ਇੰਗਲੈਂਡ ਨੂੰ 2 ਵਿਕਟਾਂ ਨਾਲ ਹਰਾਇਆ | Ashes Series
- ਕੰਮਿੰਸ-ਲਾਇਨ ਨੇ 9ਵੇਂ ਵਿਕਟ ਲਈ ਕੀਤੀ 55 ਦੌੜਾਂ ਦੀ ਸਾਂਝੇਦਾਰੀ
ਬਰਮਿੰਘਮ (ਏਜੰਸੀ)। ਏਸ਼ੇਜ (Ashes Series) ਸੀਰੀਜ ਦੇ ਪਹਿਲੇ ਟੈਸਟ ਮੈਚ ’ਚ ਅਸਟਰੇਲੀਆ ਨੇ ਇੰਗਲੈਂਡ ਨੂੰ ਰੋਮਾਂਚਕ ਮੁਕਾਬਲੇ ’ਚ 2 ਵਿਕਟਾਂ ਨਾਲ ਹਰਾ ਦਿੱਤਾ। ਬਰਮਿੰਘਮ ਟੈਸਟ ’ਚ 281 ਦੌੜਾਂ ਦਾ ਪਿੱਛਾ ਕਰਦੇ ਹੋਏ ਅਸਟਰੇਲੀਆ ਨੂੰ ਆਖਰੀ ਦਿਨ ਜਿੱਤ ਲਈ 174 ਦੌੜਾਂ ਦੀ ਜ਼ਰੂਰਤ ਸੀ। ਟੀਮ ਨੇ ਦੂਜੀ ਪਾਰੀ ’ਚ 8 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਆਸਟਰੇਲੀਆ ਦੇ ਕਪਤਾਨ ਪੈਟ ਕਮਿੰਸ ਨੇ ਜੇਤੂ ਸ਼ਾਟ ਮਾਰਿਆ। ਉਸ ਨੇ ਨਾਥਨ ਲਿਓਨ ਨਾਲ 9ਵੀਂ ਵਿਕਟ ਲਈ 55 ਦੌੜਾਂ ਦੀ ਨਾਬਾਦ ਸਾਂਝੇਦਾਰੀ ਵੀ ਕੀਤੀ। ਪਹਿਲੀ ਪਾਰੀ ’ਚ 141 ਅਤੇ ਦੂਜੀ ਪਾਰੀ ’ਚ 65 ਦੌੜਾਂ ਬਣਾਉਣ ਵਾਲੇ ਅਸਟਰੇਲੀਆ ਦੇ ਓਪਨਰ ਉਸਮਾਨ ਖਵਾਜਾ ਨੂੰ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ।
5ਵੇਂ ਦਿਨ ਇੰਗਲੈਂਡ ਦੀ 7 ਵਿਕਟਾਂ ਦੀ ਜ਼ਰੂਰਤ ਸੀ | Ashes Series
ਆਸਟਰੇਲੀਆ ਨੇ ਚੌਥੇ ਦਿਨ ਸਟੰਪ ਤੱਕ ਤਿੰਨ ਵਿਕਟਾਂ ਗੁਆ ਕੇ 107 ਦੌੜਾਂ ਬਣਾ ਲਈਆਂ ਸਨ। ਮੈਚ ਦੇ ਆਖਰੀ ਦਿਨ ਮੀਂਹ ਕਾਰਨ ਪਹਿਲੇ ਸ਼ੈਸਨ ਦਾ ਖੇਡ ਨਹੀਂ ਹੋ ਸਕਿਆ। ਖੇਡ ਦੇ ਆਖਰੀ 2 ਸੈਸ਼ਨਾਂ ’ਚ ਅਸਟਰੇਲੀਆ ਨੂੰ 67 ਓਵਰਾਂ ’ਚ 174 ਦੌੜਾਂ ਬਣਾਉਣੀਆਂ ਪਈਆਂ, ਜਦਕਿ ਉਸ ਦੀਆਂ ਸਿਰਫ 7 ਵਿਕਟਾਂ ਬਚੀਆਂ ਸਨ। ਟੀਮ ਦੀਆਂ 7 ਵਿਕਟਾਂ 209 ਦੌੜਾਂ ’ਤੇ ਡਿੱਗ ਗਈਆਂ ਤਾਂ ਬੱਲੇਬਾਜੀ ਲਈ ਆਏ ਕਪਤਾਨ ਪੈਟ ਕਮਿੰਸ ਨਾਲ ਐਲੇਕਸ ਕੈਰੀ ਕ੍ਰੀਜ ’ਤੇ ਡਟੇ ਰਹੇ। ਪਰ ਕੈਰੀ ਵੀ 227 ਦੌੜਾਂ ਬਣਾ ਕੇ ਆਊਟ ਹੋ ਗਏ। ਇੱਥੇ ਕਮਿੰਸ ਨੇ ਸਿਰਫ 72 ਗੇਂਦਾਂ ’ਤੇ ਨਾਥਨ ਲਿਓਨ ਨਾਲ 9ਵੀਂ ਵਿਕਟ ਲਈ 55 ਦੌੜਾਂ ਦੀ ਨਾਬਾਦ ਸਾਂਝੇਦਾਰੀ ਕੀਤੀ ਅਤੇ ਟੀਮ ਨੂੰ 2 ਵਿਕਟਾਂ ਨਾਲ ਰੋਮਾਂਚਕ ਜਿੱਤ ਦਿਵਾਈ।
ਅਸਟਰੇਲੀਆ ਨੇ 18 ਸਾਲ ਪੁਰਾਣਾ ਬਦਲਾ ਚੁਕਤਾ ਕੀਤਾ | Ashes Series
ਅਸਟਰੇਲੀਆ ਦੀ ਟੀਮ ਨੇ ਵੀ ਬਰਮਿੰਘਮ ਦੇ ਮੈਦਾਨ ’ਤੇ ਆਪਣਾ ਸਭ ਤੋਂ ਵੱਡਾ ਟੀਚਾ ਹਾਸਲ ਕੀਤਾ। ਇਸ ਤੋਂ ਪਹਿਲਾਂ ਟੀਮ ਨੇ 1993 ’ਚ ਇੱਥੇ ਇੰਗਲੈਂਡ ਖਿਲਾਫ 120 ਦੌੜਾਂ ਦੇ ਸਭ ਤੋਂ ਵੱਡੇ ਟੀਚੇ ਦਾ ਪਿੱਛਾ ਕੀਤਾ ਸੀ। ਇਸ ਜਿੱਤ ਨਾਲ ਅਸਟਰੇਲੀਆ ਨੇ ਇਸੇ ਮੈਦਾਨ ’ਤੇ 18 ਸਾਲ ਪਹਿਲਾਂ ਇੰਗਲੈਂਡ ਖਿਲਾਫ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ। 2005 ’ਚ ਏਸ਼ੇਜ ਲੜੀ ਦੌਰਾਨ 282 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਅਸਟਰੇਲੀਆ ਨੂੰ ਕਰੀਬੀ ਮੈਚ ’ਚ 2 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਵਿਕਟਾਂ ਡਿੱਗਦੀਆਂ ਰਹੀਆਂ, ਕਪਤਾਨ ਕਮਿੰਸ ਨੇ ਬਚਾਇਆ | Ashes Series
ਆਸਟਰੇਲੀਆ ਨੇ ਚੌਥੇ ਦਿਨ 30 ਓਵਰਾਂ ’ਚ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ। ਮੀਂਹ ਕਾਰਨ ਆਖਰੀ ਦਿਨ ਦਾ ਪਹਿਲਾ ਸੈਸ਼ਨ ਨਹੀਂ ਖੇਡਿਆ ਜਾ ਸਕਿਆ। ਮੈਚ ਪੰਜਵੇਂ ਦਿਨ ਦੂਜੇ ਸੈਸ਼ਨ ਤੋਂ ਸਿੱਧਾ ਸ਼ੁਰੂ ਹੋਇਆ। ਉਸਮਾਨ ਖਵਾਜਾ ਅਤੇ ਸਕਾਟ ਬੋਲੈਂਡ ਨੇ ਪਾਰੀ ਨੂੰ ਅੱਗੇ ਵਧਾਇਆ। 37ਵੇਂ ਓਵਰ ’ਚ ਸਕਾਟ ਬੋਲੈਂਡ ਨੂੰ ਸਟੂਅਰਟ ਬ੍ਰਾਡ ਨੇ 20 ਦੌੜਾਂ ਬਣਾ ਕੇ ਆਊਟ ਕੀਤਾ। ਬੋਲੈਂਡ ਦੀ ਵਿਕਟ ਤੋਂ ਬਾਅਦ ਅਸਟਰੇਲੀਆਈ ਬੱਲੇਬਾਜ ਟਿਕ ਨਹੀਂ ਸਕੇ।
ਟੈ੍ਰਵਿਸ ਹੈੱਡ 16, ਕੈਮਰਨ ਗ੍ਰੀਨ 28, ਐਲੇਕਸ ਕੈਰੀ 28 ਅਤੇ ਖਵਾਜਾ ਵੀ 65 ਦੌੜਾਂ ਬਣਾ ਕੇ ਆਊਟ ਹੋਏ। ਜਦੋਂ ਕਪਤਾਨ ਪੈਟ ਕਮਿੰਸ ਬੱਲੇਬਾਜੀ ਲਈ ਆਏ ਤਾਂ ਟੀਮ ਨੂੰ 72 ਦੌੜਾਂ ਦੀ ਜ਼ਰੂਰਤ ਸੀ। ਕੈਰੀ ਦੇ ਆਊਟ ਹੋਣ ਤੋਂ ਬਾਅਦ ਟੀਮ ਨੂੰ 17 ਓਵਰਾਂ ’ਚ 55 ਦੌੜਾਂ ਬਣਾਉਣੀਆਂ ਸਨ ਅਤੇ ਉਸ ਦੀਆਂ ਸਿਰਫ 2 ਵਿਕਟਾਂ ਬਾਕੀ ਸਨ। ਕਮਿੰਸ ਨੇ ਹੇਠਲੇ ਪੱਧਰ ਦੇ ਬੱਲੇਬਾਜ ਨਾਥਨ ਲਿਓਨ ਦੇ ਨਾਲ 72 ਗੇਂਦਾਂ ’ਤੇ 55 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ ਅਤੇ ਥਰਡ ਮੈਨ ਵੱਲ ਰੌਬਿਨਸਨ ਨੂੰ ਚੌਕਾ ਲਗਾ ਕੇ ਜਿੱਤ ’ਤੇ ਮੋਹਰ ਲਾਈ। ਕਮਿੰਸ 73 ਗੇਂਦਾਂ ’ਤੇ 44 ਅਤੇ ਲਿਓਨ ਨੇ 28 ਗੇਂਦਾਂ ’ਤੇ 16 ਦੌੜਾਂ ਬਣਾ ਕੇ ਨਾਬਾਦ ਆਏ।
ਚੌਥੇ ਦਿਨ 273 ਦੌੜਾਂ ’ਤੇ ਆਲਆਉਟ ਹੋ ਗਿਆ ਸੀ ਇੰਗਲੈਂਡ | Ashes Series
ਚੌਥੇ ਦਿਨ ਇੰਗਲੈਂਡ ਨੇ ਦੂਜੀ ਪਾਰੀ ’ਚ 28/2 ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਜੋ ਰੂਟ (0) ਅਤੇ ਓਲੀ ਪੌਪ (0) ਨੇ ਚੌਥੇ ਦਿਨ ਦੀ ਸ਼ੁਰੂਆਤ ਕੀਤੀ। ਇੰਗਲੈਂਡ ਨੂੰ ਦਿਨ ਦਾ ਪਹਿਲਾ ਝਟਕਾ ਪੌਪ ਦੇ ਰੂਪ ’ਚ ਲੱਗਿਆ। ਓਲੀ ਪੌਪ 14 ਦੌੜਾਂ ਬਣਾ ਕੇ ਆਸਟਰੇਲੀਆ ਦੇ ਕਪਤਾਨ ਪੈਟ ਕਮਿੰਸ ਦਾ ਸ਼ਿਕਾਰ ਬਣੇ। ਕਮਿੰਸ ਨੇ ਉਸ ਨੂੰ ਬੋਲਡ ਕੀਤਾ। ਇਸ ਤੋਂ ਬਾਅਦ ਨਾਥਨ ਲਿਓਨ ਨੇ ਰੂਟ ਨੂੰ ਆਊਟ ਕਰਕੇ ਇੰਗਲੈਂਡ ਨੂੰ ਚੌਥਾ ਝਟਕਾ ਦਿੱਤਾ।
ਰੂਟ 46 ਦੌੜਾਂ ਬਣਾ ਕੇ ਲਾਇਨਜ ਦੀ ਗੇਂਦ ’ਤੇ ਵਿਕਟਕੀਪਰ ਐਲੇਕਸ ਕੈਰੀ ਦੇ ਹੱਥੋਂ ਕੈਚ ਆਊਟ ਹੋ ਗਏ। ਇਸ ਤਰ੍ਹਾਂ ਇੰਗਲੈਂਡ ਨੂੰ 129 ਦੌੜਾਂ ’ਤੇ ਚੌਥਾ ਝਟਕਾ ਲੱਗਿਆ। ਇਸ ਦੌਰਾਨ ਰੂਟ ਕੁਝ ਅਜੀਬ ਸ਼ਾਟ ਖੇਡਦੇ ਵੀ ਨਜਰ ਆਏ। ਉਸ ਨੇ ਰਿਵਰਸ ਸਕੂਪ ਸਾਟ ’ਤੇ ਛੱਕਾ ਲਾਇਆ। ਉਸ ਦੇ ਇਸ ਸ਼ਾਟ ਨੂੰ ਦੇਖ ਕੇ ਕੁਮੈਂਟੇਟਰ ਅਤੇ ਪ੍ਰਸ਼ੰਸਕ ਦੋਵੇਂ ਹੀ ਹੈਰਾਨ ਰਹਿ ਗਏ।