ਫਿਰੋਜ਼ਪੁਰ (ਸੱਤਪਾਲ ਥਿੰਦ)। ਪੰਜਾਬ ਵਿੱਚ ਇੱਕ ਵਾਰ ਫਿਰ ਦਰਿਆਵਾਂ ਨੇ ਭਿਆਨਕ ਰੂਪ ਧਾਰ ਲਿਆ ਹੈ। ਇਸ ਨਾਲ ਬਹੁਤ ਸਾਰੇ ਜ਼ਿਲ੍ਹੇ ਪ੍ਰਭਾਵਿਤ ਹੋਏ ਹਨ। ਸੈਂਕੜੇ ਪਿੰਡਾਂ ਵਿੱਚ ਪਾਣੀ ਭਰ ਗਿਆ ਹੈ। ਸਿਵਲ ਪ੍ਰਸ਼ਾਸਨ, ਫੌਜ ਤੇ ਐੱਨਡੀਆਰਐੱਫ਼ ਦੀਆਂ ਟੀਮਾਂ ਨੇ ਮੋਰਚਾ ਸੰਭਾਲ ਕੇ ਲੋਕਾਂ ਨੂੰ ਬਚਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਸਤਲੁਜ ਦਰਿਆ ਵਿੱਚ ਵਧ ਰਹੇ ਲਗਾਤਾਰ ਪਾਣੀ ਦੇ ਪੱਧਰ ਨੂੰ ਦੇਖਦਿਆਂ ਰੇਲਾਂ (Trains in Punjab) ਦੀ ਰਫ਼ਤਾਰ ਵੀ ਰੋਕਣੀ ਪਈ ਹੈ। ਜਾਣਕਾਰੀ ਅਨੁਸਾਰ ਫਿਰੋਜ਼ਪੁਰ-ਜਲੰਧਰ ਰੇਲਵੇ ਟਰੈਕ ’ਤੇ ਗਿੱਦੜਪਿੰਡੀ ਪੁਲ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੱਕ ਪਹੰੁਚਣ ’ਤੇ ਵਿਭਾਗ ਨੇ ਇਸ ਰੂਟ ’ਤੇ ਰੇਲ ਆਵਾਜਾਈ ਤੁਰੰਤ ਰੋਕ ਦਿੱਤੀ ਹੈ।
15 ਪੈਸੰਜਰ ਗੱਡੀਆਂ ਨੂੰ 18 ਅਗਸਤ ਨੂੰ ਪੂਰੀ ਤਰ੍ਹਾਂ ਰੱਦ | Trains in Punjab
ਡੀਆਰਐੱਮ ਸੰਜੇ ਸਾਹੂ ਨੇ ਦੱਸਿਆ ਕਿ ਫਿਰੋਜ਼ਪੁਰ ਤੋਂ ਜਲੰਧਰ ਅਤੇ ਜਲੰਧਰ ਤੋਂ ਹੁਸ਼ਿਆਰਪੁਰ ਵਿਚਾਲੇ ਚੱਲਣ ਵਾਲੀਆਂ 15 ਪੈਸੰਜਰ ਗੱਡੀਆਂ ਨੂੰ 18 ਅਗਸਤ ਨੂੰ ਪੂਰੀ ਤਰ੍ਹਾਂ ਰੱਦ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਇਸ ਟਰੈਕ ’ਤੇ ਚੱਲਣ ਵਾਲੀਆਂ ਲੰਬੀ ਦੂਰੀ ਦੀਆਂ ਗੱਡੀਆਂ ਜੰਮੂਤਵੀ-ਭਗਤ ਦੀ ਕੋਠੀ, ਜੰਮੂਤਵੀ-ਅਹਿਮਦਾਬਾਦ, ਫਿਰੋਜ਼ਪੁਰ ਕੈਂਟ-ਧਨਬਾਦ ਅਤੇ ਜੋਧਪੁਰ-ਜੰਮੂਤਵੀ ਨੂੰ ਲੋਹੀਆਂ ਖਾਸ ਦੇ ਰਸਤਿਓਂ ਭੇਜਣ ਦੀ ਬਜਾਏ ਵਾਇਆ ਲੁਧਿਆਣਾ ਤੋਂ ਫਿਰੋਜ਼ਪੁਰ ਕੈਂਟ ਕੱਢਿਆ ਜਾਵੇਗਾ।
ਹੜ੍ਹ ਦੀ ਮਾਰ ਹੇਠ ਆਇਆ ਪੁਲ, ਦਰਜ਼ਨਾਂ ਪਿੰਡਾਂ ਦਾ ਸੰਪਰਕ ਟੁੱਟਿਆ
ਹੜ੍ਹ ਦੇ ਪਾਣੀ ਨਾਲ ਚੱਕ ਸ਼ਰੀਫ ਤੋਂ ਭੈਣੀ ਮੀਆਂ ਖਾਂ ਦੇ ਰਸਤੇ ਵਿੱਚ ਪੈਂਦੀ ਡਰੇਨ ਦੇ ਪੁੱਲ ਨੂੰ ਨੁਕਸਾਨ ਪਹੁੰਚਿਆ ਹੈ ਜਿਸ ਕਾਰਨ ਇਹ ਪੁੱਲ ਅੱਧ ਵਿਚੋਂ ਬੈਠ ਗਿਆ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ. ਜਗਰੂਪ ਸਿੰਘ ਸੇਖਵਾਂ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਅੱਜ ਸਵੇਰੇ ਇਸ ਪੁੱਲ ਦਾ ਜਾਇਜਾ ਲਿਆ ਗਿਆ। ਜਾਇਜਾ ਲੈਣ ਤੋਂ ਬਾਅਦ ਇਸ ਪੁੱਲ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ।