ਪਾਕਿ ਹਥਿਆਰਾਂ ਸਮੇਤ ਤਿੰਨ ਨਸ਼ਾ ਤਸਕਰ ਕਾਬੂ
ਅੰਮ੍ਰਿਤਸਰ (ਰਾਜਨ ਮਾਨ) | ਐਸਟੀਐਫ ਤੇ ਨਸ਼ਾ ਤਸਕਰਾਂ ਵਿਚਕਾਰ ਕਸਬਾ ਜੰਡਿਆਲਾ ਗੁਰੂ ਨੇੜੇ ਇੱਕ ਢਾਬੇ ‘ਤੇ ਹੋਏ ਮੁਕਾਬਲੇ ਵਿੱਚ ਪੁਲਿਸ ਨੇ ਤਿੰਨ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਗ੍ਰਿਫ਼ਤਾਰ ਤਸਕਰਾਂ ਕੋਲੋਂ ਪਾਕਿਸਤਾਨ ਤੋਂ ਤਸਕਰੀ ਹੋ ਕੇ ਆਏ ਵੱਡੀ ਮਾਤਰਾ ਵਿੱਚ ਹਥਿਆਰ ਤੇ ਗੋਲੀ ਸਿੱਕਾ ਬਰਾਮਦ ਕੀਤਾ ਹੈ
ਪ੍ਰਾਪਤ ਜਾਣਕਾਰੀ ਅਨੁਸਾਰ ਐਸਟੀਐਫ ਦੀ ਇੱਕ ਟੀਮ ਨੇ ਸੂਚਨਾ ਦੇ ਅਧਾਰ ‘ਤੇ ਜੰਡਿਆਲਾ ਗੁਰੂ ਦੇ ਨੇੜੇ ਜੀਟੀ ਰੋਡ ‘ਤੇ ਸਥਿੱਤ ਗੁਰਦਾਸਪੁਰੀਆਂ ਦੇ ਢਾਬੇ ‘ਤੇ ਜਦੋਂ ਛਾਪਾ ਮਾਰਿਆ ਤਾਂ ਉਥੇ ਪਹਿਲਾਂ ਤੋਂ ਮੌਜੂਦ ਡਰੱਗ ਤਸਕਰਾਂ ਨੇ ਟੀਮ ਤੇ ਗੋਲੀਬਾਰੀ ਕਰ ਦਿੱਤੀ, ਜਿਸਦੇ ਜਵਾਬ ਵਿੱਚ ਪੁਲਿਸ ਵੱਲੋਂ ਵੀ ਗੋਲੀਬਾਰੀ ਕੀਤੀ ਗਈ ਇਸ ਮੌਕੇ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਲਿਆ ਜਦਕਿ ਇੱਕ ਵਿਅਕਤੀ ਫਰਾਰ ਹੋ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਟੀਐਫ ਦੇ ਆਈਜੀ ਸਨੇਹਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਜਾਣਕਾਰੀ ਮਿਲੀ ਸੀ ਕਿ ਕੁਝ ਤਸਕਰ ਪਾਕਿਸਤਾਨ ਤੋਂ ਹਥਿਆਰ ਤੇ ਹੋਰ ਸਮਾਨ ਲੈ ਕੇ ਆਏ ਹਨ ਅਤੇ ਇਸ ਸੂਚਨਾ ਦੇ ਅਧਾਰ ‘ਤੇ ਉਹਨਾਂ ਨੇ ਉਕਤ ਢਾਬੇ ‘ਤੇ ਰੇਡ ਕੀਤੀ ਅਤੇ ਉਥੇ ਮੌਜੂਦ ਡਰੱਗ ਤਸਕਰਾਂ ਨੇ ਪੁਲਿਸ ਪਾਰਟੀ ਤੇ ਗੋਲੀਆਂ ਚਲਾ ਦਿੱਤੀਆਂ, ਜਿਸਦੇ ਜੁਆਬ ਵਿੱਚ ਪੁਲਿਸ ਨੇ ਵੀ ਗੋਲੀਆਂ ਚਲਾਈਆਂ ‘ਤੇ ਮੌਕੇ ਤੋਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਦੱਸਿਆ ਕਿ ਐਸਟੀਐਫ ਮੋਹਾਲੀ ਦੀ ਟੀਮ ਅਤੇ ਬੀ. ਐੱਸ. ਐੱਫ. ਵੱਲੋਂ ਸਾਂਝਾ ਆਪ੍ਰੇਸ਼ਨ ਕੀਤਾ ਗਿਆ
ਇਸ ਮੌਕੇ ਤਸਕਰਾਂ ਕੋਲੋਂ ਏ. ਕੇ. 47 ਸੀਰੀਜ਼ ਵਾਲੀਆਂ 5 ਰਾਈਫਲਾਂ, 10 ਮੈਗਜ਼ੀਨ, 200 ਜਿੰਦਾ ਰੌਂਦ, ਪਾਕਿਸਤਾਨ ਦੇ ਉਰਦੂ ਅਖ਼ਬਾਰ ‘ਚ ਲਪੇਟੇ ਹੋਏ ਦੋ ਪਿਸਤੌਲ, ਤਿੰਨ ਮੈਗਜ਼ੀਨ ਅਤੇ 64 ਕਾਰਤੂਸ ਅਤੇ ਹੋਰ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ ਉਨ੍ਹਾਂ ਕਿਹਾ ਕਿ ਇਹ ਹਥਿਆਰ ਪਾਕਿਸਤਾਨ ਤੋਂ ਤਸਕਰੀ ਹੋ ਕੇ ਭਾਰਤ ਆਏ ਹਨ ਉਹਨਾਂ ਕਿਹਾ ਕਿ ਫੜੇ ਗਏ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹ ਹਥਿਆਰ ਅੱਗੇ ਕਿਥੇ ਸਪਲਾਈ ਕੀਤੇ ਜਾਣੇ ਸੀ ਅਤੇ ਇਸ ਪਿੱਛੇ ਕਿਸਦਾ ਹੱਥ ਹੈ ਆਈਜੀ ਨੇ ਆਖਿਆ ਕਿ ਇੰਨੀ ਵੱਡੀ ਮਾਤਰਾ ਵਿੱਚ ਹਥਿਆਰ ਮਿਲਣੇ ਇਸ ਗੱਲ ਦਾ ਸਬੂਤ ਹੈ ਕਿ ਤਸਕਰਾਂ ਵੱਲੋਂ ਪੰਜਾਬ ਵਿੱਚ ਨਸ਼ਿਆਂ ਦੀ ਤਸਕਰੀ ਦੇ ਨਾਲ-ਨਾਲ ਹਥਿਆਰਾਂ ਦੀ ਤਸਕਰੀ ਵੀ ਕੀਤੀ ਜਾ ਰਹੀ ਹੈ
ਉਹਨਾਂ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਹਿਚਾਣ ਸੁਖਰਾਜ ਸਿੰਘ ਉਰਫ ਸੁੱਖਾ ਵਾਸੀ ਲੱਖਣਪਾਲ ਗੁਰਦਾਸਪੁਰ, ਭੁਪਿੰਦਰ ਸਿੰਘ ਉਰਫ ਭਿੰਦਾ ਵਾਸੀ ਪਿੰਡ ਝੰਡੇ,ਅੰਮ੍ਰਿਤਸਰ ਅਤੇ ਰਾਜਪਾਲ ਉੱਰਫ ਰਾਜਾ ਵਾਸੀ ਪਿੰਡ ਰਸੂਲਪੁਰ ਅੰਮ੍ਰਿਤਸਰ ਵਜੋਂ ਹੋਈ ਹੈ ਇਸ ਸਾਰੇ ਅਪ੍ਰੇਸ਼ਨ ਦੀ ਅਗਵਾਈ ਏਡੀਜੀਪੀ ਐਸਟੀਐਫ ਹਰਪ੍ਰੀਤ ਸਿੰਘ ਸਿੱਧੂ ਅਤੇ ਹੋਰ ਉਚ ਪੁਲਿਸ ਅਧਿਕਾਰੀਆਂ ਨੇ ਕੀਤੀ ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਪੁਲਿਸ ਵੱਲੋਂ ਤਰਨਤਾਰਨ ਖੇਤਰ ਵਿਚੋਂ ਭਾਰੀ ਮਾਤਰਾ ਵਿੱਚ ਹਥਿਆਰ ਤੇ ਕਥਿਤ ਤੌਰ ‘ਤੇ ਖਾਲਿਸਤਾਨ ਪੱਖੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪੰਜਾਬ ਵਿੱਚ ਮੁੜ ਅੱਤਵਾਦ ਦੀਆਂ ਸਰਗਰਮੀਆਂ ਸ਼ੁਰੂ ਹੋਣ ਦੇ ਮੱਦੇਨਜ਼ਰ ਪੁਲਿਸ ਵਲੋਂ ਭਾਰੀ ਚੌਕਸੀ ਵਰਤੀ ਜਾ ਰਹੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।