ਸਾਡੇ ਨਾਲ ਸ਼ਾਮਲ

Follow us

9.4 C
Chandigarh
Thursday, January 22, 2026
More
    Home ਵਿਚਾਰ ਲੇਖ ਪਹਿਲਾਂ ਰੱਬ ਦੀ...

    ਪਹਿਲਾਂ ਰੱਬ ਦੀਆਂ ਸਾਂਭ ਸੌਗਾਤਾਂ

    First of God gifts safe

    ਪਹਿਲਾਂ ਰੱਬ ਦੀਆਂ ਸਾਂਭ ਸੌਗਾਤਾਂ

    God gifts | ਸਿਆਣਿਆਂ ਦਾ ਕਥਨ ਹੈ ਕਿ ‘ਜੇ ਮਾਪੇ ਖ਼ੁਸ਼ ਤਾਂ ਰੱਬ ਖ਼ੁਸ਼’। ਮਾਪਿਆਂ ਨੂੰ ਰੱਬ ਦਾ ਰੂਪ ਇਸ ਲਈ ਕਿਹਾ ਗਿਆ ਹੈ ਕਿਉਂਕਿ ਬੱਚੇ ਭਾਵੇਂ ਉਨ੍ਹਾਂ ਨਾਲ ਕਿਹੋ-ਜਿਹਾ ਸਲੂਕ ਕਰਨ ਪਰ ਮਾਂ-ਪਿਓ ਦੇ ਮੂੰਹੋਂ ਸਦਾ ਉਨ੍ਹਾਂ ਲਈ ਅਸੀਸਾਂ ਹੀ ਨਿੱਕਲਦੀਆਂ ਹਨ। ਪੁੱਤ ਭਾਵੇਂ ਕਪੁੱਤ ਹੋ ਜਾਣ ਪਰ ਮਾਪੇ ਕਦੇ ਕੁਮਾਪੇ ਨਹੀਂ ਹੁੰਦੇ। ਬਚਪਨ ਵਿੱਚ ਮਾਂ ਸਾਰੀ-ਸਾਰੀ ਰਾਤ ਜਾਗ ਕੇ ਆਪ ਗਿੱਲੇ ਥਾਂ ਪੈ ਕੇ ਪੁੱਤ ਨੂੰ ਸੁੱਕੇ ਥਾਂ ਪਾਉਂਦੀ ਹੈ। ਪਿਤਾ ਸਾਰਾ ਦਿਨ ਥੱਕ-ਹਾਰ ਕੇ, ਆਪ ਭੁੱਖਾ ਰਹਿ ਕੇ ਸ਼ਾਮ ਨੂੰ ਘਰ ਆਉਣ ਲੱਗਾ ਆਪਣੇ ਬੱਚਿਆਂ ਲਈ ਕੁਝ ਨਾ ਕੁਝ ਲੈ ਕੇ ਆਉਂਦਾ ਹੈ। ਭਾਵੇਂ ਉਹ ਬੇਸ਼ੱਕ ਕਿੰਨਾ ਵੀ ਥੱਕਿਆ ਹੋਇਆ ਘਰ ਆਵੇ ਪਰ ਆਪਣੇ ਬੱਚਿਆਂ ਨੂੰ ਦੇਖ ਕੇ ਉਸ ਦੀ ਥਕਾਵਟ ਲੱਥ ਜਾਂਦੀ ਹੈ।

    ਬੱਚੇ ਨੂੰ ਮਾੜੀ ਜਿਹੀ ਤਕਲੀਫ਼ ਹੋਵੇ ਤਾਂ ਮਾਂ-ਪਿਓ ਸਾਰੀ ਰਾਤ ਜਾਗ ਕੇ ਲੰਘਾ ਦਿੰਦੇ ਹਨ। ਇਸ ਤਰ੍ਹਾਂ ਦੀਆਂ ਕਿੰਨੀਆਂ ਉਦਾਹਰਨਾਂ ਸਾਡੇ ਸਾਹਮਣੇ ਹਨ ਜਿਨ੍ਹਾਂ ਵਿੱਚ ਮਾਂ ਦੀ ਮਮਤਾ ਅਤੇ ਪਿਤਾ ਦਾ ਪਿਆਰ ਸਾਫ਼ ਝਲਕਦਾ ਹੁੰਦਾ ਹੈ ਪਰ ਓਹੀ ਬੱਚੇ ਜੇ ਵੱਡੇ ਹੋ ਕੇ ਮਾਂ-ਬਾਪ ਦਾ ਸਤਿਕਾਰ ਨਾ ਕਰਨ, ਉਨ੍ਹਾਂ ਦੀਆਂ ਉਮੀਦਾਂ ‘ਤੇ ਖਰੇ ਨਾ ਉੱਤਰ ਕੇ ਬੁਰੀ ਸੰਗਤ ਵਿੱਚ ਪੈ ਜਾਣ ਤਾਂ ਉਨ੍ਹਾਂ ਮਾਪਿਆਂ ‘ਤੇ ਕੀ ਬੀਤਦੀ ਹੈ, ਇਹ ਅੰਦਾਜ਼ਾ ਲਾਉਣਾ ਬਹੁਤਾ ਔਖਾ ਨਹੀਂ। ਇਹ ਠੀਕ ਹੈ ਕਿ ਕਈ ਬੱਚਿਆਂ ਦੀਆਂ ਮਜ਼ਬੂਰੀਆਂ ਬਣ ਜਾਂਦੀਆਂ ਹਨ,

    God gifts | ਉਨ੍ਹਾਂ ਨੂੰ ਆਪਣੇ ਕੰਮਾਂ-ਕਾਰਾਂ ਦੇ ਸਿਲਸਿਲੇ ਵਿੱਚ ਜਾਂ ਨੌਕਰੀ ਕਰਕੇ ਦੂਰ-ਦੁਰਾਡੇ ਰਹਿਣਾ ਪੈਂਦਾ ਹੈ ਪਰ ਜੋ ਬੱਚੇ ਇੱਕੋ ਸ਼ਹਿਰ, ਇੱਕੋ ਮੁਹੱਲੇ ਅਤੇ ਇੱਕੋ ਘਰ ਵਿੱਚ ਹੁੰਦੇ ਹੋਏ ਵੀ ਆਪਣੇ ਮਾਤਾ-ਪਿਤਾ ਨੂੰ ਅਲੱਗ ਰਹਿਣ ਲਈ ਮਜ਼ਬੂਰ ਕਰਨ ਜਾਂ ਆਪ ਅਲੱਗ ਹੋ ਜਾਣ, ਉਨ੍ਹਾਂ ਨੂੰ ਬਚਪਨ ਯਾਦ ਕਰਨਾ ਚਾਹੀਦਾ ਹੈ ਜਦੋਂ ਮਾਂ-ਬਾਪ ਕਿਤੇ ਪਲ ਭਰ ਲਈ ਵੀ ਅੱਖੋਂ ਓਹਲੇ ਹੋ ਜਾਂਦੇ ਸਨ ਤਾਂ ਸਾਰੀ ਦੁਨੀਆਂ ਹਨ੍ਹੇਰੀ ਜਾਪਣ ਲੱਗ ਪੈਂਦੀ ਸੀ। ਦਿਨ ਵੇਲੇ ਭਾਵੇਂ ਕਿਤੇ ਵੀ ਖੇਡ ਲੈਣਾ ਜਾਂ ਚਲੇ ਜਾਣਾ ਪਰ ਰਾਤ ਵੇਲੇ ‘ਮਾਂ’ ਚਾਹੀਦੀ ਹੁੰਦੀ ਸੀ। ਕੀ ਵੱਡੇ ਹੋ ਕੇ ਉਹ ਮਾਂ-ਬਾਪ ਨਹੀਂ ਚਾਹੀਦੇ ਹੁੰਦੇ?

    God gifts | ਕੀ ਵੱਡੇ ਹੋ ਕੇ ਸਾਨੂੰ ਉਨ੍ਹਾਂ ਦੀ ਲੋੜ ਘਟ ਜਾਂਦੀ ਹੈ? ਕੀ ਅਸੀਂ ਇੰਨੇ ਸਿਆਣੇ ਹੋ ਜਾਂਦੇ ਹਾਂ ਕਿ ਸਾਰੇ ਫ਼ੈਸਲੇ ਆਪ ਕਰਨੇ ਹੀ ਠੀਕ ਸਮਝਦੇ ਹਾਂ? ਕੀ ਸਾਨੂੰ ਏਨੀ ਮੱਤ ਆ ਜਾਂਦੀ ਹੈ ਕਿ ਅਸੀਂ ਵੱਡਿਆਂ ਨੂੰ ਮੱਤਾਂ ਦੇਣ ਲੱਗਿਆਂ ਭੋਰਾ ਸੰਕੋਚ ਨਹੀਂ ਕਰਦੇ? ਸਮਾਂ ਬਦਲ ਗਿਆ ਹੈ, ਨਵਾਂ ਯੁੱਗ ਆ ਗਿਆ। ਨਵੀਂਆਂ-ਨਵੀਂਆਂ ਚੀਜ਼ਾਂ ਆ ਗਈਆਂ ਹਨ। ਬਜ਼ੁਰਗ ਇਸ ਆਧੁਨਿਕ ਜ਼ਮਾਨੇ ਨੂੰ ਭਾਵੇਂ ਅਪਨਾਉਣਾ ਨਹੀਂ ਚਾਹੁੰਦੇ ਪਰ ਇਨ੍ਹਾਂ ਚੀਜ਼ਾਂ ਦੇ ਫਾਇਦੇ ਦੱਸ ਕੇ ਬਜ਼ੁਰਗਾਂ ਨੂੰ ਸਮੇਂ ਦੇ ਨਾਲ ਢਾਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ,

    ਨਾ ਕਿ ਉਨ੍ਹਾਂ ਨੂੰ ਖਿਝ-ਖਿਝ ਕੇ ਪੈਣਾ ਚਾਹੀਦਾ ਹੈ। ਹੁਣ ਸਾਨੂੰ ਜ਼ਿੰਦਗੀ ਜ਼ਿਆਦਾ ਜਿਊਣੀ ਨਹੀਂ ਆ ਗਈ। ਉਨ੍ਹਾਂ ਨੇ ਵੀ ਸਾਰੀ ਉਮਰ ਹੰਢਾਈ ਹੁੰਦੀ ਹੈ। ਉਨ੍ਹਾਂ ਦੇ ਵੀ ਆਪਣੇ ਤਜ਼ਰਬੇ ਹੁੰਦੇ ਹਨ ਪਰ ਅੱਜ-ਕੱਲ੍ਹ ਦੇਖਿਆ ਜਾਵੇ ਤਾਂ ਪੜ੍ਹੀਆਂ-ਲਿਖੀਆਂ ਨੂੰਹਾਂ ਆਪਣੇ ਸੱਸ-ਸਹੁਰੇ ਨੂੰ ਹਰ ਗੱਲ ‘ਤੇ ਟੋਕਣ ‘ਚ ਫਖ਼ਰ ਮਹਿਸੂਸ ਕਰਦੀਆਂ ਹਨ।

    ‘ਤੁਸੀਂ ਕੱਪੜੇ ਨਹੀਂ ਚੰਗੇ ਪਾਉਂਦੇ, ਤੁਹਾਡੀ ਜੁੱਤੀ ਨਹੀਂ ਚੰਗੀ, ਤੁਹਾਨੂੰ ਖਾਣਾ ਨਹੀਂ ਆਉਂਦਾ, ਤੁਸੀਂ ਬੋਲਦੇ ਉੱਚੀ ਹੋ’, ਇਹ ਨਿੱਕੀਆਂ-ਨਿੱਕੀਆਂ ਗੱਲਾਂ ਸਾਨੂੰ ਆਪਣੇ ਆਲੇ-ਦੁਆਲੇ ਘਰਾਂ ਵਿੱਚ ਆਮ ਦੇਖਣ-ਸੁਣਨ ਨੂੰ ਮਿਲਦੀਆਂ ਹਨ। ਜਦੋਂ ਇਹ ਗੱਲਾਂ ਕਹੀਆਂ ਜਾਂਦੀਆਂ ਹਨ ਤਾਂ ਉਸ ਵੇਲੇ ਉਨ੍ਹਾਂ ਬਜ਼ੁਰਗਾਂ ਦੇ ਦਿਲ ‘ਤੇ ਕੀ ਬੀਤਦੀ ਹੋਵੇਗੀ ਇਸ ਦਾ ਅੰਦਾਜ਼ਾ ਸਿਰਫ਼ ਓਹੀ ਲਾ ਸਕਦਾ ਹੈ ਜਿਸ ਨਾਲ ਬੀਤਦੀ ਹੋਵੇ

    God gifts | ਆਪਣੇ ਮਾਂ-ਬਾਪ ਜਾਂ ਸੱਸ-ਸਹੁਰੇ ਨੂੰ ਇਹ ਗੱਲਾਂ ਪਿਆਰ ਨਾਲ ਵੀ ਕਹੀਆਂ ਜਾ ਸਕਦੀਆਂ ਹਨ। ਅਸੀਂ ਵੀ ਇੱਕ ਦਿਨ ਉਮਰ ਦੇ ਉਸ ਪੜਾਅ ਵਿੱਚ ਜਾਣਾ ਹੈ। ਸਾਨੂੰ ਕੀ ਪਤਾ ਸਾਡੇ ਨੂੰਹਾਂ-ਪੁੱਤ ਕਿਹੋ-ਜਿਹਾ ਵਿਹਾਰ ਕਰਨਗੇ? ਫਿਰ ਅਸੀਂ ਕਿਸ ਨੂੰ ਜ਼ਿੰਮੇਵਾਰ ਠਹਿਰਾਵਾਂਗੇ ਕਿਉਂਕਿ ਸਾਡੇ ਬੱਚਿਆਂ ‘ਤੇ ਵੀ ਓਹੋ-ਜਿਹਾ ਹੀ ਅਸਰ ਹੋਵੇਗਾ ਜੋ ਉਹ ਅੱਜ ਘਰਾਂ ਵਿੱਚ ਦੇਖ ਰਹੇ ਹਨ

    ਅਸੀਂ ਆਪਣੇ ਬੱਚਿਆਂ ਦੇ ਵਿਆਹਾਂ ਤੋਂ ਬਾਅਦ ਬਹੁਤ ਸੁਫ਼ਨੇ ਦੇਖਦੇ ਹਾਂ। ਨੂੰਹ-ਪੁੱਤ ਤੋਂ ਸੁਖ ਲੈਣ ਦੀਆਂ ਗੱਲਾਂ ਕਰਦੇ ਹਾਂ। ਸੁਫ਼ਨੇ ਲੈਣੇ ਵੀ ਚਾਹੀਦੇ ਹਨ, ਇਹ ਸਾਡਾ ਹੱਕ ਬਣਦਾ ਹੈ। ਆਪਣੇ ਬੱਚਿਆਂ ਤੋਂ ਉਮੀਦਾਂ ਨਹੀਂ ਕਰਨੀਆਂ ਤਾਂ ਕੀ ਕਿਸੇ ਬਾਹਰਲੇ ਨੇ ਉਨ੍ਹਾਂ ਦੇ ਚਾਅ ਪੂਰੇ ਕਰਨੇ ਹਨ ਪਰ ਜ਼ਰਾ ਸੋਚੋ, ਕੀ ਤੁਸੀਂ ਆਪਣੇ ਮਾਂ-ਬਾਪ ਦੇ ਸੁਫ਼ਨੇ ਪੂਰੇ ਕੀਤੇ ਹਨ? ਕੀ ਤੁਸੀਂ ਉਨ੍ਹਾਂ ਨੂੰ ਸੁੱਖ ਦੇ ਰਹੇ ਹੋ? ਆਪ ਤਾਂ ਅਸੀਂ ਉਨ੍ਹਾਂ ਨੂੰ ਘਰ ਦੀ ਕਿਸੇ ਚੀਜ਼ ਨੂੰ ਹੱਥ ਲਾਉਣ ਤੋਂ ਰੋਕਣ ‘ਚ ਸੰਕੋਚ ਨਹੀਂ ਕਰਦੇ ਪਰ ਖ਼ੁਦ ਅਸੀਂ ਭਾਲਦੇ ਹਾਂ ਕਿ ਸਾਡੇ ਬੱਚੇ ਸਾਨੂੰ ਆਹ ਵੀ ਲੈ ਕੇ ਦੇਣਗੇ, ਉਹ ਵੀ ਲੈ ਕੇ ਦੇਣਗੇ

    ਬੇਸ਼ੱਕ ਸਾਰੇ ਘਰਾਂ ਵਿੱਚ ਅਜਿਹਾ ਨਹੀਂ ਹੁੰਦਾ। ਕਈ ਘਰਾਂ ਵਿੱਚ ਮਾਂ-ਬਾਪ ਦਾ ਪੂਰਾ ਸਤਿਕਾਰ ਕੀਤਾ ਜਾਂਦਾ ਹੈ। ਹਰ ਕੰਮ ਉਨ੍ਹਾਂ ਦੇ ਅਸ਼ੀਰਵਾਦ ਨਾਲ ਕੀਤਾ ਜਾਂਦਾ ਹੈ। ਉਨ੍ਹਾਂ ਦੀ ਹਰ ਕੰਮ ਵਿੱਚ ਸ਼ਮੂਲੀਅਤ ਨੂੰ ਆਪਣਾ ਵਡਭਾਗ ਸਮਝਿਆ ਜਾਂਦਾ ਹੈ। ਉਹ ਘਰ ਸਵਰਗ ਹੁੰਦੇ ਹਨ।

    God gifts | ਉਨ੍ਹਾਂ ਘਰਾਂ ਵਿੱਚ ਖ਼ੁਸ਼ੀਆਂ ਆਪ ਚੱਲ ਕੇ ਆਉਂਦੀਆਂ ਹਨ। ਜਿਨ੍ਹਾਂ ਘਰਾਂ ਵਿੱਚ ਮਾਂ-ਬਾਪ ਦਾ ਅਸ਼ੀਰਵਾਦ ਨਾਲ ਹੋਵੇ, ਉਨ੍ਹਾਂ ਘਰਾਂ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ ਆਉਂਦੀ ਪਰ ਅਫ਼ਸੋਸ, ਕਈ ਘਰ ਅਜਿਹੇ ਹਨ ਜਿੱਥੇ ਬਜ਼ੁਰਗਾਂ ਨਾਲ ਗੱਲ ਕਰਕੇ ਦੇਖੋ ਤਾਂ ਉਹ ਫੋੜੇ ਵਾਂਗ ਫਿੱਸ ਪੈਂਦੇ ਹਨ। ਉਹ ਆਪਣੇ ਮਨ ਦੀ ਭੜਾਸ ਕੱਢਦੇ ਹੋਏ ਇਹ ਕਹਿਣ ਤੋਂ ਵੀ ਸੰਕੋਚ ਨਹੀਂ ਕਰਦੇ ਕਿ ਉਹ ਨਰਕ ਵਰਗੀ ਜ਼ਿੰਦਗੀ ਬਤੀਤ ਕਰ ਰਹੇ ਹਨ। ਉਨ੍ਹਾਂ ਵੱਲ ਦੇਖ ਕੇ ਮਨ ਦੁਖੀ ਹੁੰਦਾ ਹੈ ਸਾਨੂੰ ਆਪਣਾ ਭਵਿੱਖ ਸੰਵਾਰਨ ਲਈ ਪਿੱਛੇ ਝਾਤੀ ਮਾਰਨ ਦੀ ਲੋੜ ਹੈ।

    ਜੇ ਖ਼ੁਦ ਸੁੱਖ ਲੈਣਾ ਲੋਚਦੇ ਹਾਂ ਤਾਂ ਮਾਪਿਆਂ ਨੂੰ ਖ਼ੁਸ਼ ਰੱਖਣਾ ਸਾਡਾ ਸਭ ਤੋਂ ਪਹਿਲਾ ਫ਼ਰਜ਼ ਹੈ। ਤੁਸੀਂ ਅਜ਼ਮਾ ਕੇ ਦੋਖੇ ਕਿ ਜਦੋਂ ਕੋਈ ਨਵੀਂ ਚੀਜ਼ ਘਰ ਲੈ ਕੇ ਆਓ ਜਾਂ ਕੋਈ ਖ਼ੁਸ਼ੀ ਦੀ ਖ਼ਬਰ ਮਾਪਿਆਂ ਨੂੰ ਸੁਣਾਓ ਤਾਂ ਉਨ੍ਹਾਂ ਦੇ ਚਿਹਰੇ ‘ਤੇ ਕਿੰਨੀ ਚਮਕ ਹੁੰਦੀ ਹੈ। ਇਸ ਲਈ ਸਾਨੂੰ ਕਿਸੇ ਵੀ ਹਾਲਤ ਵਿੱਚ ਆਪਣੇ ਬਜ਼ੁਰਗਾਂ ਨੂੰ ਖ਼ੁਸ਼ ਰੱਖਣਾ ਚਾਹੀਦਾ ਹੈ। ਉਨ੍ਹਾਂ ਦੀ ਹਰ ਗੱਲ ਨੂੰ ਬਿਨਾਂ ਮੱਥੇ ਤਿਊੜੀ ਪਾਏ, ਖਿੜੇ ਮੱਥੇ ਮੰਨਣਾ ਚਾਹੀਦਾ ਹੈ। ਫਿਰ ਦੇਖੋ ਹਰ ਘਰ ਸਵਰਗ ਬਣ ਜਾਵੇਗਾ
    ਕੋਟਲੀ ਅਬਲੂ।
    ਕਮਲ ਬਰਾੜ

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    First of God gifts safe

    LEAVE A REPLY

    Please enter your comment!
    Please enter your name here