿੱਕਲੀਆਂ ਹਨ ।ਲੋਕ ਗੀਤਾਂ ਦੇ ਅਨੇਕਾਂ ਰੂਪ ਹਨ; ਜਿਵੇਂ ਖੁਸ਼ੀ ਗਮੀ ਦੇ ਗੀਤ, ਝੂਮਰ, ਢੋਲਾ, ਟੱਪੇ, ਮਾਹੀਆ, ਬੋਲੀਆਂ ਆਦਿ ਜੀਵਨ ਦੀ ਹਰ ਰਸਮ, ਹਰ ਰੀਤ, ਹਰ ਰਿਵਾਜ਼ ਗੀਤਾਂ ਦੀ ਕੋਮਲ ਅਤੇ ਮਿੱਠੀ ਧੁਨ ਦੁਆਲੇ ਕੇਂਦਰਿਤ ਹੈ ਆਉ! ਲੋਕ ਗੀਤਾਂ ਦੀਆਂ ਵੱਖੋ-ਵੱਖ ਵੰਨਗੀਆਂ ‘ਤੇ ਸੰਖੇਪ ਝਾਤ ਮਾਰੀਏ:- (Culture)

    ਬਚਪਨ ਦੇ ਗੀਤ:

    ਜਦੋਂ ਘਰ ਵਿੱਚ ਬੱਚਾ ਜੰਮਦਾ ਹੈ ਤਾਂ ਪਰਿਵਾਰ ਦੇ ਜੀਆਂ ਦੇ ਮਨਾਂ ‘ਚ ਖੁਸ਼ੀ ਹੋਣਾ ਲਾਜ਼ਮੀ ਹੈ ਬੱਚੇ ਦੀ ਮਾਂ, ਭੂਆ, ਦਾਦੀ, ਨਾਨੀ, ਚਾਚੀ, ਤਾਈ, ਮਾਸੀਆਂ ਉਸਨੂੰ ਲੋਰੀਆਂ ਦਿੰਦੀਆਂ ਨਹੀਂ ਥੱਕਦੀਆਂ ਮਾਂ ਆਪਣੇ ਦਿਲ ਦੇ ਟੁਕੜੇ ਨੂੰ ਲੋਰੀਆਂ ਦਿੰਦੀ ਹੈ ਅਤੇ ਸੁਰ ਅਤੇ ਲੈਅ ਵਿਚ ਗਾਉਂਦੀ ਹੈ:-

    ਲੋਰੀ ਲੱਕੜੇ,..ਊਂ..ਊਂ…
    ਤੇਰੀ ਮਾਂ ਸਦੱਕੜੇ,..ਊਂ…ਊਂ…
    ਨਾਨਕੇ ਘਰ ਮਾਸੀ ਪਿੱਠ ਥਾਪੜਦੀ ਗਾਉਂਦੀ ਹੈ:-
    ਸੌਂ ਜਾ ਕਾਕਾ ਤੂੰ, ਤੇਰੇ ਬੋਦੇ ਵੜ ਗਈ ਜੂੰ,
    ਕੱਢਣ ਵਾਲੀਆਂ ਮਾਸੀਆਂ, ਕਢਾਉਣ ਵਾਲਾ ਤੂੰ
    ਦਾਦਕੇ ਘਰ ਜੰਮੇ ਬੱਚੇ ਨੂੰ ਚਾਅ ਨਾਲ ਖੀਵੀ ਹੋਈ ਭੂਆ ਲੋਰੀਆਂ ਦਿੰਦੀ ਹੈ:-
    ਕਾਕੜੀਆਂ, ਬਲਾਕੜੀਆਂ, ਟਾਹਲੀਆਂ ਤੇਰੇ ਬੱਚੇ,
    ਨਾਨਾ ਤੇਰਾ ਢੋਲ ਵਜਾਵੇ, ਨਾਨੀ ਤੇਰੀ ਨੱਚੇ
    ਕਿੱਕਲੀ ਪਾਉਂਦੀਆਂ ਕੁੜੀਆਂ ਆਪਣੇ ਵੀਰ ਪ੍ਰਤੀ ਪਿਆਰ ਦਾ ਇਜ਼ਹਾਰ ਕਰਦੀਆਂ ਝੂਮਦੀਆਂ ਤੇ ਗਾਉਂਦੀਆਂ ਹਨ:-
    ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ,
    ਦੁਪੱਟਾ ਭਰਜਾਈ ਦਾ, ਫਿੱਟੇ ਮੂੰਹ ਜਵਾਈ ਦਾ!

    ਵਿਆਹ ਸਮੇਂ ਦੇ ਗੀਤ:

    ਵਿਆਹ ਸਮੇਂ ਦੀ ਖੁਸ਼ੀ ਦਾ ਮਾਹੌਲ ਚਾਵਾਂ-ਮਲਾਰਾਂ ਵਾਲਾ ਹੁੰਦਾ ਹੈ ਵਿਆਹ ਤੋਂ ਕੁੱਝ ਕੁ ਦਿਨ ਪਹਿਲਾਂ ਘਰ ਵਿੱਚ ਗਾਉਣ ਬਿਠਾਇਆ ਜਾਂਦਾ ਹੈ ਮੁੰਡੇ ਵਾਲੇ ਘਰ ਘੋੜੀਆਂ ਗਾਈਆਂ ਜਾਂਦੀਆਂ ਹਨ ਤੇ ਕੁੜੀ ਵਾਲੇ ਘਰ ਸੁਹਾਗ ਸੁਹਾਗ ਸਬੰਧੀ ਲੋਕ ਗੀਤ:-

    1. ਬਾਬਲ ਨੂੰ ਆਖ ਰਹੀ,
    ਮੇਰਾ ਅੱਸੂ ਦਾ ਕਾਜ ਰਚਾਵੀਂ
    ਤੇਰਾ ਅੰਨ ਨਾ ਤਰੱਕੇ ਕੋਠੜੀ,
    ਤੇਰਾ ਦਹੀਂ ਨਾ ਉਬਾਲਿਆ ਜਾਏ
    2. ਦੇਵੀਂ ਵੇ ਬਾਬਲ ਓਸ ਘਰੇ,
    ਜਿੱਥੇ ਸੱਸ ਭਲੀ ਪਰਧਾਨ
    ਸਹੁਰਾ ਸਰਦਾਰ ਹੋਵੇ
    3. ਮਾਏ ਨੀ ਸੁਣ ਮੇਰੀਏ ਵਾਰੀ,
    ਮੇਰੇ ਬਾਬਲ ਨੂੰ ਸਮਝਾ
    ਸਾਡੇ ਤਾਂ ਹਾਣਦੀਆਂ ਸਹੁਰੇ ਵਾਰੀ,
    ਸਾਡੜੇ ਮਨ ਵਿੱਚ ਚਾਅ…

    ਮੁੰਡੇ ਘਰ ਵਿੱਚ ਵੀ ਇਸ ਖੁਸ਼ੀਆਂ-ਖੇੜੇ ਭਰੇ ਮਾਹੌਲ ਵਿੱਚ ਘੋੜੀਆਂ ਗਾਈਆਂ ਜਾਂਦੀਆਂ ਹਨ ਜਿਵੇਂ:-

    1. ਹਰਿਆ ਨੀ ਮਾਏ, ਹਰਿਆ ਨੀ ਭੈਣੇ
    ਹਰਿਆ ਤੇ ਭਾਗੀਂ ਭਰਿਆ
    ਜਿਸ ਦਿਹਾੜੇ ਮੇਰਾ ਹਰਿਆ ਨੀ ਜੰਮਿਆ
    ਸੋਈਓ ਦਿਹਾੜਾ ਭਾਗੀਂ ਭਰਿਆ
    2. ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ,
    ਚਾਂਦੀ ਦੇ ਪੈਂਖੜ ਪਾਏ ਰਾਮਾ
    ਬਾਬਾ ਵਿਆਹੁਣ ਪੋਤੇ ਨੂੰ ਚੱਲਿਆ,
    ਲੱਠੇ ਨੇ ਖੜ-ਖੜ ਲਾਈ ਰਾਮਾ…

    ਸਾਡੇ ਸੱਭਿਆਚਾਰ ‘ਚ ਵਟਣਾ ਮਲ਼ਣਾ ਵਿਆਹ ਵੇਲੇ ਦੀ ਇੱਕ ਅਹਿਮ ਰਸਮ ਹੁੰਦੀ ਹੈ ਇਸ ਨੂੰ ਨਹਾਈ-ਧੋਈ ਦੀ ਰਸਮ ਵੀ ਕਿਹਾ ਜਾਂਦਾ ਹੈ ਇਸ ਸਮੇਂ ਮੁੰਡੇ ਅਤੇ ਕੁੜੀ ਦੇ ਘਰ ਦੀਆਂ ਔਰਤਾਂ ਵੱਲੋਂ ਗਾਏ ਜਾਂਦੇ ਲੋਕ ਗੀਤ:

    1. ਆਂਗਣ ਸਾਡੇ ਚੀਕਣਾ ਵੇ,
    ਕੀਹਨੇ ਡੋਲ੍ਹਿਆ ਪਾਣੀ
    ਬਾਬੇ ਦਾ ਪੋਤਾ ਨਾਤੜਾ ਵੇ,
    ਉਹਨੇ ਡੋਲ੍ਹਿਆ ਪਾਣੀ
    2. ਫੁੱਲਾਂ ਭਰੀ ਚੰਗੇਰ ਇੱਕ ਫੁੱਲ ਤੋੜੀ ਦਾ,
    ਜੀ ਏਸ ਵੇਲੇ ਜਰੂਰ ਮਾਮਾ ਲੋੜੀਦਾ

    ਬਰਾਤ ਵਾਲੇ ਦਿਨ ਲਾੜੇ ਦੀਆਂ ਭੈਣਾਂ ਵੱਲੋਂ ਲਾੜੇ ਦੇ ਸਿਹਰਾ ਸਜਾਇਆ ਜਾਂਦਾ ਹੈ ਤੇ ਲੋਕ ਗਾਇਆ ਜਾਂਦਾ ਹੈ:-

    ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ

    ਲੜਕੀ ਵਾਲਿਆਂ ਦੇ ਘਰ ਜੰਝ ਢੁੱਕਣ ‘ਤੇ ਲਾੜੀ ਦੀਆਂ ਸਹੇਲੀਆਂ ਇਉਂ ਸੁਨੇਹਾ ਦਿੰਦੀਆਂ ਹਨ:-

    ਆਇਆ ਲਾੜੀਏ ਨੀ,
    ਤੇਰਾ ਸਿਹਰਿਆਂ ਵਾਲਾ ਵਿਆਹਵਣ ਆਇਆ
    ਆਇਆ ਤੇ ਸਦਾ ਰੰਗ ਲਾਇਆ ਨੀ,
    ਤੇਰਾ ਸਿਹਰਿਆਂ ਵਾਲਾ ਵਿਆਹਵਣ ਆਇਆ
    ਸਿੱਠਣੀਆਂ ਦੇ ਗੀਤ:
    ਕੁੜੀ ਵਾਲੇ ਘਰ ਬਰਾਤੀਆਂ, ਵਿਚੋਲੇ, ਲਾੜੇ ਅਤੇ ਲਾੜੇ ਦੇ ਬਾਪ ਨੂੰ ਸਿੱਠਣੀਆਂ ਦਿੱਤੀਆਂ ਜਾਂਦੀਆਂ ਹਨ, ਜਿਵੇ:-
    ਮੱਕੀ ਦਾਣਾ ਟਿੰਡ ਵਿੱਚ ਨੀ,
    ਵਿਚੋਲਾ ਨੀ ਰੱਖਣਾ ਪਿੰਡ ਵਿੱਚ ਨੀ
    ਡੋਲੀ ਦੇ ਗੀਤ-
    ਮੇਰੀ ਡੋਲੀ ‘ਤੇ ਪਾ ਦਿਉ ਲੋਈ,
    ਮੈਂ ਅੱਜ ਪਰਦੇਸਣ ਹੋਈ
    ਮੇਰੀ ਡੋਲੀ ‘ਤੇ ਪਾ ਦਿਉ ਖੇਸ
    ਮੈਂ ਜਾਣਾ ਬਿਗਾਨੇ ਦੇਸ
    ਭੈਣ ਭਰਾ ਦੇ ਰਿਸ਼ਤੇ ਦੇ ਗੀਤ-
    ਇੱਕ ਵੀਰ ਦੇਈਂ ਵੇ ਰੱਬਾ,
    ਸਹੁੰ ਖਾਣ ਨੂੰ ਬੜਾ ਚਿੱਤ ਕਰਦਾ
    ਭੈਣਾਂ ਜਦੋਂ ਵਿਆਹੀਆਂ ਜਾਂਦੀਆਂ ਹਨ ਤਾਂ ਸਭਨਾਂ ਅੰਗਾਂ-ਸਾਕਾਂ ‘ਚੋਂ ਕੇਵਲ ਆਪਣੇ ਵੀਰ ‘ਤੇ ਹੀ ਆਸ ਹੁੰਦੀ ਹੈ
    ਉੱਡੀਂ-ਉੱਡੀਂ ਵੇ ਕਾਵਾਂ, ਜਾਈਂ ਬਾਬਲ ਦੇ ਦੇਸ
    ਇੱਕ ਨਾ ਦੱਸੀਂ ਮੇਰੀ ਮਾਂ ਰਾਣੀ ਨੂੰ, ਰੋਊਗੀ ਗੁੱਡੀਆਂ ਫੋਲ ਕੇ
    ਇੱਕ ਨਾ ਦੱਸੀ ਮੇਰੇ ਰਾਜੇ ਬਾਬਲ ਨੂੰ, ਰੋਊਗਾ ਕਚਹਿਰੀ ਛੱਡ ਕੇ…
    ਗਿੱਧੇ ਦੇ ਲੋਕ ਗੀਤ-
    ਕੱਠੀਆਂ ਹੋ ਕੇ ਆਈਆਂ ਗਿੱਧੇ ਵਿੱਚ ਇੱਕੋ ਜਿਹੀਆਂ ਮੁਟਿਆਰਾਂ,
    ਚਾਨਣ ਦੇ ਵਿੱਚ ਏਦਾਂ ਚਮਕਣ ਜਿਉ ਸੋਨੇ ਦੀਆਂ ਤਾਰਾਂ
    ਦੂਹਰੀਆਂ ਹੋ ਹੋ ਨੱਚਣ ਕੁੜੀਆਂ, ਜਿਉਂ ਹਰਨਾਂ ਦੀਆਂ ਡਾਰਾਂ,
    ਜੋਰ ਜਵਾਨੀ ਦਾ ਲੁੱਟ ਲੈ ਮੌਜ ਬਹਾਰਾਂ
    ਆਰਥਿਕ ਮੰਦਹਾਲੀ ਦੇ ਗੀਤ:-
    ਜੱਟ ਜੱਟੀ ਨੂੰ ਲੈਣ ਨਾ ਜਾਵੇ,
    ਡਰਦਾ ਕਬੀਲਦਾਰੀਉਂ…

    ਇਸ ਤੋਂ ਇਲਾਵਾ ਹੋਰ ਵੀ ਬਹੁਤ ਲੋਕ ਗੀਤ ਹਨ:-

    • ਸਾਡਾ ਚਿੜੀਆਂ ਦਾ ਚੰਬਾ ਵੇ
    • ਬਾਬਲ ਅਸਾਂ ਉੱਡ ਜਾਣਾ…
    • ਆਉਣ ਪੇਕਿਆਂ ਤੋਂ ਠੰਢੀਆਂ ਹਵਾਵਾਂ
    • ਵੀਰ ਮੇਰੇ ਰਹਿਣ ਵੱਸਦੇ…

    ਰੁੱਤਾਂ ਦੇ ਗੀਤ:-

    ਚੇਤਰ ਨਾ ਜਾਈਂ ਚੰਨਾਂ
    ਖਿੜ੍ਹੀ ਬਹਾਰ ਵੇ
    ਵਿਸਾਖ ਨਾ ਜਾਈਂ ਚੰਨਾਂ
    ਕੰਮਾਂ ਦੀ ਮਾਰ ਵੇ
    ਤੀਆਂ ਦੇ ਗੀਤ:-
    ਰਲ ਆਓ ਸਈਓ ਨੀ,
    ਸਭ ਤੀਆਂ ਖੇਡਣ ਜਾਈਏ
    ਚੜ੍ਹ ਆ ਗਿਆ ਸਾਵਣ ਨੀ,
    ਪੀਂਘਾਂ ਪਿੱਪਲੀਂ ਜਾ ਕੇ ਪਾਈਏ
    ਪੰਜਾਬੀ ਲੋਕ ਗੀਤ ਪੰਜਾਬੀ ਸਾਹਿਤ, ਪੰਜਾਬੀ ਮਾਂ ਬੋਲੀ ਅਤੇ ਸੱਭਿਆਚਾਰ ਦੀ ਜਿੰਦ-ਜਾਨ ਹਨ ਇਹ ਸਾਡੀ ਸੱਭਿਆਚਾਰਕ ਅਮੀਰੀ, ਸਮਾਜਿਕ ਕਦਰਾਂ-ਕੀਮਤਾਂ, ਸਾਡੀ ਸ਼ਾਨ ਅਤੇ ਮਾਣ ਦਾ ਪ੍ਰਤੀਕ ਹਨ ਇਹਨਾਂ ਨੂੰ ਸੰਭਾਲਣ ਦੀ ਬਹੁਤ ਲੋੜ ਹੈ, ਨਹੀਂ ਤਾਂ ਅਸੀਂ ਇੱਕ ਦਿਨ ਸਾਡੀ ਇਸ ਅਮੀਰ ਵਿਰਾਸਤ ਤੋਂ ਵਿਰਵੇ ਹੋ ਜਾਵਾਂਗੇ

    ਸਤਨਾਮ ਸਿੰਘ ਮੱਟੂ ਬੀਂਬੜ,
    ਸੰਗਰੂਰ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here