Punjab News: ਓਮਾਨ ’ਚ ਫਸੀਆਂ ਪੰਜਾਬ ਦੀਆਂ ਪੰਜ ਲੜਕੀਆਂ ਸੁਰੱਖਿਅਤ ਵਤਨ ਪਰਤੀਆਂ

Punjab News
ਓਮਾਨ ਤੋਂ ਸੁਰੱਖਿਅਤ ਵਾਪਸ ਪਰਤੀ ਇੱਕ ਪੀੜਤ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨਾਲ। ਫੋਟੋ-ਓਮਾਨ

ਰਾਜ ਸਭਾ ਮੈਂਬਰ ਸੀਚੇਵਾਲ ਵੱਲੋਂ ਕੀਤੀ ਗਈ ਸੀ ਪੈਰਵਾਈ

  • ‘ਪੈਸੇ ਦੇ ਲਾਲਚ ’ਚ ਮਾਮੀ ਨੇ ਹੀ ਵੇਚਤੀ ਭਾਣਜੀ’

Punjab News: (ਰਾਜਨ ਮਾਨ) ਜਲੰਧਰ। ਆਪਣੇ ਭਵਿੱਖ ਨੂੰ ਸੁਨਹਿਰੀ ਬਣਾਉਣ ਦੇ ਸਫਨੇ ਅੱਖਾਂ ਵਿੱਚ ਸਜਾ ਕੇ ਓਮਾਨ ਗਈਆਂ ਪੰਜਾਬ ਦੀਆਂ ਦਰਜਨਾਂ ਬੱਚੀਆਂ ’ਚੋਂ ਪੰਜ ਕੁੜੀਆਂ ਸੁਰੱਖਿਅਤ ਵਤਨ ਪਰਤ ਆਈਆਂ ਹਨ। ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਓਮਾਨ ਵਿੱਚ ਫਸੀਆਂ ਪੰਜ ਪੰਜਾਬੀ ਲੜਕੀਆਂ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਂਦਾ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਜਲੰਧਰ ਜ਼ਿਲ਼੍ਹੇ ਦੀ ਰਹਿਣ ਵਾਲੀ ਪੀੜਤਾਂ ਨੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚ ਕੇ ਆਪਣੀ ਦਰਦਨਾਕ ਆਪਬੀਤੀ ਸਾਂਝੀ ਕਰਦਿਆਂ ਕਿਹਾ ਕਿ ਜੇਕਰ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਸਮੇਂ ਸਿਰ ਮੱਦਦ ਨਾ ਕੀਤੀ ਹੁੰਦੀ ਤਾਂ ਇਹ ਵਾਪਸੀ ਸ਼ਾਇਦ ਸੰਭਵ ਨਹੀਂ ਸੀ।

ਪੀੜਤਾ ਨੇ ਦੱਸਿਆ ਕਿ ਉਹ 30 ਦਸੰਬਰ ਨੂੰ ਚਾਰ ਹੋਰ ਲੜਕੀਆਂ ਸਮੇਤ ਓਮਾਨ ਤੋਂ ਭਾਰਤ ਵਾਪਸ ਪਹੁੰਚੀ ਸੀ। ਜਿਨ੍ਹਾਂ 70 ਲੜਕੀਆਂ ਦੀ ਸੁਰੱਖਿਅਤ ਵਾਪਸੀ ਬਾਰੇ ਸੀਚੇਵਾਲ ਵੱਲੋਂ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖਿਆ ਗਿਆ ਸੀ। ਉਸ ਨੇ ਦੱਸਿਆ ਕਿ ਅਕਤੂਬਰ ਮਹੀਨੇ ਵਿੱਚ ਰੋਜ਼ਗਾਰ ਦੇ ਸੁਫਨੇ ਦਿਖਾ ਕੇ ਉਸਨੂੰ ਵਿਦੇਸ਼ ਲਿਜਾਇਆ ਗਿਆ ਸੀ, ਪਰ ਓਮਾਨ ਪਹੁੰਚਣ ’ਤੇ ਉਸਨੂੰ ਪਤਾ ਲੱਗਾ ਕਿ ਉਸਨੂੰ 1200 ਰਿਆਲ ਦੇ ਬਦਲੇ ਵੇਚ ਦਿੱਤਾ ਗਿਆ ਹੈ। ਪੀੜਤਾ ਨੇ ਖੁਲਾਸਾ ਕੀਤਾ ਕਿ ਉਸਨੂੰ ਇਸ ਜਾਲ ਵਿੱਚ ਫਸਾਉਣ ਵਾਲੀ ਕੋਈ ਹੋਰ ਨਹੀਂ, ਸਗੋਂ ਉਸਦੀ ਆਪਣੀ ਮਾਮੀ ਸੀ, ਜੋ ਉਸਨੂੰ ਓਮਾਨ ਛੱਡ ਕੇ ਖੁਦ ਭਾਰਤ ਵਾਪਸ ਆ ਗਈ। ਪੀੜਤਾ ਨੇ ਦੱਸਿਆ ਕਿ ਮਾਮੀ ਦੇ ਧੋਖੇ ਕਾਰਨ ਓਮਾਨ ਵਿੱਚ ਬਿਤਾਏ ਦੋ ਮਹੀਨੇ ਉਸਦੀ ਜ਼ਿੰਦਗੀ ਦੇ ਸਭ ਤੋਂ ਡਰਾਉਣੇ ਦਿਨ ਸਨ, ਜੋ ਉਹ ਕਦੇ ਭੁੱਲ ਨਹੀਂ ਸਕੇਗੀ।

ਇਹ ਵੀ ਪੜ੍ਹੋ: School Holiday: ਠੰਢ ਅਤੇ ਸੀਤ ਲਹਿਰ ਦੇ ਮੱਦੇਨਜ਼ਰ, ਸਾਰੇ ਸਕੂਲ ਬੰਦ ਰੱਖਣ ਦੇ ਹੁਕਮ

ਪੀੜਤਾ ਨੇ ਦੱਸਿਆ ਕਿ ਉੱਥੇ ਉਸਨੂੰ ਜ਼ਬਰਨ ਗਲਤ ਕੰਮਾਂ ਲਈ ਮਜ਼ਬੂਰ ਕੀਤਾ ਗਿਆ। ਵਿਰੋਧ ਕਰਨ ’ਤੇ ਉਸ ਨਾਲ ਬਦਸਲੂਕੀ ਅਤੇ ਮਾਰ-ਕੁੱਟ ਕੀਤੀ ਜਾਂਦੀ ਸੀ। ਜਦੋਂ ਉਸ ਨੇ ਭਾਰਤ ਵਾਪਸ ਜਾਣ ਦੀ ਮੰਗ ਕੀਤੀ ਤਾਂ ਦੋ ਲੱਖ ਰੁਪਏ ਜਾਂ ਭਾਰਤ ਤੋਂ ਦੋ ਹੋਰ ਲੜਕੀਆਂ ਭੇਜਣ ਦਾ ਦਬਾਅ ਬਣਾਇਆ ਗਿਆ। ਉਸਨੇ ਦੱਸਿਆ ਕਿ ਉਹ ਦੋ ਮਹੀਨੇ ਤੱਕ ਤਾਂ ਪਰਿਵਾਰ ਵਿੱਚ ਕੰਮ ਕਰਦੀ ਰਹੀ ਪਰ ਜਦੋਂ ਉਸ ਨੂੰ ਲੱਗਾ ਕੇ ਹੁਣ ਉਹ ਆਪਣੀ ਇੱਜ਼ਤ ਨਹੀ ਬਚਾ ਪਾਵੇਗੀ ਤਾਂ ਉਹ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਇੱਕ ਸੁਰੱਖਿਅਤ ਥਾਂ ਤੱਕ ਪਹੁੰਚੀ, ਜਿੱਥੇ ਪਹਿਲਾਂ ਹੀ ਲਗਭਗ 70 ਹੋਰ ਭਾਰਤੀ ਲੜਕੀਆਂ ਅਜਿਹੇ ਹਾਲਾਤਾਂ ’ਚ ਫਸੀਆਂ ਹੋਈਆਂ ਸਨ। Punjab News

ਅਜਿਹੇ ਮਨੁੱਖੀ ਤਸਕਰੀ ਨਾਲ ਜੁੜੇ ਗਿਰੋਹਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਲੋੜ: ਸੀਚੇਵਾਲ

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਚੇਵਾਲ ਨੇ ਕਿਹਾ ਕਿ ਅਰਬ ਦੇਸ਼ਾਂ ਵਿੱਚ ਭਾਰਤੀ ਲੜਕੀਆਂ ਦਾ ਸ਼ੋਸ਼ਣ ਬਹੁਤ ਹੀ ਗੰਭੀਰ ਅਤੇ ਚਿੰਤਾਜਨਕ ਮਸਲਾ ਹੈ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਉਹਨਾਂ ਵੱਲੋਂ ਓਮਾਨ ਵਿੱਚ ਫਸੀਆਂ ਲਗਭਗ 70 ਲੜਕੀਆਂ ਬਾਰੇ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖਿਆ ਗਿਆ ਸੀ, ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਪੰਜ ਲੜਕੀਆਂ ਨੂੰ ਸੁਰੱਖਿਅਤ ਭਾਰਤ ਵਾਪਸ ਭੇਜਿਆ ਗਿਆ। Punjab News