ਏਸੀਪੀ, ਕਈ ਪੁਲਿਸ ਮੁਲਾਜ਼ਮ ਤੇ ਕੈਦੀ ਜਖ਼ਮੀ
ਲੁਧਿਆਣਾ (ਸੱਚ ਕਹੂੰ ਨਿਊਜ਼)। ਪੰਜਾਬ ਸਰਕਾਰ ਹਰ ਫਰੰਟ ‘ਤੇ ਫੇਲ੍ਹ ਹੁੰਦੀ ਨਜ਼ਰ ਆ ਰਹੀ ਹੈ। ਬੀਤੇ ਦਿਨੀਂ ਨਾਭਾ ਜ਼ੇਲ੍ਹ ਵਿੱਚ ਹੋਏ ਕਤਲ ਕਾਂਡ ਦਾ ਮਾਮਲਾ ਤਾਂ ਅਜੇ ਸੁਲਝਿਆ ਨਹੀਂ ਹੁਣ ਲੁਧਿਆਣਾ ਦੀ ਜ਼ੇਲ੍ਹ ‘ਚ ਵੀ ਗੋਲੀਬਾਰੀ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਵੀਰਵਾਰ ਦੁਪਹਿਰ ਸਮੇਂ ਤਾਜਪੁਰ ਰੋਡ ‘ਤੇ ਸਥਿੱਤ ਲੁਧਿਆਣਾ ਜੇਲ੍ਹ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਕੈਦੀ ਆਪਸ ਵਿੱਚ ਭਿੜ ਗਏ। ਦੱਸਿਆ ਜਾ ਰਿਹਾ ਹੈ ਕਿ ਕੈਦੀਆਂ ਨੇ ਪਹਿਲਾਂ ਬੈਰਕਾਂ ਅੱਗ ਲਾਈ ਤੇ ਮਾਹੌਲ ਨੂੰ ਤਣਾਅਪੂਰਨ ਬਣਾਉਣ ਦੀ ਕੋਸ਼ਿਸ਼ ਕੀਤੀ।
ਝਗੜੇ ਵਿੱਚ ਦੋ ਦਰਜਨ ਤੋਂ ਵੱਧ ਕੈਦੀ ਜ਼ਖ਼ਮੀ ਹੋ ਗਏ। ਪੁਲਿਸ ਨੇ ਹਾਲਾਤ ਕਾਬੂ ਕਰਨ ਲਈ ਹਵਾਈ ਫਾਇਰ ਕੀਤੇ। ਘਟਨਾ ਵਿੱਚ ਇੱਕ ਕੈਦੀ ਦੀ ਮੌਤ ਦੀ ਵੀ ਖ਼ਬਰ ਹੈ, ਪਰ ਹਾਲੇ ਤਕ ਇਸ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਗਈ।
ਹੰਗਾਮੇ ਦਾ ਲਾਹਾ ਲੈਂਦਿਆਂ ਕਈ ਕੈਦੀਆਂ ਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ। ਭੱਜੇ ਕੈਦੀਆਂ ਨੂੰ ਬਾਅਦ ਵਿੱਚ ਫੜਨ ਦੀ ਖ਼ਬਰ ਹੈ। ਇਸ ਝੜਪ ਦੌਰਾਨ ਲੁਧਿਆਣਾ ਦੇ ਏਸੀਪੀ ਸੰਦੀਪ ਭਡੇਰਾ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ। ਡਿਪਟੀ ਕਮਿਸ਼ਨਰ ਪਰਦੀਪ ਕੁਮਾਰ ਅਗਰਵਾਲ ਵੀ ਮੌਕੇ ‘ਤੇ ਪਹੁੰਚ ਗਏ ਹਨ ਤੇ ਵੱਡੀ ਗਿਣਤੀ ‘ਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਜੇਲ੍ਹ ਦਾ ਸਾਇਰਨ ਵੀ ਵਾਰ-ਵਾਰ ਵਜਾਇਆ ਜਾ ਰਿਹਾ ਹੈ ਤੇ ਹਾਲਾਤ ਕਾਬੂ ਕੀਤੇ ਜਾ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।