ਕਪੂਰਥਲਾ ‘ਚ ਜ਼ਹਿਰੀਲੀ ਚੀਜ਼ ਨਿਗਲ ਕੇ ਪੰਜ ਬੱਚਿਆਂ ਨੇ ਕੀਤੀ ਖੁਦਕੁਸ਼ੀ

ਕਪੂਰਥਲਾ, 21 ਜੂਨ।ਸ਼ਹਿਰ ਵਿੱਚ ਗਰੀਬ ਤੋਂ ਤੰਗ ਆਏ ਇੱਕ ਪਰਿਵਾਰ ਦੇ 7 ਬੱਚਿਆਂ ਵਿੱਚੋਂ 6 ਨੇ ਜਹਿਰੀਲੀ ਚੀਜ਼ ਨਿਗਲ ਲਈ। ਇਸ ਕਾਰਨ ਪੰਜ ਜਣਿਆਂ ਦੀ ਮੌਤ ਹੋ ਗਈ।ਇੱਕ ਜਣੇ ਦੀ ਹਾਲਤ ਗੰਭੀਰ ਹੈ, ਜਿਸ ਦਾ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਪੁਲਸ ਨੂੰ ਸੁਸਾਇਡ ਨੋਟ ਮਿਲਿਆ

ਜਾਣਕਾਰੀ ਮੁਤਾਬਕ ਕਪੂਰਥਲਾ ਦੇ ਲਕਸ਼ਮੀ ਨਗਰ ‘ਚ ਰਹਿਣ ਵਾਲੇ ਪ੍ਰਵਾਸੀ ਮਜ਼ਦੂਰ ਰਾਜ ਕਿਸ਼ੋਰ ਠਾਕੁਰ ਦਾ ਪਰਿਵਾਰ ਆਰਥਿਕ ਤੰਗੀ ਨਾਲ ਜੂਝ ਰਿਹਾ ਸੀ। ਜਿਸ ਕਾਰਨ ਪਰਿਵਾਰ ਦੇ ਕੁਲ 7 ਬੱਚਿਆਂ ‘ਚੋਂ 6 ਨੇ ਮੰਗਲਵਾਰ ਨੂੰ ਬਰਗਰ ‘ਚ ਕਿਸੇ ਜ਼ਹਿਰੀਲੀ ਚੀਜ਼ ਨੂੰ ਮਿਲਾ ਕੇ ਖਾ ਲਿਆ, ਜਿਸ ਤੋਂ ਬਾਅਦ 5 ਦੀ ਮੌਤ ਹੋ ਗਈ ਅਤੇ ਪਰਿਵਾਰ ਦਾ ਇਕ ਮੈਂਬਰ ਸਰਕਾਰੀ ਹਸਪਤਾਲ ‘ਚ ਇਲਾਜ ਅਧੀਨ ਹੈ। ਪੁਲਸ ਨੂੰ ਪਰਿਵਾਰ ਦੇ ਵੱਡੇ ਬੇਟੇ ਅਭਿਨੰਦਨ ਦੀ ਜੇਬ ‘ਚੋਂ ਇਕ ਸੁਸਾਇਡ ਨੋਟ ਵੀ ਮਿਲਿਆ ਹੈ, ਜਿਸ ‘ਚ ਉਸ ਨੇ ਆਰਥਿਤ ਤੰਗੀ ਅਤੇ ਮਾਤਾ-ਪਿਤਾ ਦੀ ਪਰੇਸ਼ਾਨੀ ਦਾ ਜ਼ਿਕਰ ਕਰਦੇ ਹੋਏ ਬਹੁਤ ਹੀ ਭਾਵੁਕ ਢੰਗ ਨਾਲ ਅਪਾਣੇ ਬਾਕੀ ਪਰਿਵਾਰਕ ਸਾਥੀਆਂ ਨਾਲ ਜੀਵਨ ਲੀਲਾ ਖਤਮ ਕਰਨ ਦਾ ਜ਼ਿਕਰ ਕੀਤਾ ਹੈ।

ਪਰਿਵਾਰ ਦੇ ਮੁਖੀ ਰਾਜ ਕੁਮਾਰ ਮੁਤਾਬਕ ਉਨ੍ਹਾਂ ਦਾ ਵੱਡਾ ਬੇਟਾ ਆਗਿਆਕਰੀ ਅਤੇ ਸਮਝਦਾਰ ਸੀ ਪਰ ਘਰ ‘ਚ ਤੰਗੀ ਅਤੇ ਉਸ ਦੀ ਮਾਸੂਮੀਅਤ ਦੇ ਚੱਲਦੇ ਇਹ ਘਟਨਾ ਵਾਪਰੀ।
ਇਸ ਘਟਨਾ ਦੇ ਬਾਅਦ ਜਿਥੇ ਇਕ ਪਾਸੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਮ੍ਰਿਤਕਾਂ ਦੀ ਖੁਦਕੁਸ਼ੀ ਲਈ ਕਿਸੇ ਜ਼ਹਿਰੀਲੀ ਚੀਜ਼ ਦੇ ਨਿਗਲਣ ਦੀ ਪੁਸ਼ਟੀ ਕੀਤੀ ਹੈ ਤਾਂ ਉਥੇ ਹੀ ਪੁਲਸ ਨੇ ਸੁਸਾਇਡ ਨੋਟ ਨੂੰ ਕਬਜ਼ੇ ‘ਚ ਲੈ ਕੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।